ਪ੍ਰਧਾਨ ਮੰਤਰੀ ਮੋਦੀ ਨੂੰ ਕੁਵੈਤ ਦਾ ਸਰਵਉੱਚ ਸਨਮਾਨ
ਕੁਵੈਤ ਸਿਟੀ, 22 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਕੁਵੈਤ ਦਾ ਸਰਵਉੱਚ ਸਨਮਾਨ ‘ਦਿ ਆਰਡਰ ਆਫ ਮੁਬਾਰਕ ਅਲ ਕਬੀਰ’ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਤੇ ਕੁਵੈਤ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣ ਲਈ ਮੋਦੀ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਮੋਦੀ ਨੂੰ ਇਹ ਸਨਮਾਨ ਕੁਵੈਤ ਦੇ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਰ ਅਲ ਸਬਾ ਨੇ ਦਿੱਤਾ।
ਮੋਦੀ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਮੈਨੂੰ ਕੁਵੈਤ ਦੇ ਅਮੀਰ ਸ਼ੇਖ ਮੇਸ਼ਲ ਅਲ ਅਹਿਮਦ ਅਲ ਜਬਰ ਅਲ ਸਬਾ ਵੱਲੋਂ ‘ਮੁਬਾਰਕ ਅਲ-ਕਬੀਰ ਆਰਡਰ’ ਨਾਲ ਸਨਮਾਨਿਤ ਕੀਤੇ ਜਾਣ ’ਤੇ ਮਾਣ ਹੈ। ਮੈਂ ਇਹ ਸਨਮਾਨ ਭਾਰਤ ਦੀ ਜਨਤਾ ਅਤੇ ਭਾਰਤ ਤੇ ਕੁਵੈਤ ਵਿਚਾਲੇ ਮਜ਼ਬੂਤ ਦੋਸਤੀ ਨੂੰ ਸਮਰਪਿਤ ਕਰਦਾ ਹਾਂ।’ ‘ਦਿ ਆਰਡਰ ਆਫ ਮੁਬਾਰਕ ਅਲ ਕਬੀਰ’ ਕੁਵੈਤ ਦਾ ਨਾਈਟਹੁੱਡ ਆਰਡਰ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ ’ਤੇ ਇੱਕ ਪੋਸਟ ’ਚ ਇਸ ਸਨਮਾਨ ਨੂੰ ‘ਭਾਰਤ-ਕੁਵੈਤ ਦੀ ਲੰਮੇ ਸਮੇਂ ਦੀ ਦੋਸਤੀ ਦਾ ਸਬੂਤ’ ਦੱਸਿਆ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨੇ ਇਹ ਸਨਮਾਨ ਭਾਰਤ-ਕੁਵੈਤ ਸਬੰਧਾਂ, ਕੁਵੈਤ ’ਚ ਭਾਰਤੀ ਭਾਈਚਾਰੇ ਤੇ ਭਾਰਤ ਤੇ 1.4 ਅਰਬ ਲੋਕਾਂ ਨੂੰ ਸਮਰਪਿਤ ਕੀਤਾ ਹੈ।’
ਕੁਵੈਤ ਦੀ ਸਰਕਾਰੀ ਖ਼ਬਰ ਏਜੰਸੀ ਕੁਨਾ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਐਵਾਰਡ ਦੋਵਾਂ ਮੁਲਕਾਂ ਵਿਚਾਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਦਿੱਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸੇ ਮੁਲਕ ਵੱਲੋਂ ਦਿੱਤਾ ਗਿਆ ਇਹ 20ਵਾਂ ਕੌਮਾਂਤਰੀ ਸਨਮਾਨ ਹੈ। ਇਹ ਸਨਮਾਨ ਦੋਸਤੀ ਦੇ ਸੰਕੇਤ ਵਜੋਂ ਮੁਲਕਾਂ ਦੇ ਮੁਖੀਆਂ ਤੇ ਵਿਦੇਸ਼ੀ ਹਸਤੀਆਂ ਅਤੇ ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ਨੂੰ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਐਵਾਰਡ ਬਿੱਲ ਕਲਿੰਟਨ, ਪ੍ਰਿੰਸ ਚਾਰਲਸ ਤੇ ਜੌਰਜ ਬੁਸ਼ ਨੂੰ ਦਿੱਤਾ ਜਾ ਚੁੱਕਾ ਹੈ। -ਪੀਟੀਆਈ
ਕੁਵੈਤ ਦੀ ਸੀਨੀਅਰ ਲੀਡਰਸ਼ਿਪ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੁਵੈਤ ਦੀ ਸੀਨੀਅਰ ਲੀਡਰਸ਼ਿਪ ਨਾਲ ਦੁਵੱਲੇ ਸਬੰਧਾਂ ਬਾਰੇ ਵਾਰਤਾ ਕੀਤੀ। ਪ੍ਰਧਾਨ ਮੰਤਰੀ ਨੇ ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਬਰ ਅਲ ਸਬਾ ਨਾਲ ਵਾਰਤਾ ਦੌਰਾਨ ਵਪਾਰ, ਨਿਵੇਸ਼ ਤੇ ਊਰਜਾ ਦੇ ਖੇਤਰਾਂ ’ਚ ਭਾਰਤ-ਕੁਵੈਤ ਸਬੰਧਾਂ ਨੂੰ ਨਵੀਂ ਗਤੀ ਦੇਣ ’ਤੇ ਧਿਆਨ ਕੇਂਦਰਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕੁਵੈਤ ਦੇ ਯੁਵਰਾਜ (ਕ੍ਰਾਊਨ ਪ੍ਰਿੰਸ) ਸ਼ੇਖ ਸਬਾ ਅਲ-ਖਾਲਿਦ ਅਲ-ਸਬਾ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਮੁਲਕਾਂ ਨੇ ਆਪਣੀ ਰਣਨੀਤਕ ਭਾਈਵਾਲੀ ’ਚ ਵਿਸਤਾਰ ਕੀਤਾ ਅਤੇ ਰੱਖਿਆ ਸਬੰਧਾਂ ਦੀ ਮਜ਼ਬੂਤੀ ਲਈ ਇਕ ਸਮਝੌਤੇ ’ਤੇ ਦਸਤਖਤ ਕੀਤੇ। ਵਿਦੇਸ਼ ਮੰਤਰਾਲੇ ਅਨੁਸਾਰ ਦੋਵਾਂ ਆਗੂਆਂ ਨੇ ਵਫ਼ਦ ਪੱਧਰੀ ਵਾਰਤਾ ’ਚ ਵਪਾਰ, ਨਿਵੇਸ਼, ਊਰਜਾ, ਰੱਖਿਆ, ਸੁਰੱਖਿਆ, ਸਿਹਤ, ਸਿੱਖਿਆ, ਤਕਨੀਕ ਤੇ ਲੋਕਾਂ ਵਿਚਾਲੇ ਸਬੰਧਾਂ ਸਮੇਤ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਇੱਕ ਰੋਡਮੈਪ ’ਤੇ ਚਰਚਾ ਕੀਤੀ। ਇਸ ਦੌਰਾਨ ਹੋਰ ਸਮਝੌਤਿਆਂ ’ਤੇ ਵੀ ਦਸਤਖ਼ਤ ਕੀਤੇ ਗਏ ਜੋ ਖੇਡ, ਸੱਭਿਆਚਾਰ ਤੇ ਸੌਰ ਊਰਜਾ ਦੇ ਖੇਤਰਾਂ ’ਚ ਸਹਿਯੋਗ ਦੀ ਸਹੂਲਤ ਮੁਹੱਈਆ ਕਰਨਗੇ।