Z-Morh Tunnel ਮੋਦੀ ਆਪਣੇ ਵਾਅਦੇ ਨਿਭਾਉਂਦਾ ਹੈ, ਸਹੀ ਚੀਜ਼ਾਂ ਸਹੀ ਵਕਤ ’ਤੇ ਹੋਣਗੀਆਂ: ਪ੍ਰਧਾਨ ਮੰਤਰੀ
ਸੋਨਮਰਗ(ਜੰਮੂ ਕਸ਼ਮੀਰ), 13 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਸਹੀ ਚੀਜ਼ਾਂ ਸਹੀ ਵਕਤ ਆਉਣ ਉੱਤੇ ਹੋਣਗੀਆਂ। ਸ੍ਰੀ ਮੋਦੀ ਰਣਨੀਤਕ ਪੱਖੋਂ ਅਹਿਮ ਜ਼ੈੱਡ-ਮੋੜ ਸੁਰੰਗ ਦੇ ਉਦਘਾਟਨ ਮਗਰੋਂ ਬੋਲ ਰਹੇ ਸਨ। ਸ੍ਰੀ ਮੋਦੀ ਨੇ ਇਹ ਟਿੱਪਣੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਇਸੇ ਸਮਾਗਮ ਵਿਚ ਜੰਮੂ ਕਸ਼ਮੀਰ ਦਾ ਰਾਜ ਦਾ ਰੁਤਬਾ ਬਹਾਲ ਕਰਨ ਦੀ ਮੰਗ ਦੇ ਸੰਦਰਭ ਵਿਚ ਕੀਤੀ ਹੈ। ਮੋਦੀ ਨੇ ਕਿਹਾ, ‘‘ਤੁਹਾਨੂੰ ਇਹ ਮੰਨਣਾ ਹੋਵੇਗਾ ਕਿ ਇਹ ਮੋਦੀ ਹੈ ਤੇ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰਦਾ ਹੈ। ਹਰੇਕ ਚੀਜ਼ ਲਈ ਇਕ ਸਹੀ ਸਮਾਂ ਹੁੰਦਾ ਹੈ ਤੇ ਸਹੀ ਚੀਜ਼ਾ ਸਹੀ ਵਕਤ ਉੱਤੇ ਹੋਣਗੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇਸ਼ ਦਾ ਤਾਜ ਹੈ ਤੇ ਉਹ ਇਸ ਨੂੰ ਖ਼ੂਬਸੂਰਤ ਤੇ ਖੁਸ਼ਹਾਲ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘‘ਜੰਮੂ ਕਸ਼ਮੀਰ ਵਿਚ ਅਮਨ ਤੇ ਸ਼ਾਂਤੀ ਦਾ ਮਾਹੌਲ ਹੈ ਤੇ ਅਸੀਂ ਇਸ ਦਾ ਅਸਰ ਸੈਰ-ਸਪਾਟੇ ’ਤੇ ਦੇਖਿਆ ਹੈ। ਕਸ਼ਮੀਰ ਅੱਜ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ।’’
ਉਨ੍ਹਾਂ ਕਿਹਾ ਕਿ ਕਸ਼ਮੀਰ ਵਾਦੀ ਜਲਦੀ ਹੀ ਰੇਲ ਮਾਰਗ ਨਾਲ ਜੁੜ ਜਾਵੇਗੀ ਤੇ ਇਸ ਨੂੰ ਲੈ ਕੇ ਲੋਕਾਂ ਵਿਚ ਬਹੁਤ ਉਤਸ਼ਾਹ ਹੈ। ਸ੍ਰੀ ਮੋਦੀ ਨੇ ਪਿਛਲੇ ਸਾਲ ਅਕਤੂਬਰ ਵਿਚ ਜ਼ੈੱਡ-ਮੋੜ ਸੁਰੰਗ ਨੇੜੇ ਦਹਿਸ਼ਤੀ ਹਮਲੇ ਵਿਚ ਮਾਰੇ ਗਏ ਸੱਤ ਵਿਅਕਤੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਸ੍ਰੀ ਮੋਦੀ 2700 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦੇ ਉਦਘਾਟਨ ਮਗਰੋਂ ਸੁਰੰਗ ਦੇ ਅੰਦਰ ਗਏ ਤੇ ਪ੍ਰਾਜੈਕਟ ਨਾਲ ਜੁੜੇ ਅਧਿਕਾਰੀਆਂ ਦੇ ਰੂਬਰੂ ਹੋਏ। ਉਨ੍ਹਾਂ ਮੁਸ਼ਕਲ ਮੌਸਮੀ ਹਾਲਾਤ ਵਿਚ ਸੁਰੰਗ ਦਾ ਕੰਮ ਪੂਰਾ ਕਰਨ ਵਾਲੇ ਉਸਾਰੀ ਕਾਮਿਆਂ ਨਾਲ ਵੀ ਮੁਲਾਕਾਤ ਕੀਤੀ। ਸੁਰੰਗ ਦੇ ਉਦਘਾਟਨ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਸਨ। ਪਿਛਲੇ ਸਾਲ ਸਤੰਬਰ-ਅਕਤੂਬਰ ਵਿਚ ਹੋਈਆਂ ਅਸੈਂਬਲੀ ਚੋਣਾਂ ਮਗਰੋਂ ਸ੍ਰੀ ਮੋਦੀ ਦੀ ਜੰਮੂ ਕਸ਼ਮੀਰ ਦੀ ਇਹ ਪਲੇਠੀ ਫੇਰੀ ਹੈ। ਸਾਢੇ ਛੇ ਕਿਲੋਮੀਟਰ ਲੰਮੀ ਇਹ ਦੋ ਲੇਨ ਵਾਲੀ ਸੁਰੰਗ ਗਗਨਗਿਰ ਨੂੰ ਕੇਂਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਸੋਨਮਰਗ ਨਾਲ ਜੋੜੇਗੀ। ਸੁਰੰਗ ਵਿਚ ਹੰਗਾਮੀ ਹਾਲਾਤ ਲਈ ਸਾਢੇ ਸੱਤ ਮੀਟਰ ਦਾ ਇਕ ਰਾਹ ਵੀ ਰੱਖਿਆ ਗਿਆ ਹੈ। ਇਹ ਸੁਰੰਗ ਸਮੁੰਦਰ ਤਲ ਤੋਂ 8650 ਫੁੱਟ ਦੀ ਉਚਾਈ ਉੱਤੇ ਹੈ। -ਪੀਟੀਆਈ