ਪ੍ਰਧਾਨ ਮੰਤਰੀ ਨੇ ‘ਬੋਲਣ ਦੀ ਆਜ਼ਾਦੀ’ ਖਤਮ ਕੀਤੀ: ਖੜਗੇ
ਰਾਂਚੀ, 16 ਨਵੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਵਰ੍ਹਦਿਆਂ ਉਨ੍ਹਾਂ ’ਤੇ ਬੋਲਣ ਦੀ ਆਜ਼ਾਦੀ ਖਤਮ ਕਰਨ ਦਾ ਦੋਸ਼ ਲਾਇਆ ਅਤੇ ਆਖਿਆ ਕਿ ਉਨ੍ਹਾਂ ਖ਼ਿਲਾਫ਼ ਬੋਲਣ ਵਾਲਿਆਂ ਨੂੰ ਜੇਲ੍ਹਾਂ ’ਚ ਸੁੱਟਿਆ ਜਾ ਰਿਹਾ ਹੈ।
ਖੜਗੇ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਜਿਹੜੇ ਜੇਐੱਮਐੱਮ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ, ਨੂੰ ‘ਗੱਦਾਰ’ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਅਜਿਹੇ ਕਈ ਲੋਕ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਉਭਾਰਨ ਵਾਲਿਆਂ ਨੂੰ ਧੋਖਾ ਦਿੱਤਾ ਹੈ। ਰਾਂਚੀ ਦੇ ਓਰਮਾਂਝੀ ’ਚ ਚੋਣ ਰੈਲੀ ਮੌਕੇ ਖੜਗੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਮੋਦੀ ਨੇ ਦੇਸ਼ ’ਚੋਂ ਪ੍ਰਗਟਾਵੇ ਦੀ ਆਜ਼ਾਦੀ ਖਤਮ ਕਰ ਦਿੱਤੀ ਹੈ। ਕੀ ਇਹ ਲੋਕਤੰਤਰ ਹੈ ਕਿ ਇੱਕ ਕਬਾਇਲੀ ਮੁੱਖ ਮੰਤਰੀ ਨੂੰ ਜੇਲ੍ਹ ’ਚ ਸੁੱਟਿਆ ਜਾਂਦਾ ਹੈ। ਉਹ ਸਾਨੂੰ ਕੁਚਲਣਾ ਚਾਹੁੰਦੇ ਹਨ, ਪਰ ਅਸੀਂ ਆਪਣੇ ਸਿਰ ਉੱਚੇ ਕਰਦੇ ਰਹਾਂਗੇ।’ ਇਸ ਦੌਰਾਨ ਖੜਗੇ ਨੇ ਰਾਂਚੀ ਦੇ ਖਿਜਰੀ ਵਿੱਚ ਵੀ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। -ਪੀਟੀਆਈ
ਰਾਹੁਲ ਨੂੰ ਹਵਾਈ ਅੱਡੇ ਦੇ ਰਾਖਵੇਂ ਖੇਤਰ ’ਚ ਜਾਣ ਦੀ ਆਗਿਆ ਨਾ ਦੇਣ ਦਾ ਦਾਅਵਾ
ਰਾਂਚੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਝਾਰਖੰਡ ’ਚ ਉਨ੍ਹਾਂ ਦੇ ਅਤੇ ਰਾਹੁਲ ਗਾਂਧੀ ਹੈਲੀਕਾਪਟਰ ’ਚ ਦੇਰੀ ਕੀਤੀ ਗਈ ਅਤੇ ਕੈਬਨਿਟ ਮੰਤਰੀ ਦਾ ਦਰਜ ਹੋਣ ਦਾ ਬਾਵਜੂਦ ਸੰਸਦ ’ਚ ਵਿਰੋਧੀ ਧਿਰ ਦੇ ਨੇਤਾ (ਰਾਹੁਲ ਗਾਂਧੀ) ਨੂੰ ਹਵਾਈ ਅੱਡੇ ’ਤੇ ਰਾਖਵੇਂ ਖੇਤਰ (ਲਾਊਂਜ) ਤੱਕ ਪਹੁੰਚ ਉਪਲੱਬਧ ਨਹੀਂ ਕਰਵਾਈ ਗਈ। ਕਾਂਗਰਸ ਨੇ ਦੋਸ਼ ਲਾਇਆ ਕਿ ਇਹ ਦੇਰੀ ਸਿਆਸਤ ਤੋਂ ਪ੍ਰੇਰਿਤ ਸੀ। ਖੜਗੇ ਨੇ ਕਿਹਾ, ‘‘ਲੰਘੇ ਦਿਨ ਸਾਡੇ ਆਗੂ ਰਾਹੁਲ ਗਾਂਧੀ ਦੇ ਹੈਲੀਕਾਪਟਰ ’ਚ ਜਾਣਬੁੱਝ ਕੇ ਦੇਰੀ ਕੀਤੀ ਗਈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਹਾਜ਼ ’ਚ ਬੈਠੇ ਸਨ। ਅੱਜ ਮੇਰੇ ਹੈਲੀਕਾਪਰਟਰ ਨੂੰ 20 ਮਿੰਟ ਲੇਟ ਉਤਾਰਿਆ ਗਿਆ, ਕਿਉਂਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਤਰ ਰਹੇ ਸਨ। ਹਾਲਾਂਕਿ ਉਨ੍ਹਾਂ ਦਾ ਰਾਹ ਵੱਖ ਸੀ ਤੇ ਮੇਰਾ ਰਾਹ ਵੱਖ ਸੀ।’’ -ਪੀਟੀਆਈ