ਖੇਤੀਬਾੜੀ ’ਵਰਸਿਟੀ ਦੇ ਨੌਂ ਖੋਜਾਰਥੀਆਂ ਨੂੰ ਪ੍ਰਧਾਨ ਮੰਤਰੀ ਫੈਲੋਸ਼ਿਪ
ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਨਵੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੌਂ ਪ੍ਰਤਿਭਾਸ਼ਾਲੀ ਖੋਜਾਰਥੀਆਂ ਨੂੰ 2024 ਵਿੱਚ ਪੀਐੱਚਡੀ ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟਾਉਣ ਲਈ ਇੱਕ ਵਿਸੇਸ਼ ਸਮਾਗਮ ਕਰਵਾਇਆ ਗਿਆ। ’ਵਰਸਿਟੀ ਅਧਿਕਾਰੀਆਂ ਅਨੁਸਾਰ ਇਹ ਪੀਐੱਚਡੀ ਖੋਜ ਵਾਸਤੇ ਵੱਕਾਰੀ ਫੈਲੋਸ਼ਿਪ ਹੈ, ਜੋ ਨਿੱਜੀ ਜਨਤਕ ਸਾਂਝੇਦਾਰੀ ਰਾਹੀਂ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਅਤੇ ਭਾਰਤੀ ਉਦਯੋਗ ਸੰਘ ਦੁਆਰਾ ਸਾਂਝੇ ਤੌਰ ’ਤੇ ਦਿੱਤੀ ਜਾਂਦੀ ਹੈ। ਫੈਲੋਸ਼ਿਪ ਹਾਸਲ ਕਰਨ ਵਾਲੇ ਖੋਜਾਰਥੀਆਂ ਵਿੱਚ ਅਮਨ ਕੁਮਾਰ, ਆਯੂਸ਼ ਗੁਪਤਾ, ਹਰਵੀਰ ਸਿੰਘ, ਪਰਦੀਪ ਬੈਨੀਵਾਲ, ਰਾਜਵਿੰਦਰ ਕੌਰ, ਰਸ਼ਮਿਤਾ ਸੈਕੀਆ, ਰੁਤੂਪਰਨਾ, ਸੱਤੂ ਮਧੂ ਤੇ ਸ਼ਿਵਾਨੀ ਉਪਾਧਿਆਏ ਦੇ ਨਾਂ ਸ਼ਾਮਲ ਹਨ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਫੈਲੋਸ਼ਿਪ ਦੇ ਜੇਤੂਆਂ ਦੇ ਸਨਮਾਨ ਵਿੱਚ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜੇਤੂਆਂ ਤੇ ਸਲਾਹਕਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨ ਖੋਜਾਰਥੀਆਂ ਨੂੰ ਮੁੱਢਲੇ ਪੜਾਅ ’ਤੇ ਹੀ ਅਜਿਹੀ ਸ਼ਾਨਦਾਰ ਸ਼ੁਰੂਆਤ ਮਿਲਣੀ ਬੜੇ ਮਾਣ ਵਾਲੀ ਗੱਲ ਹੈ।