ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਂਚੀ ਤੋਂ 660 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ
ਰਾਂਚੀ, 15 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਝਾਰਖੰਡ ਦੇ ਰਾਂਚੀ ਤੋਂ 600 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਵਰਚੁਅਲੀ ਸ਼ੁਰੂਆਤ ਕੀਤੀ। ਮੋਦੀ ਨੇ ਦੇਵਘਰ ਜ਼ਿਲ੍ਹੇ ਵਿੱਚ ਮਧੂਪੁਰ ਬਾਈਪਾਸ ਲਾਈਨ ਅਤੇ ‘ਹਜ਼ਾਰੀਬਾਗ ਟਾਊਨ ਕੋਚਿੰਗ ਡਿੱਪੂ’ ਦਾ ਨੀਂਹ ਪੱਥਰ ਵੀ ਰੱਖਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੁਰਕੁਰਾ-ਕਨਾਰੋਨ ਪ੍ਰਾਜੈਕਟ ਵੀ ਦੇਸ਼ ਨੂੰ ਸਮਰਪਿਤ ਕੀਤਾ ਜੋ ਬੰਡਾਮੁੰਡਾ-ਰਾਂਚੀ ਸਿੰਗਲ ਲਾਈਨ ਡਿਵੀਜ਼ਨ ਅਤੇ ਰਾਂਚੀ, ਮੁਰੀ ਤੇ ਚੰਦਰਪੁਰਾ ਸਟੇਸ਼ਨ ਰਾਹੀਂ ਲੰਘਣ ਵਾਲੇ ਰਾਊਰਕੇਲਾ-ਗੋਮੋਹ ਸੜਕ ਦਾ ਹਿੱਸਾ ਹੈ। ਇਸ ਦੌਰਾਨ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਬਾਇਲੀ, ਗਰੀਬਾਂ, ਦਲਿਤਾਂ, ਮਹਿਲਾਵਾਂ ਅਤੇ ਨੌਜਵਾਨਾਂ ਦਾ ਵਿਕਾਸ ਕੇਂਦਰ ਸਰਕਾਰ ਦੀ ਤਰਜੀਹ ਹੈ ਅਤੇ ਇਨ੍ਹਾਂ ਵਰਗਾਂ ਨੂੰ ਲਾਭ ਦੇਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਇਸੇ ਦੌਰਾਨ ਮੋਦੀ ਨੇ ਰਾਂਚੀ ਵਿੱਚ ਵਰਚੁਅਲੀ ਝਾਰਖੰਡ, ਉੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਲਈ ਛੇ ਵੰਦੇ ਭਾਰਤ ਰੇਲਾਂ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਦਾ ਟਾਟਾਨਗਰ ਤੋਂ ਇਨ੍ਹਾਂ ਰੇਲਾਂ ਨੂੰ ਹਰੀ ਝੰਡੀ ਦਿਖਾਉਣ ਦਾ ਪ੍ਰੋਗਰਾਮ ਸੀ ਪਰ ਖ਼ਰਾਬ ਮੌਸਮ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਰ ਗੰਗਵਾਰ ਟਾਟਾਨਗਰ ਸਟੇਸ਼ਨ ’ਤੇ ਹਾਜ਼ਰ ਸਨ।
ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਤਹਿਤ 32,000 ਲਾਭਪਾਤਰੀਆਂ ਨੂੰ ਵਰਚੁਅਲੀ ਮਨਜ਼ੂਰੀ ਪੱਤਰ ਵੰਡੇ ਅਤੇ ਮਕਾਨਾਂ ਦੇ ਨਿਰਮਾਣ ਲਈ 32 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ। ਉਨ੍ਹਾਂ ਦੇਸ਼ ਭਰ ਵਿੱਚ ਪੀਐੱਮਏਵਾਈ-ਜੀ ਦੇ 46,000 ਲਾਭਪਾਤਰੀਆਂ ਨੂੰ ਵਰਚੁਅਲੀ ਚਾਬੀਆਂ ਵੀ ਸੌਂਪੀਆਂ। -ਪੀਟੀਆਈ