ਪ੍ਰਧਾਨ ਮੰਤਰੀ ਮੋਦੀ ਆਸੀਆਨ-ਭਾਰਤ, ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ
ਵਿਏਨਟੀਅਨ, 10 ਅਕਤੂਬਰ
PM Narendra Modi in Laos: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਦੋ ਰੋਜ਼ਾ ਦੌਰੇ ’ਤੇ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਸਮੂਹਾਂ ਵਿਚਲੇ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਲਾਓਸ (Laos)ਪੁੱਜੇ ਹਨ। ਪ੍ਰਧਾਨ ਮੰਤਰੀ ਸੋਨੇਕਸੇ ਸਿਫਾਨਡੋਨ ਦੇ ਸੱਦੇ ’ਤੇ ਮੋਦੀ ਲਾਓ ਪੀਡੀਆਰ ਦਾ ਦੌਰਾ ਕਰ ਰਹੇ ਹਨ। ਲਾਓਸ ਆਸੀਆਨ ਦਾ ਮੌਜੂਦਾ ਪ੍ਰਧਾਨ ਹੈ। ਇਸ ਮੌਕੇ ਸ੍ਰੀ ਮੋਦੀ 21ਵੇਂ ਆਸੀਆਨ-ਭਾਰਤ ਅਤੇ 19ਵੇਂ ਪੂਰਬੀ ਏਸ਼ੀਆ ਸੰਮੇਲਨ ਵਿੱਚ ਹਿੱਸਾ ਲੈਣਗੇ।
ਆਪਣੇ ਵਿਦਾਇਗੀ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਵਿੱਚ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਸਾਡੇ ਸਹਿਯੋਗ ਦੀ ਭਵਿੱਖੀ ਦਿਸ਼ਾ ਨੂੰ ਚਾਰਟ ਕਰਨ ਲਈ ਆਸੀਆਨ ਨੇਤਾਵਾਂ ਵਿੱਚ ਸ਼ਾਮਲ ਹੋਵਾਂਗਾ। ਉਨ੍ਹਾਂ ਕਿਹਾ ਕਿ ਪੂਰਬੀ ਏਸ਼ੀਆ ਸੰਮੇਲਨ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਚੁਣੌਤੀਆਂ ’ਤੇ ਵਿਚਾਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ।
ਮੋਦੀ ਨੇ ਕਿਹਾ ਕਿ ਭਾਰਤ ਨੇ ਲਾਓ ਪੀਪਲਜ਼ ਡੈਮੋਕ੍ਰੇਟਿਕ ਰਿਪਬਲਿਕ (ਪੀਡੀਆਰ) ਸਮੇਤ ਇਸ ਖੇਤਰ ਦੇ ਨਾਲ ਨੇੜਲੇ ਸੱਭਿਆਚਾਰਕ ਅਤੇ ਸਭਿਅਤਾ ਸਬੰਧ ਸਾਂਝੇ ਕੀਤੇ ਹਨ, ਜੋ ਕਿ ਬੁੱਧ ਧਰਮ ਅਤੇ ਰਾਮਾਇਣ ਦੀ ਸਾਂਝੀ ਵਿਰਾਸਤ ਨਾਲ ਭਰਪੂਰ ਹੈ।
ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ (ASEAN) ਦੀ ਸਥਾਪਨਾ 1967 ਵਿੱਚ ਕੀਤੀ ਗਈ ਸੀ। ਜਿਸ ਦੇ ਮੈਂਬਰ ਦੇਸ਼ ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਭਾਰਤ, ਵੀਅਤਨਾਮ, ਲਾਓਸ, ਕੰਬੋਡੀਆ ਅਤੇ ਬਰੂਨਈ ਦਾਰੂਸਲਮ ਹਨ। ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿੱਚ 10 ਆਸੀਆਨ ਦੇਸ਼ ਅਤੇ ਅੱਠ ਭਾਈਵਾਲ ਆਸਟਰੇਲੀਆ, ਚੀਨ, ਭਾਰਤ, ਜਾਪਾਨ, ਦੱਖਣੀ ਕੋਰੀਆ, ਨਿਊਜ਼ੀਲੈਂਡ, ਰੂਸ ਅਤੇ ਸੰਯੁਕਤ ਰਾਜ ਸ਼ਾਮਲ ਹਨ। ਪੀਟੀਆਈ