For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਵੱਲੋਂ ਸ਼ੇਖ ਹਸੀਨਾ ਤੇ ਪ੍ਰਵਿੰਦ ਜਗਨਨਾਥ ਨਾਲ ਮੁਲਾਕਾਤ

07:43 AM Sep 09, 2023 IST
ਪ੍ਰਧਾਨ ਮੰਤਰੀ ਵੱਲੋਂ ਸ਼ੇਖ ਹਸੀਨਾ ਤੇ ਪ੍ਰਵਿੰਦ ਜਗਨਨਾਥ ਨਾਲ ਮੁਲਾਕਾਤ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਦੁਵੱਲੀ ਗੱਲਬਾਤ ਅਤੇ (ਸੱਜੇ) ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਦਾ ਸਵਾਗਤ ਕਰਦੇ ਹੋਏ ਨਰਿੰਦਰ ਮੋਦੀ। -ਫੋਟੋਆਂ: ਪੀਟੀਆਈ
Advertisement

ਨਵੀਂ ਦਿੱਲੀ, 8 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਵਾਰਤਾ ਲਈ ਭਾਰਤ ਪੁੱਜੇ ਬੰਗਲਾਦੇਸ਼ ਤੇ ਮੌਰੀਸ਼ਸ ਦੇ ਆਪਣੇ ਹਮਰੁਤਬਾਵਾਂ ਕ੍ਰਮਵਾਰ ਸ਼ੇਖ ਹਸੀਨਾ ਤੇ ਪ੍ਰਵਿੰਦ ਜਗਨਨਾਥ ਨਾਲ ਅੱਜ ਵੱਖੋ ਵੱਖਰੀਆਂ ਮੁਲਾਕਾਤਾਂ ਕਰਕੇ ਦੁਵੱਲੇ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਪੀਐੱਮਓ ਮੁਤਾਬਕ ਸ੍ਰੀ ਮੋਦੀ ਅਗਲੇ ਤਿੰਨ ਦਿਨਾਂ ਵਿੱਚ 15 ਦੁਵੱਲੀਆਂ ਮੀਟਿੰਗਾਂ ਕਰਨਗੇ। ਸ੍ਰੀ ਮੋਦੀ ਭਲਕੇ ਯੂਕੇ, ਜਪਾਨ, ਜਰਮਨੀ ਤੇ ਇਟਲੀ ਸਣੇ ਜੀ-20 ਵਾਰਤਾ ਵਿੱਚ ਸ਼ਾਮਲ ਕੁਝ ਹੋਰ ਮੁਲਕਾਂ ਦੇ ਆਗੂਆਂ ਨੂੰ ਮੁੱਖ ਸਮਾਗਮ ਤੋਂ ਇਕਪਾਸੇ ਮਿਲਣਗੇ। ਸੂਤਰਾਂ ਨੇ ਕਿਹਾ ਕਿ ਸ੍ਰੀ ਮੋਦੀ ਐਤਵਾਰ ਨੂੰ ਦੁਪਹਿਰ ਦੇ ਖਾਣੇ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਗੱਲਬਾਤ ਕਰਨਗੇ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਬੈਠਕ ਦੌਰਾਨ ਸ੍ਰੀ ਮੋਦੀ ਨੇ ਦੁਵੱਲੇ ਸਹਿਯੋਗ ਦਾ ਘੇਰਾ ਵਧਾਉਣ ਅਤੇ ਕੁਨੈਕਟੀਵਿਟੀ ਤੇ ਕਮਰਸ਼ੀਅਲ ਲਿੰਕ ਜਿਹੇ ਮੁੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ। ਸ੍ਰੀ ਮੋਦੀ ਨੇ ਮਗਰੋਂ ਇਕ ਪੋਸਟ ਵਿੱਚ ਕਿਹਾ ਕਿ ਪੀਐੱਮ ਸ਼ੇਖ ਹਸੀਨਾ ਨਾਲ ਹੋਈ ਗੱਲਬਾਤ ‘ਉਸਾਰੂ ਤੇ ਕਾਰਗਰ’ ਰਹੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਪਿਛਲੇ 9 ਸਾਲਾਂ ਵਿੱਚ ਭਾਰਤ-ਬੰਗਲਾਦੇਸ਼ ਦੇ ਰਿਸ਼ਤਿਆਂ ਨੇ ਬਹੁਤ ਤਰੱਕੀ ਕੀਤੀ ਹੈ। ਅਸੀਂ ਗੱਲਬਾਤ ਦੌਰਾਨ ਕੁਨੈਕਟੀਵਿਟੀ, ਕਮਰਸ਼ੀਅਲ ਲਿੰਕੇਜ ਤੇ ਹੋਰ ਕਈ ਮਸਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ।’’ ਉਧਰ ਪੀਐੱਮਓ ਨੇ ਵੀ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਬੈਠਕ ਦੌਰਾਨ ਦੋਵਾਂ ਧਿਰਾਂ ਨੇ ਕੁਨੈਕਟੀਵਿਟੀ, ਸਭਿਆਚਾਰ ਸਣੇ ਵੱਖ ਵੱਖ ਸੈਕਟਰਾਂ ਵਿੱਚ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਸਹਿਮਤੀ ਦਿੱਤੀ।’’
ਇਸ ਦੌਰਾਨ ਸ੍ਰੀ ਮੋਦੀ ਨੇ ਮੌਰੀਸ਼ਸ ਦੇ ਆਪਣੇ ਹਮਰੁਤਬਾ ਪ੍ਰਵਿੰਦ ਜਗਨਨਾਥ ਨਾਲ ਆਪਣੀ ਪਲੇਠੀ ਦੁਵੱਲੀ ਮੀਟਿੰਗ ਦੌਰਾਨ ਕਿਹਾ ਕਿ ਭਾਰਤ ਆਲਮੀ ਦੱਖਣ ਦੀ ਆਵਾਜ਼ ਨੂੰ ਕੁੱਲ ਆਲਮ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਸ੍ਰੀ ਮੋਦੀ ਨੇ ਐਕਸ ’ਤੇ ਕਿਹਾ, ‘‘ਪ੍ਰਧਾਨ ਮੰਤਰੀ ਜਗਨਨਾਥ ਨਾਲ ਮੇਰੀ ਬੈਠਕ ਬਹੁਤ ਵਧੀਆ ਰਹੀ।
ਭਾਰਤ-ਮੌਰੀਸ਼ਸ ਸਬੰਧਾਂ ਲਈ ਇਹ ਸਾਲ ਬਹੁਤ ਖਾਸ ਹੈ ਕਿਉਂਕਿ ਅਸੀਂ ਦੋਵਾਂ ਮੁਲਕਾਂ ਦਰਮਿਆਨ ਕੂਟਨੀਤਕ ਰਿਸ਼ਤਿਆਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ।
ਅਸੀਂ ਬੁਨਿਆਦੀ ਢਾਂਚਾ, ਫਿਨਟੈੈੱਕ, ਸਭਿਆਚਾਰ ਤੇ ਹੋਰ ਕਈ ਖੇਤਰਾਂ ਵਿਚ ਸਹਿਯੋਗ ਬਾਰੇ ਚਰਚਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਭਾਰਤ ਆਲਮੀ ਦੱਖਣ ਦੀ ਆਵਾਜ਼ ਅੱਗੇ ਪਹੁੰਚਾਉਣ ਲਈ ਵਚਨਬੱਧ ਹੈ।’’ -ਪੀਟੀਆਈ

Advertisement

ਵਿਸ਼ਵ ਬੈਂਕ ਦਾ ਜੀ-20 ਦਸਤਾਵੇਜ਼ ਭਾਰਤ ਦੀ ਤੇਜ਼ੀ ਨਾਲ ਤਰੱਕੀ ਦਾ ਪ੍ਰਮਾਣ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਬੈਂਕ ਵੱਲੋਂ ਤਿਆਰ ਕੀਤੀ ਗਈ ਜੀ-20 ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਮੁਲਕ ਦੀ ਤੇਜ਼ੀ ਨਾਲ ਤਰੱਕੀ ਅਤੇ ਨਵੀਨਤਾ ਦਾ ਪ੍ਰਮਾਣ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਨੇ ਸਿਰਫ਼ ਛੇ ਸਾਲਾਂ ਵਿੱਚ ਵਿੱਤੀ ਟੀਚੇ ਹਾਸਲ ਕੀਤੇ ਹਨ ਜਿਨ੍ਹਾਂ ਨੂੰ ਘੱਟੋ-ਘੱਟ 47 ਸਾਲ ਲੱਗ ਜਾਂਦੇ ਹਨ। ਸ੍ਰੀ ਮੋਦੀ ਨੇ ‘ਐਕਸ’ ’ਤੇ ਕਿਹਾ,‘‘ਵਿੱਤੀ ਸਮਾਵੇਸ਼ ਵਿੱਚ ਭਾਰਤ ਦੀ ਛਾਲ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੁਆਰਾ ਸੰਚਾਲਿਤ ਹੈ। ਵਿਸ਼ਵ ਬੈਂਕ ਦੁਆਰਾ ਤਿਆਰ ਕੀਤੇ ਜੀ-20 ਦਸਤਾਵੇਜ਼ ਵਿੱਚ ਭਾਰਤ ਦੇ ਵਿਕਾਸ ’ਤੇ ਇੱਕ ਬਹੁਤ ਹੀ ਦਿਲਚਸਪ ਨੁਕਤਾ ਸਾਂਝਾ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਮਜ਼ਬੂਤ ਡਿਜੀਟਲ ਭੁਗਤਾਨ ਬੁਨਿਆਦੀ ਢਾਂਚੇ ਅਤੇ ਲੋਕਾਂ ਦੀ ਭਾਵਨਾ ਕਾਬਿਲੇ-ਤਾਰੀਫ਼ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ ਵਿਸ਼ਵ ਬੈਂਕ ਮੰਨਦਾ ਹੈ ਕਿ ਮੋਦੀ ਸਰਕਾਰ ਵੱਲੋਂ ਬਣਾਏ ਮਜ਼ਬੂਤ ਜਨ-ਧਨ, ਆਧਾਰ ਅਤੇ ਮੋਬਾਈਲ ਬੁਨਿਆਦੀ ਢਾਂਚੇ ਨੇ ਲੱਖਾਂ ਲੋਕਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ। -ਪੀਟੀਆਈ

Advertisement

ਯੂਕਰੇਨ ਅਤੇ ਜਲਵਾਯੂ ਮੁੱਦਿਆਂ ’ਤੇ ਸਹਿਮਤੀ ਬਣਾਉਣ ਦੀਆਂ ਕਰ ਰਹੇ ਹਾਂ ਕੋਸ਼ਿਸ਼ਾਂ: ਚੀਨ

ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਦਾ ਸਵਾਗਤ ਕਰਦੇ ਹੋਏ ਵੀਕੇ ਸਿੰਘ। -ਫੋਟੋ: ਪੀਟੀਆਈ

ਪੇਈਚਿੰਗ: ਜੀ-20 ਸਿਖਰ ਸੰਮੇਲਨ ’ਚ ਯੂਕਰੇਨ ਅਤੇ ਜਲਵਾਯੂ ਨਾਲ ਸਬੰਧਤ ਮੁੱਦਿਆਂ ਦੇ ਪ੍ਰਸਤਾਵਾਂ ’ਤੇ ਇਤਰਾਜ਼ ਜਤਾਉਣ ਕਾਰਨ ਆਲੋਚਨਾ ਦਾ ਸ਼ਿਕਾਰ ਬਣੇ ਚੀਨ ਨੇ ਕਿਹਾ ਹੈ ਕਿ ਉਹ ਪੂਰੀ ਸਰਗਰਮੀ ਅਤੇ ਹਾਂ-ਪੱਖੀ ਤਰੀਕੇ ਨਾਲ ਐਲਾਨਨਾਮਾ ਤਿਆਰ ਕਰਨ ਲਈ ਵਿਚਾਰ ਵਟਾਂਦਰੇ ’ਚ ਹਿੱਸਾ ਲੈ ਰਿਹਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਕੀਤੀ ਗਈ ਆਲੋਚਨਾ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਚੀਨ ਜੀ-20 ਸਿਖਰ ਸੰਮੇਲਨ ਨੂੰ ਬਹੁਤ ਮਹੱਤਵ ਦਿੰਦਾ ਹੈ। ਉਸ ਨੇ ਦੁਹਰਾਇਆ ਕਿ ਦਿੱਲੀ ਸਿਖਰ ਸੰਮੇਲਨ ਵਿੱਚ ਹਾਂ-ਪੱਖੀ ਨਤੀਜਿਆਂ ਲਈ ਚੀਨ ਹੋਰ ਧਿਰਾਂ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹੈ। ਉਸ ਨੇ ਕਿਹਾ ਕਿ ਯੂਕਰੇਨ ਦੇ ਮੁੱਦੇ ’ਤੇ ਚੀਨ ਦੀ ਸਥਿਤੀ ਇਕਸਾਰ ਤੇ ਸਪੱਸ਼ਟ ਹੈ ਅਤੇ ਜਲਵਾਯੂ ਪਰਿਵਰਤਨ ਬਾਰੇ ਉਮੀਦ ਕਰਦੇ ਹਾਂ ਕਿ ਸਾਰੀਆਂ ਧਿਰਾਂ ਇਕ-ਦੂਜੇ ਦੀਆਂ ਚਿੰਤਾਵਾਂ ’ਤੇ ਜ਼ਰੂਰ ਧਿਆਨ ਦੇਣਗੀਆਂ। -ਪੀਟੀਆਈ
Advertisement
Author Image

sukhwinder singh

View all posts

Advertisement