For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੀ ਔਖੀ ਘੜੀ ’ਚ ਪ੍ਰਧਾਨ ਮੰਤਰੀ ਖੁੱਲ੍ਹਦਿਲੀ ਦਿਖਾਉਣ: ਖੁੱਡੀਆਂ

08:06 AM Jul 20, 2023 IST
ਪੰਜਾਬ ਦੀ ਔਖੀ ਘੜੀ ’ਚ ਪ੍ਰਧਾਨ ਮੰਤਰੀ ਖੁੱਲ੍ਹਦਿਲੀ ਦਿਖਾਉਣ  ਖੁੱਡੀਆਂ
ਹਲਕਾ ਘਨੌਰ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਦੇ ਹੋਏ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਹੋਰ। -ਫੋਟੋ: ਰਾਜੇਸ਼ ਸੱਚਰ
Advertisement

ਦਰਸ਼ਨ ਸਿੰਘ ਮਿੱਠਾ
ਘਨੌਰ, 19 ਜੁਲਾਈ
ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੂੰ ਨਾਲ ਲੈ ਕੇ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਤੇ ਲੋਕਾਂ ਨਾਲ ਗੱਲਬਾਤ ਕੀਤੀ। ਮੰਤਰੀ ਖੁੱਡੀਆਂ ਨੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਮਹਿਦੂਦਾਂ, ਸਰਾਲਾ, ਚਮਾਰੂ, ਜੰਡ ਮੰਘੌਲੀ, ਪਿੱਪਲ ਮੰਘੌਲੀ ਅਤੇ ਸਰਾਲਾ ਨੇੜੇ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ਦੇ ਪਾੜ ਵਾਲੀ ਥਾਂ ਦਾ ਵੀ ਦੌਰਾ ਕਰਕੇ ਅਧਿਕਾਰੀਆਂ ਨੂੰ ਇਸ ਦੇ ਸਥਾਈ ਹੱਲ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਦਰਤੀ ਆਫ਼ਤ ਦੇ ਸਮੇਂ ਪੰਜਾਬ ਦੀ ਮਦਦ ਕਰਨ ਲਈ ਖੁੱਲ੍ਹਦਿਲੀ ਦਿਖਾਉਣ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਜ਼ਾਦੀ ਦੀ ਲੜਾਈ ਵਿਚ ਜਾਨਾਂ ਕੁਰਬਾਨ ਕੀਤੀਆਂ ਅਤੇ ਪੰਜਾਬ ਨੇ ਹਮੇਸ਼ਾ ਦੇਸ਼ ਦੀ ਤਰੱਕੀ ਲਈ ਮੋਹਰੀ ਭੂਮਿਕਾ ਨਿਭਾਈ ਹੈ ਤੇ ਅੱਜ ਜਦ ਸੂਬੇ ’ਤੇ ਹੜ੍ਹਾਂ ਦੀ ਮਾਰ ਕਾਰਨ ਔਖੀ ਘੜੀ ਆਈ ਹੈ ਤਾਂ ਕੇਂਦਰ ਸਰਕਾਰ ਨੂੰ ਵੀ ਮਦਦ ਲਈ ਖੁੱਲ੍ਹਦਿਲੀ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਕਾਰਨ ਹੁੰਦੀ ਤਬਾਹੀ ਦਾ ਮੁੱਦਾ ਵੀ ਕੇਂਦਰ ਸਰਕਾਰ ਕੋਲ ਉਠਾਏਗੀ ਤਾਂ ਜੋ ਇਸ ਦਾ ਸਥਾਈ ਹੱਲ ਹੋ ਸਕੇ। ਉਨ੍ਹਾਂ ਹੜ੍ਹ ਦੌਰਾਨ ਮਦਦ ਕਰਨ ਵਾਲ਼ਿਆਂ ਖ਼ਾਸ ਕਰ ਨੌਜਵਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦੀ ਹੜ੍ਹਾਂ ਕਾਰਨ ਝੋਨੇ ਫ਼ਸਲ ਖ਼ਰਾਬ ਹੋਈ ਹੈ, ਉਹ ਝੋਨੇ ਦੀ ਪਨੀਰੀ ਲੈਣ ਲਈ ਦਨਿ ਸਮੇਂ ਫ਼ੋਨ ਨੰਬਰ 77106-65725 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਸੂਬੇ ਵਿਚ ਜ਼ਿਲ੍ਹਾ ਪੱਧਰ ’ਤੇ ਪਸ਼ੂ ਮੇਲੇ ਜਲਦੀ ਲੱਗਣੇ ਸ਼ੁਰੂ ਹੋਣਗੇ ਅਤੇ ਬਾਅਦ ’ਚ ਇਹ ਮੇਲੇ ਬਲਾਕ ਪੱਧਰ ’ਤੇ ਵੀ ਲੱਗਣਗੇ। ਉਨ੍ਹਾਂ ਨਘਨੌਰ ਮੰਡੀ ਨੂੰ ਸਾਰੇ ਸੀਜ਼ਨਾਂ ਲਈ ਪੱਕੀ ਮੰਡੀ ਵਜੋਂ ਵਿਕਸਤ ਕਰਨ, ਮਰਦਾਂਪੁਰ ਵਿੱਚ ਧੂਰੀ ਖੰਡ ਮਿੱਲ ਲਈ ਗੰਨੇ ਦਾ ਡੰਪ ਬਣਾਉਣ, ਘਨੌਰ ਵਿੱਚ ਪਸ਼ੂ ਮੇਲਾ ਕਰਵਾਉਣ ਅਤੇ ਮਹਿਦੂਦਾਂ ਮਾਈਨਰ ਹੇਠ ਸਾਈਫ਼ਨ ਬਣਾਉਣ ਸਮੇਤ ਵਿਧਾਇਕ ਗੁਰਲਾਲ ਘਨੌਰ ਵੱਲੋਂ ਰੱਖੀਆਂ ਹੋਰ ਮੰਗਾਂ ਮੰਨਣ ਦਾ ਭਰੋਸਾ ਦਿੱਤਾ।
ਖੇਤੀ ਮੰਤਰੀ ਦੇ ਦੌਰੇ ਦੌਰਾਨ ਐੱਸਡੀਐੱਮ ਰਾਜਪੁਰਾ ਪਰਲੀਨ ਕੌਰ ਬਰਾੜ, ਡੀਐੱਸਪੀ ਰਘਬੀਰ ਸਿੰਘ, ਮੁੱਖ ਖੇਤੀ ਅਫ਼ਸਰ ਡਾ. ਗੁਰਨਾਮ ਸਿੰਘ, ਸਹਾਇਕ ਗੰਨਾ ਵਿਕਾਸ ਅਫ਼ਸਰ ਗੁਰਦੇਵ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਚਰਨ ਸਿੰਘ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Advertisement

Advertisement
Tags :
Author Image

Advertisement
Advertisement
×