ਪ੍ਰਧਾਨ ਮੰਤਰੀ ਨੇ ਝੂਠ ਬੋਲ ਕੇ ਲੋਕਾਂ ਨੂੰ ਧੋਖੇ ’ਚ ਰੱਖਿਆ: ਖੜਗੇ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 2 ਨਵੰਬਰ
Lies, deceit & fakery: Kharge fires salvo at PM Modi, Centre over unkept promise: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਾਂਗਰਸ ’ਤੇ ਝੂਠੇ ਵਾਅਦੇ ਕਰਨ ਵਾਲੀਆਂ ਟਿੱਪਣੀਆਂ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਮੋਦੀ ਸਰਕਾਰ ’ਤੇ ਘਟੀਆ ਪੱਧਰ ਦੀ ਲੋਕ ਸੰਪਰਕ ਦੀ ਰਾਜਨੀਤੀ ਖੇਡਣ ਤੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਭਾਜਪਾ ਦੀ 100 ਦਿਨਾਂ ਦੀ ਯੋਜਨਾ ਸਿਰਫ਼ ਪ੍ਰਚਾਰ ਕਰਨ ਦਾ ਹੀ ਢੰਗ ਹੈ ਜਦਕਿ ਇਸ ਸਰਕਾਰ ਵਿੱਚ ਸਾਰਥਿਕਤਾ ਅਤੇ ਪ੍ਰਮਾਣਿਕਤਾ ਦੀ ਘਾਟ ਹੈ। ਉਨ੍ਹਾਂ ਭਾਜਪਾ ਨੂੰ 2 ਕਰੋੜ ਨੌਕਰੀਆਂ ਦੇ ਵਾਅਦੇ ਤੇ ਸੇਬੀ ਦੀ ਚੇਅਰਪਰਸਨ ਸਬੰਧੀ ਵਿਵਾਦ ਬਾਰੇ ਵੀ ਸਵਾਲ ਕੀਤੇ।
ਕਾਂਗਰਸ ਪਾਰਟੀ ਦੇ ਮੁਖੀ ਨੇ 2047 ਦੇ ਰੋਡਮੈਪ ਲਈ 20 ਲੱਖ ਤੋਂ ਵੱਧ ਲੋਕਾਂ ਤੋਂ ਰਾਏ ਲੈਣ ਦੇ ਸਰਕਾਰ ਦੇ ਦਾਅਵੇ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਜਾਣਕਾਰੀ ਮੰਗੀ ਗਈ ਸੀ ਪਰ ਇਸ ਦਫ਼ਤਰ ਨੇ ਇਸ ਸਬੰਧੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਸ੍ਰੀ ਖੜਗੇ ਨੇ ਕਿਹਾ ਕਿ ਭਾਜਪਾ ਵਿੱਚ ‘ਬੀ’ ਅੱਖਰ ਦਾ ਅਰਥ ਧੋਖਾ ਤੇ ‘ਜੇ’ ਅੱਖਰ ਦਾ ਅਰਥ ਜੁਮਲਾ (ਝੂਠੇ ਵਾਅਦੇ) ਹੈ ਤੇ ਇਸ ਸਰਕਾਰ ਨੇ ਲੋਕਾਂ ਨੂੰ ਝੂਠੇ ਵਾਅਦੇ ਕਰ ਕੇ ਧੋਖੇ ਵਿਚ ਰੱਖਿਆ ਹੈ।
ਇਸ ਤੋਂ ਪਹਿਲਾਂ ਖੜਗੇ ਨੇ ਕਰਨਾਟਕ ਇਕਾਈ ਨੂੰ ਵਿੱਤੀ ਜ਼ਿੰਮੇਵਾਰੀ ਬਾਰੇ ਸਲਾਹ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਬਜਟ ਨੂੰ ਦੇਖ ਕੇ ਹੀ ਗਾਰੰਟੀਆਂ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਸੂਬਾ ਵਾਸੀਆਂ ਨਾਲ ਝੂਠੇ ਵਾਅਦੇ ਕਰਨ ਦੇ ਦੋਸ਼ ਲਾਏ।
ਅਧਿਆਪਕਾਂ ਦੇ ਰਾਖਵਾਂਕਰਨ ਦਾ ਹੱਕ ਖੋਹਣ ਦੇ ਦੋਸ਼
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ’ਤੇ ਕੇਂਦਰੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਦਾ ਰਾਖਵਾਂਕਰਨ ਦਾ ਹੱਕ ਖੋਹਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਆਰਟੀਆਈ ਵਿਚ ਖੁਲਾਸਾ ਹੋਇਆ ਹੈ ਕਿ 46 ਕੇਂਦਰੀ ਯੂਨੀਵਰਸਿਟੀਆਂ ਵਿੱਚ 18,940 ਅਸਾਮੀਆਂ ਵਿੱਚੋਂ 27 ਫੀਸਦੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਅਨੁਸੂਚਿਤ ਜਾਤੀਆਂ (ਐਸਸੀ), ਅਨੁਸੂਚਿਤ ਕਬੀਲਿਆਂ (ਐਸਟੀ) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਲਈ ਰਾਖਵੀਆਂ 38 ਫੀਸਦੀ ਤੋਂ ਵੱਧ ਸੀਟਾਂ ਖਾਲੀ ਪਈਆਂ ਹਨ।