For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਮੋਦੀ ਦੋ ਰੋਜ਼ਾ ਫੇਰੀ ਲਈ ਸਿੰਗਾਪੁਰ ਪੁੱਜੇ

08:33 AM Sep 05, 2024 IST
ਪ੍ਰਧਾਨ ਮੰਤਰੀ ਮੋਦੀ ਦੋ ਰੋਜ਼ਾ ਫੇਰੀ ਲਈ ਸਿੰਗਾਪੁਰ ਪੁੱਜੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਗਾਪੁਰ ਵਿੱਚ ਭਾਰਤੀ ਭਾਈਚਾਰੇ ਵੱਲੋਂ ਰੱਖੇ ਸਵਾਗਤ ਸਮਾਗਮ ਵਿੱਚ ਢੋਲ ਵਜਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਸਿੰਗਾਪੁਰ, 4 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਫੇਰੀ ਲਈ ਸਿੰਗਾਪੁਰ ਪਹੁੰਚ ਗਏ ਹਨ। ਇਸ ਫੇਰੀ ਦਾ ਮੁੱਖ ਮੰਤਵ ਭਾਰਤ-ਸਿੰਗਾਪੁਰ ਦੋਸਤੀ ਨੂੰ ਹੁਲਾਰਾ ਦੇਣਾ, ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਤੇ ਦੱਖਣ-ਪੂਰਬੀ ਏਸ਼ਿਆਈ ਮੁਲਕ ’ਚੋਂ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ। ਆਪਣੇ ਹਮਰੁਤਬਾ ਲਾਰੈਂਸ ਵੌਂਗ ਦੇ ਸੱਦੇ ’ਤੇ ਸਿੰਗਾਪੁਰ ਪੁੱਜੇ ਪ੍ਰਧਾਨ ਮੰਤਰੀ ਮੋਦੀ ਸਿੰਗਾਪੁਰ ਦੀ ਲੀਡਰਸ਼ਿਪ ਦੀਆਂ ਤਿੰਨ ਪੀੜ੍ਹੀਆਂ ਨਾਲ ਰਾਬਤਾ ਕਰਨਗੇ। ਸ੍ਰੀ ਮੋਦੀ ਦਾ ਭਲਕੇ ਸਿੰਗਾਪੁਰ ਦੀ ਸੰਸਦ ਵਿਚ ਰਸਮੀ ਸਵਾਗਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਵੀਰਵਾਰ ਨੂੰ ਰਾਸ਼ਟਰਪਤੀ ਥਰਮਨ ਸ਼ਾਨਮੁਗਾਰਤਨਮ ਨੂੰ ਵੀ ਮਿਲਣਗੇ। ਸ੍ਰੀ ਮੋਦੀ ਨਾਲ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਹੋਰ ਸਰਕਾਰੀ ਅਧਿਕਾਰੀ ਵੀ ਪਹੁੰਚੇ ਹਨ। ਸਿੰਗਾਪੁਰ ਦੇ ਆਪਣੇ ਪੰਜਵੇਂ ਸਰਕਾਰੀ ਦੌਰੇ ’ਤੇ ਪੁੱਜਣ ਮਗਰੋਂ ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘ਸਿੰਗਾਪੁਰ ਪਹੁੰਚ ਗਿਆ ਹਾਂ। ਭਾਰਤ-ਸਿੰਗਾਪੁਰ ਦੋਸਤੀ ਨੂੰ ਹੁਲਾਰਾ ਦੇਣ ’ਤੇ ਕੇਂਦਰਤ ਕਈ ਬੈਠਕਾਂ ਦੀ ਬੇਸਬਰੀ ਨਾਲ ਉਡੀਕ ਹੈ। ਭਾਰਤ ਦੇ ਸੁਧਾਰ ਤੇ ਸਾਡੀ ਯੁਵਾ ਸ਼ਕਤੀ ਦਾ ਹੁਨਰ ਮਿਲ ਕੇ ਸਾਡੇ ਦੇਸ਼ ਨੂੰ ਆਦਰਸ਼ ਨਿਵੇਸ਼ ਦਾ ਟਿਕਾਣਾ ਬਣਾਉਂਦੇ ਹਨ। ਅਸੀਂ ਸਭਿਆਚਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਵੀ ਦੇਖ ਰਹੇ ਹਾਂ।’ ਸ੍ਰੀ ਮੋਦੀ ਬਰੂਨੇਈ ਦੀ ਆਪਣੀ ਫੇਰੀ, ਜੋ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਲੇਠੀ ਦੁਵੱਲੀ ਫੇਰੀ ਸੀ, ਮੁਕੰਮਲ ਕਰਨ ਮਗਰੋਂ ਸਿੰਗਾਪੁਰ ਪਹੁੰਚੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਿੰਗਾਪੁਰ ਪਹੁੰਚ ਗਏ ਹਨ। ਸਿੰਗਾਪੁਰ ਦੇ ਗ੍ਰਹਿ ਤੇ ਕਾਨੂੰਨ ਮੰਤਰੀ ਸ਼ਾਨਮੁਗਮ ਨੇੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।’ ਪ੍ਰਧਾਨ ਮੰਤਰੀ ਅਜਿਹੇ ਮੌਕੇ ਸਿੰਗਾਪੁਰ ਪਹੁੰਚੇ ਹਨ ਜਦੋਂ ਵੌਂਗ ਨੇ ਸਰਕਾਰ ਦੀ ਕਮਾਨ ਸੰਭਾਲੀ ਹੈ ਤੇ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਕੀਤੀ ਹੈ। ਸ੍ਰੀ ਮੋਦੀ ਇਸ ਤੋਂ ਪਹਿਲਾਂ 2018 ਵਿਚ ਸਿੰਗਾਪੁਰ ਆਏ ਸਨ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੌਂਗ ਨੇ ਸ੍ਰੀ ਮੋਦੀ ਨੂੰ ਸ੍ਰੀ ਟੇਮਾਸੇਕ ਬੰਗਲੇ ਵਿਚ ਰਾਤ ਦੀ ਦਾਅਦਤ ਦਿੱਤੀ। ਸ੍ਰੀ ਮੋਦੀ ਭਲਕੇ ਸਿੰਗਾਪੁਰ ਦੇ ਕਾਰੋਬਾਰੀ ਆਗੂਆਂ ਤੇ ਸੈੈਮੀਕੰਡਕਟਰ ਈਕੋਸਿਸਟਮ ਨਾਲ ਜੁੜੇ ਕਾਰੋਬਾਰੀਆਂ ਦੇ ਰੂਬਰੂ ਹੋਣਗੇ। ਦੋਵੇਂ ਮੁਲਕ ਸੈਮੀਕੰਡਕਟਰ ਸੈਕਟਰ ’ਚ ਸਮਝੌਤਾ ਕਰਨਗੇ।-ਪੀਟੀਆਈ

ਭਾਰਤ ਤੇ ਬਰੂਨੇਈ ਰੱਖਿਆ ਸਹਿਯੋਗ ਵਧਾਉਣ ’ਤ ਸਹਿਮਤ

ਬਾਨਦਾਰ ਸੇਰੀ ਬੇਗਾਵਨ: ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਦੀ ਬਰੂਨੇਈ ਦੇ ਸੁਲਤਾਨ ਹਾਸਾਨਲ ਬੋਲਕੀਆ ਨਾਲ ਹੋਈ ਗੱਲਬਾਤ ਮਗਰੋਂ ਜਾਰੀ ਸਾਂਝੇ ਬਿਆਨ ਵਿਚ ਦੋਵਾਂ ਮੁਲਕਾਂ ਨੇ ਸਮੁੰਦਰੀ ਆਵਾਜਾਈ ਦੀ ਖੁੱਲ੍ਹ ਦੇ ਸਤਿਕਾਰ ’ਤੇ ਜ਼ੋਰ ਦਿੱਤਾ ਤੇ ਰੱਖਿਆ ਸਹਿਯੋਗ ਵਧਾਉਣ ਸਣੇ ਕਈ ਮਾਮਲਿਆਂ ’ਤੇ ਚਰਚਾ ਕੀਤੀ। ਸ੍ਰੀ ਮੋਦੀ ਨੇ ਇਸਰੋ ਦੇ ਟੈਲੀਮੀਟਰੀ ਟਰੈਕਿੰਗ ਤੇ ਟੈਲੀਕਮਾਂਡ ਸਟੇੇਸ਼ਨ ਦੀ ਮੇਜ਼ਬਾਨੀ ਲਈ ਬਰੂਨੇਈ ਦੀ ਸ਼ਲਾਘਾ ਕੀਤੀ। ਵਿਦੇਸ਼ ਮੰਤਰਾਲੇ ’ਚ ਸਕੱਤਰ (ਪੂਰਬ) ਜੈਦੀਪ ਮਜ਼ੂਮਦਾਰ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਰੱਖਿਆ, ਵਣਜ ਤੇ ਨਿਵੇਸ਼, ਖੁਰਾਕ ਸੁਰੱਖਿਆ, ਸਿੱਖਿਆ, ਊਰਜਾ, ਪੁਲਾੜ ਤਕਨਾਲੋਜੀ, ਸਿਹਤ ਸਣੇ ਕਈ ਵਿਸ਼ਿਆਂ ’ਤੇ ਦੁਵੱਲੀ ਗੱਲਬਾਤ ਕੀਤੀ। -ਪੀਟੀਆਈ

Advertisement

Advertisement
Author Image

joginder kumar

View all posts

Advertisement