For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਕਰਨਗੇ ਰੂਸ ਦੌਰਾ

07:01 AM Jun 25, 2024 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਕਰਨਗੇ ਰੂਸ ਦੌਰਾ
Advertisement

ਜਯੋਤੀ ਮਲਹੋਤਰਾ
ਮਾਸਕੋ, 24 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਮਾਸਕੋ (ਰੂਸ) ਦਾ ਇੱਕ ਰੋਜ਼ਾ ਦੌਰਾ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਦੌਰਾ ਭਾਰਤ ਅਤੇ ਰੂਸ ਵਰਗੇ ਇਤਿਹਾਸਕ ਭਾਈਵਾਲਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ ਜੋ ਤੇਜ਼ੀ ਨਾਲ ਬਦਲ ਰਹੇ ਨਵੇਂ ਆਲਮੀ ਢਾਂਚੇ ਵਿੱਚ ਨਵੀਆਂ ਭਾਈਵਾਲੀਆਂ ਤਲਾਸ਼ ਰਹੇ ਹਨ।
ਮੋਦੀ ਦਾ ਇਹ ਦੌਰਾ ਅਹਿਮ ਹੈ ਕਿਉਂਕਿ ਇਹ ਸਿਰਫ ਰੂਸ ਦਾ ਹੀ ਦੌਰਾ ਹੈ ਜਿਸ ਨੂੰ ਬਰਿਕਸ ਸੰਮੇਲਨ ਨਾਲ ਨਹੀਂ ਜੋੜਿਆ ਜਾ ਰਿਹਾ ਹੈ, ਜਿਹੜਾ ਅਕਤੂਬਰ ਮਹੀਨੇ ਕਜ਼ਾਨ ’ਚ ਹੋਣ ਦੀ ਉਮੀਦ ਹੈ। ਦੂਜੇ ਪਾਸੇ ਇਹ ਦੌਰਾ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੇ ਸਰਕਾਰ ਦਾ ਕੰਮਕਾਰ ਸੰਭਾਲਣ ਬਾਅਦ ਹੋ ਰਿਹਾ ਹੈ। ਉਧਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀ ਮਾਰਚ ਵਿੱਚ ਪੰਜਵੀਂ ਵਾਰ ਮੁੜ ਰਾਸ਼ਟਰਪਤੀ ਚੁਣੇ ਗਏ ਹਨ।
ਨਰਿੰਦਰ ਮੋਦੀ ਦੇ ਆਖਰੀ ਵਾਰ ਰੂਸ ਆਉਣ ਬਾਅਦ ਦੁਵੱਲੇ ਸਬੰਧਾਂ ’ਚ ਕਾਫੀ ਤਬਦੀਲੀ ਆਈ ਹੈ। ਉਨ੍ਹਾਂ ਨੇ ਆਖਰੀ ਵਾਰ 2019 ’ਚ ਵਲਾਦੀਵੋਸਤੋਕ ਅਤੇ ਉਸ ਤੋਂ ਪਹਿਲਾਂ 2105 ਵਿੱਚ ਮਾਸਕੋ ਦਾ ਦੌਰਾ ਕੀਤਾ ਸੀ।
ਯੂਕਰੇਨ ’ਤੇ ਰੂਸੀ ਹਮਲੇ ਦੇ ਦੋ ਸਾਲ ਹੋ ਚੁੱਕੇ ਹਨ, ਪਰ ਇਸ ਹਮਲੇ ਦੇ ਮੱਦੇਨਜ਼ਰ ਭਾਰਤ ਲਈ ਰੂਸੀ ਰਿਆਇਤੀ ਕੱਚੇ ਤੇਲ ਦੀ ਵਿਕਰੀ ਬਹੁਤ ਅਹਿਮ ਰਹੀ ਹੈ ਕਿਉਂਕਿ ਦਰਾਮਦਸ਼ੁਦਾ ਕੱਚੇ ਤੇਲ ਦੇ ਸਭ ਤੋਂ ਵੱਡੇ ਸਰੋਤ ਵਜੋਂ ਰੂਸ , ਸਾਊਦੀ ਅਰਬ ਦੀ ਥਾਂ ਲੈ ਚੁੱਕਾ ਹੈ। ਰੂਸੀ ਤੇਲ ਵਪਾਰ ’ਤੇ ਅਮਰੀਕੀ ਪਾਬੰਦੀਆਂ ਭਾਵੇਂ ਸਖ਼ਤ ਕਰ ਦਿੱਤੀਆਂ ਗਈਆਂ ਹਨ ਪਰ ਭਾਰਤ ਦੀ ਤੇਲ ਖਰੀਦ ਹਰ ਮਹੀਨੇ ਵਧੀ ਹੈ।
ਬਾਜ਼ਾਰੀ ਵਸਤਾਂ ਦਾ ਮੁਲਾਂਕਣ ਕਰਨ ਵਾਲੀ ਕੰਪਨੀ ਕਪਲੇਰ ਮੁਤਾਬਕ ਭਾਰਤ ’ਚ ਤੇਲ ਦੀ ਖ਼ਰੀਦ ਹਰ ਮਹੀਨੇ ਵਧੀ ਹੈ। ਇਸ ਸਾਲ ਮਾਰਚ ਮਹੀਨੇ ਡਲਿਵਰੀ ਦੀ ਮਾਤਰਾ ਫਰਵਰੀ ਦੀ ਤੁਲਨਾ ’ਚ 6 ਫ਼ੀਸਦ ਵਧ ਕੇ 17 ਲੱਖ ਬੈਰਲ ਪ੍ਰਤੀ ਦਿਨ ਹੋ ਗਈ, ਜੋ ਕਿ ਚਾਰ ਮਹੀਨਿਆਂ ’ਚ ਸਭ ਤੋਂ ਵੱਧ ਹੈ। ਅਪਰੈਲ ਹੋਰ ਵੀ ਅਹਿਮ ਰਿਹਾ, ਕਿਉਂਕਿ ਭਾਰਤੀ ਰਿਫਾਇਨਰੀਆਂ ਨੇ ਰੂਸ ਦੀ ਸਰਕਾਰੀ ਕੰਟਰੋਲ ਵਾਲੇ ਤੇਲ ਸ਼ਿਪਿੰਗ ਸਿੰਡੀਕੇਟ ਸੋਵਕੋਮਫਲੋਟ ’ਤੇ ਪੱਛਮੀ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਰੋਜ਼ਾਨਾ 19.6 ਲੱਖ ਬੈਰਲ ਤੇਲ ਖਰੀਦਿਆ ਜੋ ਪਿਛਲੇ ਸਾਲ ਜੁਲਾਈ ਤੋਂ ਲੈ ਕੇ ਸਭ ਤੋਂ ਵੱਧ ਹੈ। ਭਾਰਤ ਦੇ ਕੱਚੇ ਤੇਲ ਦੀ ਕੁੱਲ ਦਰਾਮਦ ’ਚ 40 ਫ਼ੀਸਦ ਤੋਂ ਵੱਧ ਹਿੱਸਾ ਰੂਸ ਦਾ ਹੈ।
ਇਸ ਤੋਂ ਇਲਾਵਾ ਰੂਸੀ ਹਥਿਆਰਾਂ ਤੇ ਪੁਰਜ਼ਿਆਂ ’ਤੇ ਭਾਰਤੀ ਨਿਰਭਰਤਾ ਜਿਹੜੀ ਕਈ ਸਾਲਾਂ ਤੋਂ ਘਟ ਰਹੀ ਹੈ, ਹਾਲੇ ਬਹੁਤ ਅਹਿਮ ਹੈ ਕਿਉਂਕਿ ਇਸ ਨੂੰ ਛੱਡਿਆ ਨਹੀਂ ਜਾ ਸਕਦਾ। ਰੂੁਸ ਦੇ ਹਥਿਆਰ ਪੱਛਮੀ ਹਥਿਆਰਾਂ ਨਾਲੋਂ ਬਹੁਤ ਸਸਤੇ ਹਨ ਅਤੇ ਭਾਰਤੀ ਹਥਿਆਰਬੰਦ ਫੌਜਾਂ ਦਹਾਕਿਆਂ ਤੋਂ ਇਨ੍ਹਾਂ ਨੂੰ ਵਰਤ ਰਹੀਆਂ ਹਨ। ਇਸ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਭਾਰਤ ਬੀਤੇ ਦੋ ਵਰ੍ਹਿਆਂ ਤੋਂ ਰੂਸ ਨਾਲ ਆਪਣੇ ਸਬੰਧਾਂ ’ਚ ਤਵਾਜ਼ਨ ਬਣਾ ਕੇ ਚੱਲ ਰਿਹਾ ਹੈ ਜਦਕਿ ਉਸ ਨੂੰ ਪਤਾ ਹੈ ਕਿ ਅਮਰੀਕਾ ਉਸ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਯੂਕਰੇਨ ’ਤੇ ਰੂਸੀ ਹਮਲੇ ਦੀ ਨਿਖੇਧੀ ਤੋਂ ਵੀ ਇਨਕਾਰ ਕੀਤਾ ਸੀ ਤੇ ਸਿਰਫ ਇਹੀ ਕਿਹਾ ਸੀ ਕਿ ‘‘ਹਰ ਤਰ੍ਹਾਂ ਦਾ ਹਮਲਾ ਤੇ ਜੰਗ ਮਾੜੀ ਹੈ।’’ ਸਵਿਟਜ਼ਰਲੈਂਡ ’ਚ ਹਾਲ ਹੀ ’ਚ ਹੋਏ ਸਿਖਰ ਸੰਮੇਲਨ ਦੇ ਅਖੀਰ ’ਚ ਜਾਰੀ ਯੂਕਰੇਨ ਪੱਖੀ ਬਿਆਨ ’ਤੇ ਦਸਤਖ਼ਤ ਕਰਨ ਤੋਂ ਵੀ ਭਾਰਤ ਨੇ ਇਨਕਾਰ ਕਰ ਦਿੱਤਾ ਸੀ। ਇਸੇ ਦੌਰਾਨ ਰੂਸ-ਚੀਨ ਦੇ ਵਧਦੇ ਸਬੰਧਾਂ ’ਤੇ ਨਜ਼ਰ ਰੱਖਣੀ ਹੋਵੇਗੀ, ਕਿਉਂਕਿ ਇਹ ਇੱਕ ਅਜਿਹਾ ਤੱਥ ਹੈ ਜਿਸ ਨੂੰ ਭਾਰਤ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਮਾਹਿਰਾਂ ਦਾ ਕਹਿਣਾ ਹੈ ਕਿ ਜੁਲਾਈ ਦੇ ਸ਼ੁਰੂ ’ਚ ਜਦੋਂ ਪੂਤਿਨ ਕਰੈਮਲਿਨ ’ਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨਗੇ ਤਾਂ ਭਾਰਤ ਦੇ ਰਣਨੀਤਕ ਹਿੱਤ ਭਾਰੂ ਰਹਿਣਗੇ।

Advertisement

* ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰੂਸ ਦਾ ਪਹਿਲਾ ਦੌਰਾ ਹੋਣ ਕਰ ਕੇ ਇਹ ਅਹਿਮ ਮੰਨਿਆ ਜਾ ਰਿਹਾ ਹੈ।
* ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਯੂਕਰੇਨ ਨਾਲ ਚੱਲ ਰਹੇ ਟਕਰਾਅ ਦੇ ਬਾਵਜੂਦ ਭਾਰਤ, ਰੂਸ ਨਾਲ ਆਪਣੇ ਸਬੰਧਾਂ ’ਚ ਸੰਤੁਲਨ ਬਣਾ ਕੇ ਚੱਲ ਰਿਹਾ ਹੈ।
* ਅਮਰੀਕਾ ਦੀਆਂ ਪਾਬੰਦੀਆਂ ਦੇ ਬਾਵਜੂਦ ਤੇਲ ਤੇ ਹਥਿਆਰਾਂ ਸਬੰਧੀ ਰੂਸ ’ਤੇ ਨਿਰਭਰਤਾ ਨੂੰ ਘਟਾਉਣਾ ਭਾਰਤ ਨੂੰ ਵਾਰਾ ਨਹੀਂ ਖਾਂਦਾ।

Advertisement
Author Image

joginder kumar

View all posts

Advertisement
Advertisement
×