ਪ੍ਰਧਾਨ ਮੰਤਰੀ ਮੋਦੀ ਵੱਲੋਂ ਪੈਰਾਲੰਪਿਕ ਚੈਂਪੀਅਨਾਂ ਨਾਲ ਮੁਲਾਕਾਤ
ਨਵੀਂ ਦਿੱਲੀ, 12 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਆਪਣੀ ਰਿਹਾਇਸ਼ ’ਤੇ ਭਾਰਤ ਦੇ ਪੈਰਾਲੰਪੀਅਨਾਂ ਨਾਲ ਮੁਲਾਕਾਤ ਕੀਤੀ ਅਤੇ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਖੇਡਾਂ ਵਿੱਚ ਰਿਕਾਰਡ 29 ਤਗ਼ਮੇ ਜਿੱਤਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਖੇਡ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ 43 ਸੈਕਿੰਡ ਦੀ ਵੀਡੀਓ ਵਿੱਚ ਪ੍ਰਧਾਨ ਮੰਤਰੀ ਨੂੰ ਪੈਰਾਲੰਪੀਅਨ ਮੈਡਲ ਜੇਤੂਆਂ ਨੂੰ ਵਧਾਈ ਦਿੰਦਿਆਂ ਅਤੇ ਗੱਲਬਾਤ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਗੱਲਬਾਤ ਦੌਰਾਨ ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਪੈਰਾਲੰਪਿਕ ਕਮੇਟੀ ਆਫ ਇੰਡੀਆ (ਪੀਸੀਆਈ) ਦੇ ਮੁਖੀ ਦੇਵੇਂਦਰ ਝਾਜਰੀਆ ਵੀ ਮੌਜੂਦ ਸਨ।
ਮਹਿਲਾ 10 ਮੀਟਰ ਏਅਰ ਰਾਈਫਲ (ਐੱਸਐੱਸ1) ਈਵੈਂਟ ਵਿੱਚ ਲਗਾਤਾਰ ਦੂਜਾ ਪੈਰਾਲੰਪਿਕ ਸੋਨ ਤਗ਼ਮਾ ਜਿੱਤਣ ਵਾਲੀ ਨਿਸ਼ਾਨੇਬਾਜ਼ ਅਵਨੀ ਲੇਖਰਾ ਅਤੇ ਨੇਤਰਹੀਣ ਜੂਡੋ ਖਿਡਾਰੀ ਕਪਿਲ ਪਰਮਾਰ ਨੇ ਪ੍ਰਧਾਨ ਮੰਤਰੀ ਨਾਲ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਪਰਮਾਰ ਨੇ ਆਪਣੇ ਤਗ਼ਮੇ ’ਤੇ ਮੋਦੀ ਦੇ ਦਸਤਖ਼ਤ ਵੀ ਲਏ।
ਭਾਰਤ ਨੇ ਇਨ੍ਹਾਂ ਪੈਰਾਲੰਪਿਕ ਖੇਡਾਂ ਵਿੱਚ 29 ਤਗ਼ਮੇ ਜਿੱਤ ਕੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਪੈਰਿਸ ਖੇਡਾਂ ਵਿੱਚ ਭਾਰਤ ਦੇ 84 ਮੈਂਬਰੀ ਦਲ ਨੇ ਹਿੱਸਾ ਲਿਆ ਅਤੇ ਤਿੰਨ ਸਾਲ ਪਹਿਲਾਂ ਟੋਕੀਓ ਖੇਡਾਂ ਦੇ 19 ਤਗ਼ਮਿਆਂ ਦੇ ਪਿਛਲੇ ਸਰਬੋਤਮ ਪ੍ਰਦਰਸ਼ਨ ਨੂੰ ਪਛਾੜ ਦਿੱਤਾ। -ਪੀਟੀਆਈ