ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ੍ਰੀਨਗਰ ’ਚ ਰੈਲੀ ਅੱਜ
ਸ੍ਰੀਨਗਰ/ਨਵੀਂ ਦਿੱਲੀ, 6 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਾਰਾ 370 ਮਨਸੂਖ ਕੀਤੇ ਜਾਣ ਮਗਰੋਂ ਵੀਰਵਾਰ ਨੂੰ ਕਸ਼ਮੀਰ ਦੀ ਆਪਣੀ ਪਲੇਠੀ ਫੇਰੀ ਦੌਰਾਨ 6400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਸ੍ਰੀਨਗਰ ਦੇ ਬਖ਼ਸ਼ੀ ਸਟੇਡੀਅਮ ਵਿਚ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਅਧਿਕਾਰਤ ਬਿਆਨ ਮੁਤਾਬਕ ਸ੍ਰੀ ਮੋਦੀ ਸ੍ਰੀਨਗਰ ਦੇ ਸਟੇਡੀਅਮ ਵਿਚ ‘ਵਿਕਸਤ ਭਾਰਤ ਵਿਕਸਤ ਜੰਮੂ ਕਸ਼ਮੀਰ’ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਖੇਤੀ ਅਰਥਚਾਰੇ ਨੂੰ ਹੁਲਾਰੇ ਲਈ 5000 ਕਰੋੜ ਰੁਪਏ ਦੀ ਲਾਗਤ ਵਾਲੀਆਂ ਪੇਸ਼ਕਦਮੀਆਂ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਦੇ ਤਜਵੀਜ਼ਤ ਦੌਰੇ ਦੇ ਮੱਦੇਨਜ਼ਰ ਰੂਟ ’ਤੇ ਪੈਂਦੇ ਸ੍ਰੀਨਗਰ ਦੇ ਕਈ ਸਕੂਲ ਬੁੱਧਵਾਰ ਤੇ ਵੀਰਵਾਰ ਲਈ ਬੰਦ ਕਰ ਦਿੱਤੇ ਗਏ ਹਨ। ਵੀਰਵਾਰ ਨੂੰ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਅਗਲੇ ਮਹੀਨੇ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਸ੍ਰੀ ਮੋਦੀ ਸੈਰ-ਸਪਾਟਾ ਸੈਕਟਰ ਵਿਚ ਵੀ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਤੇ ਜੰਮੂ ਕਸ਼ਮੀਰ ਵਿਚ ਸਰਕਾਰੀ ਨੌਕਰੀਆਂ ਪਾਉਣ ਵਾਲੇ 1000 ਨਵੇਂ ਰੰਗਰੂਟਾਂ ਨੂੰ ਨਿਯੁਕਤੀ ਪੱਤਰ ਵੀ ਵੰਡਣਗੇ। -ਪੀਟੀਆਈ