For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੂਸ ਦੌਰਾ ਅੱਜ

07:05 AM Jul 08, 2024 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੂਸ ਦੌਰਾ ਅੱਜ
Advertisement

ਜਯੋਤੀ ਮਲਹੋਤਰਾ
ਚੰਡੀਗੜ੍ਹ, 7 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਦੀ ਦੁਪਹਿਰ ਨੂੰ ਜਦੋਂ ਰੂਸ ਪੁੱਜਣਗੇ ਤਾਂ ਮਾਸਕੋ ਦੇ ਉਪ ਨਗਰ ਨੋਵੋ ਓਗਾਰੇਵੋ ਸਥਿਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਡਾਚੇ ’ਤੇ ਉਨ੍ਹਾਂ ਨਾਲ ਭੋਜਨ ਕਰਨਗੇ। ਇਹ ਪੂਤਿਨ ਵੱਲੋਂ ਇੱਕ ‘ਅਸਾਧਾਰਨ ਤੇ ਅਹਿਮ’ ਇਸ਼ਾਰਾ ਹੈ ਜੋ ਦੋਵਾਂ ਆਗੂਆਂ ਨੂੰ ਕਰੈਮਲਿਨ ’ਚ ਸਿਖਰ ਵਾਰਤਾ ਤੋਂ ਇੱਕ ਦਿਨ ਪਹਿਲਾਂ ਨਿੱਜੀ ਮੁਲਾਕਾਤ ਦਾ ਮੌਕਾ ਦੇਵੇਗਾ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੋਦੀ ਦੀ ਯਾਤਰਾ ਤੋਂ ਦੁਵੱਲੇ ਸਬੰਧਾਂ ਦੇ ਮੁੜ ਤੋਂ ਸਥਾਪਤ ਹੋਣ ਦੀ ਉਮੀਦ ਹੈ ਜੋ ਦੋ ਸਾਲ ਪਹਿਲਾਂ ਯੂਕਰੇਨ ’ਤੇ ਰੂਸ ਦੇ ਹਮਲੇ ਕਾਰਨ ਸੰਕਟ ’ਚੋਂ ਲੰਘ ਰਹੇ ਹਨ। ‘ਦਿ ਟ੍ਰਿਬਿਊਨ’ ਨੇ ਪ੍ਰਧਾਨ ਮੰਤਰੀ ਮੋਦੀ ਦੀ ਰੂਸ ਯਾਤਰਾ ਸਬੰਧੀ ਖ਼ਬਰ ਪ੍ਰਕਾਸ਼ਤ ਕੀਤੀ ਸੀ।
ਰੂਸ ’ਚ ਭਾਰਤ ਦੇ ਸਾਬਕਾ ਸਫ਼ੀਰ ਵੈਂਕਟੇਸ਼ ਵਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਕੂਟਨੀਤਕ ਹੈ ਕਿਉਂਕਿ ਇਸ ਰਣਨੀਤਕ ਭਾਈਵਾਲੀ ’ਚ ਕੁਝ ਸਥਾਈ ਚੀਜ਼ਾਂ ਵੀ ਹਨ। ਆਲਮੀ ਤਬਦੀਲੀਆਂ ਦੇ ਬਾਵਜੂਦ ਰਣਨੀਤਕ ਭਾਈਵਾਲੀ ਦੇ ਲੋੜੀਂਦੇ ਸਰੋਤ ਸਥਿਰ ਤੇ ਠੋਸ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਜਾਣਦੇ ਹਨ ਕਿ ਭੂ-ਰਾਜਨੀਤਿਕ ਦ੍ਰਿਸ਼ਟੀਕੋਣਾਂ ਨੂੰ ਦੇਖਦਿਆਂ ਉਨ੍ਹਾਂ ਦੇ ਹਿੱਤ ਇੱਕ ਸਮਾਨ ਹਨ।
ਰੂਸੀ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਜ਼ਮੀਰ ਕਾਬੁਲੋਵ ਨੇ ਕਿਹਾ, ‘‘ਪ੍ਰਧਾਨ ਮੰਤਰੀ ਦੀ ਵਾਪਸੀ ਤੋਂ ਪਹਿਲਾਂ ਸਾਂਝੇ ਬਿਆਨ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸਨੂੰ ‘ਵਿਜ਼ਨ ਡਾਕੂਮੈਂਟ’ ਵੀ ਕਿਹਾ ਜਾ ਸਕਦਾ ਹੈ, ਜਿਸ ਦਾ ਮੰਤਵ ਦੁਵੱਲੇ ਸਬੰਧਾਂ ਨੂੰ ‘ਅਗਲੇ ਦਹਾਕੇ ਜਾਂ ਇਸ ਤੋਂ ਵੱਧ ਸਮੇਂ ਲਈ ਆਪਸੀ ਸਹਿਯੋਗ ਅਤੇ ਵਿਕਾਸ ਦੇ ਨਜ਼ਰੀਏ ਨਾਲ ਪੇਸ਼ ਕਰਨਾ ਹੈ।’ ਕਾਬੁਲੋਵ ਨੇ ਹਾਲ ਹੀ ਵਿੱਚ ਮਾਸਕੋ ਵਿੱਚ ਇਸ ਰਿਪੋਰਟਰ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਦਾ ਦੌਰਾ ਸਮਝੌਤਿਆਂ ’ਤੇ ਦਸਤਖ਼ਤ ਕਰਨ ਸਬੰਧੀ ਨਹੀਂ ਹੈ, ਸਗੋਂ ਭਵਿੱਖ ਦੇ ਸਹਿਯੋਗ ਦੇ ਖ਼ਾਕੇ ਬਾਰੇ ਹੈ। ਉਨ੍ਹਾਂ ਕਿਹਾ ਕਿ ਰੂਸ ਨੂੰ ਉਮੀਦ ਹੈ ਕਿ ਭਾਰਤ ‘ਰੂਸ ਦੀ ਕੀਮਤ ਉਤੇ’ ਅਮਰੀਕਾ ਵਰਗੇ ਕਿਸੇ ਹੋਰ ਮੁਲਕ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਦੋਵਾਂ ਮੁਲਕਾਂ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਵੱਲੋਂ ਰੂਸੀ ਸੈਨਾ ਵਿੱਚ ਲੜ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ’ਤੇ ਵੀ ਜ਼ੋਰ ਦਿੱਤੇ ਜਾਣ ਦੀ ਉਮੀਦ ਹੈ। ਰੂਸ ਵਿੱਚ ਭਾਰਤ ਦੇ ਰਾਜਦੂਤ ਵਿਨੈ ਕੁਮਾਰ ਨੇ ਪੱਤਰਕਾਰਾਂ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਾਸਕੋ ਵਿੱਚ ਸਥਿਤ ਭਾਰਤੀ ਦੂਤਾਵਾਸ ਤੇਜਪਾਲ ਸਿੰਘ ਤੇ ਇੱਕ ਹੋਰ ਭਾਰਤੀ ਦੀਆਂ ਦੇਹਾਂ ਜਲਦੀ ਤੋਂ ਜਲਦੀ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਨਾਲ ਸਬੰਧਤ ਨੌਜਵਾਨ ਤੇਜਪਾਲ ਸਿੰਘ ਅਤੇ ਇਕ ਹੋਰ ਭਾਰਤੀ ਨਾਗਰਿਕ ਦੀ ਹਾਲ ਹੀ ਵਿੱਚ ਯੂਕਰੇਨ ਦੇ ਸ਼ਹਿਰ ਜ਼ਾਪੋਰਿਜ਼ੀਆ ਵਿੱਚ ਜੰਗ ਲੜਦਿਆਂ ਮੌਤ ਹੋ ਗਈ ਸੀ। ਰਾਜਦੂਤ ਵਿਨੈ ਕੁਮਾਰ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਰੂਸੀ ਫ਼ੌਜ ਵਿੱਚ ਸ਼ਾਮਲ ਹੋਣ ਵਾਲੇ ਕਰੀਬ 50 ਭਾਰਤੀ ਨਾਗਰਿਕਾਂ ਦੀ ਸੂਚੀ ਉਨ੍ਹਾਂ ਕੋਲ ਹੈ। ਇਨ੍ਹਾਂ ਵਿੱਚੋਂ ਤੇਜਪਾਲ ਸਿੰਘ ਸਮੇਤ ਦੋ ਭਾਰਤੀਆਂ ਦੀ ਬਦਕਿਸਮਤੀ ਨਾਲ ਯੂਕਰੇਨ ’ਚ ਜੰਗ ਦੌਰਾਨ ਮੌਤ ਹੋ ਚੁੱਕੀ ਹੈ ਅਤੇ ਉਹ ਉਨ੍ਹਾਂ ਦੀਆਂ ਦੇਹਾਂ ਵਤਨ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੇ ਹਨ।

Advertisement

ਮੋਦੀ ਦੀ ਯਾਤਰਾ ’ਤੇ ਪੱਛਮ ਨੇੜਿਓਂ ਰੱਖ ਰਿਹੈ ਨਜ਼ਰ: ਰੂਸ

ਕਰੈਮਲਿਨ ਦੇ ਤਰਜਮਾਨ ਦਮਿਤਰੀ ਪੈਸਕੋਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਯਾਤਰਾ ’ਤੇ ਪੱਛਮੀ ਮੁਲਕ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ, ‘ਉਹ (ਪੱਛਮੀ ਸਿਆਸਤਦਾਨ) ਈਰਖਾ ਕਰ ਰਹੇ ਹਨ। ਉਹ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਵੱਲੋਂ ਨੇੜਿਓਂ ਕੀਤੀ ਜਾ ਰਹੀ ਨਿਗਰਾਨੀ ਦਾ ਮਤਲਬ ਹੈ ਕਿ ਇਹ ਯਾਤਰਾ ਉਨ੍ਹਾਂ ਲਈ ਬਹੁਤ ਅਹਿਮ ਹੈ ਅਤੇ ਉਨ੍ਹਾਂ ਨੂੰ ਜਾਪਦਾ ਹੈ ਕਿ ਇਸ ਦੌਰਾਨ ਕੁਝ ਬਹੁਤ ਹੀ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ।’

Advertisement

ਯੂਕਰੇਨ ’ਚ ਮਾਰੇ ਗਏ ਦੋ ਭਾਰਤੀਆਂ ਦੀਆਂ ਲਾਸ਼ਾਂ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ

* ਮਾਸਕੋ ਵਿਚਲੀ ਭਾਰਤੀ ਅੰਬੈਸੀ ਅੰਮ੍ਰਿਤਸਰ ਦੇ ਤੇਜਪਾਲ ਅਤੇ ਹਾਲ ਹੀ ਵਿੱਚ ਹਲਾਕ ਹੋਏ ਇੱਕ ਹੋਰ ਭਾਰਤੀ ਦੀਆਂ ਮ੍ਰਿਤਕ ਦੇਹਾਂ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਇਹ ਦੋਵੇਂ ਯੂਕਰੇਨ ’ਚ ਰੂਸ ਵੱਲੋਂ ਲੜਦੇ ਹੋਏ ਮਾਰੇ ਗਏ ਸਨ।

* ਭਾਰਤੀ ਸਫੀਰ ਵਿਨੈ ਕੁਮਾਰ ਨੇ ਕਿਹਾ, ‘ਸਾਡੇ ਕੋਲ 50 ਦੇ ਕਰੀਬ ਭਾਰਤੀਆਂ ਦੀ ਸੂਚੀ ਹੈ ਜੋ ਰੂਸੀ ਫੌਜ ਵਿੱਚ ਭਰਤੀ ਹੋਏ ਸਨ। ਦੋ ਜੰਗ ਵਿੱਚ ਫੌਤ ਹੋ ਚੁੱਕੇ ਹਨ। ਅਸੀਂ ਉਨ੍ਹਾਂ ਦੀਆਂ ਲਾਸ਼ਾਂ ਵਾਪਸ ਲਿਆਉਣ ਦੀ ਪ੍ਰਕਿਰਿਆ ’ਚ ਜੁਟੇ ਹੋਏ ਹਾਂ।’

Advertisement
Author Image

sukhwinder singh

View all posts

Advertisement