ਪ੍ਰਧਾਨ ਮੰਤਰੀ ਮੋਦੀ ਵੱਲੋਂ ਫਰਾਂਸ ਦਾ ਦੋ ਰੋਜ਼ਾ ਦੌਰਾ ਅੱਜ ਤੋਂ
ਨਵੀ ਦਿੱਲੀ, 12 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਤੇ 14 ਜੁਲਾਈ ਨੂੰ ਫਰਾਂਸ ਦਾ ਦੌਰਾ ਕਰਨਗੇ ਅਤੇ ਦੇਸ਼ ਪਰਤਣ ਤੋਂ ਪਹਿਲਾਂ 15 ਜੁਲਾਈ ਨੂੰ ਅਬੂਧਾਬੀ ਜਾਣਗੇ ਜਿਥੇ ਉਹ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਅਤੇ ਅਬੂਧਾਬੀ ਦੇ ਸ਼ਾਸਕ ਸ਼ੇਖ ਮੁਹੰਮਦ ਬਨਿ ਜਾਏਦ ਅਲ ਨਹਿਯਾਨ ਨਾਲ ਊਰਜਾ, ਖੁਰਾਕ ਸੁਰੱਖਿਆ ਤੇ ਰੱਖਿਆ ਸਣੇ ਹੋਰਨਾਂ ਮੁੱਦਿਆਂ ਬਾਰੇ ਦੋਹਾਂ ਦੇਸ਼ਾਂ ਵਿਚਾਲੇ ਭਾਈਚਾਰਕ ਸਾਂਝ ਨੂੰ ਅੱਗੇ ਵਧਾਉਣ ਬਾਰੇ ਚਰਚਾ ਕਰਨਗੇ। ਭਾਰਤੀ ਵਿਦੇਸ਼ ਸਕੱਤਰ ਵਨਿੈ ਕਵਾਤਰਾ ਨੇ ਦੱਸਿਆ ਕਿ ਸ੍ਰੀ ਮੋਦੀ ਦੀ ਫਰਾਂਸ ਯਾਤਰਾ ਦੋਹਾਂ ਦੇਸ਼ਾਂ ਵਿਚਾਲੇ ਰਣਨੀਤਕ ਸਾਂਝ ਵਧਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਗੱਲਬਾਤ ਦਾ ਮੁੱਦਾ ਮੁੱਖ ਤੌਰ ’ਤੇ ਰੱਖਿਆ ਖੇਤਰ ’ਤੇ ਕੇਂਦਰਿਤ ਹੋਵੇਗਾ। ਇਸੇ ਦੌਰਾਨ ਭਾਰਤ ਵੱਲੋਂ ਜਲ ਸੈਨਾ ਵਿੱਚ ਵਰਤੇ ਜਾਣ ਵਾਲੇ 26 ਰਾਫਾਲ ਜੈੱਟ ਖਰੀਦਣ ਤੇ ਦੋਹਾਂ ਦੇਸ਼ਾਂ ਵੱਲੋਂ ਸਾਂਝੇ ਤੌਰ ’ਤੇ ਜੰਗੀ ਜਹਾਜ਼ਾਂ ਦੇ ੲਿੰਜਨ ਤਿਆਰ ਕਰਨ ਬਾਰੇ ਸਮਝੌਤੇ ਦਾ ਐਲਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਫਰਾਂਸ ਦੇ ਕੁਝ ਸ਼ਹਿਰਾਂ ਵਿੱਚ ਹਾਲ ਹੀ ਵਿੱਚ ਜੋ ਹਿੰਸਕ ਘਟਨਾਵਾਂ ਵਾਪਰੀਆਂ ਸਨ, ਉਹ ਇਸ ਦੇਸ਼ ਦਾ ਅੰਦਰੂਨੀ ਮਾਮਲਾ ਹੈ ਤੇ ਇਸ ਦਾ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ’ਤੇ ਕੋਈ ਅਸਰ ਨਹੀਂ ਪਏਗਾ। ਫਰਾਂਸ ਦੀ ਯਾਤਰਾ ਪੂਰੀ ਕਰਨ ਮਗਰੋਂ ਉਹ ਅਬੂਧਾਬੀ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਫਰਾਂਸ ਦਾ ਦੌਰਾ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੇ ਸੱਦੇ ’ਤੇ ਕੀਤਾ ਜਾ ਰਿਹਾ ਹੈ। ਸ੍ਰੀ ਮੋਦੀ 14 ਜੁਲਾਈ ਨੂੰ ਫਰਾਂਸ ਵਿੱਚ ਬੈਸਿਟਲ ਦਿਵਸ ਪਰੇਡ ਵਿੱਚ ਬਤੌਰ ਵਿਸ਼ੇਸ਼ ਮਹਿਮਾਨ (ਗੈਸਟ ਆਫ ਆਨਰ) ਸ਼ਾਮਲ ਹੋਣਗੇ। ਇਸ ਪਰੇਡ ਵਿੱਚ ਭਾਰਤੀ ਫੌਜ ਦੀਆਂ ਤਿੰਨਾਂ ਅੰਗਾਂ ਦੀ ੲਿਕ ਟੁਕੜੀ ਵੀ ਸ਼ਮੂਲੀਅਤ ਕਰੇਗੀ। ਮੋਦੀ ਫਰਾਂਸ ਦੇ ਪ੍ਰਧਾਨ ਮੰਤਰੀ ਅਤੇ ਸੈਨੇਟਾਂ ਤੇ ਕੌਮੀ ਅਸੈਂਬਲੀ ਦੇ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। -ਪੀਟੀਆਈ