For the best experience, open
https://m.punjabitribuneonline.com
on your mobile browser.
Advertisement

ਜਵਾਬਦੇਹੀ ਤੋਂ ਨਹੀਂ ਬਚ ਸਕਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ: ਕਾਂਗਰਸ

07:11 AM Jul 21, 2023 IST
ਜਵਾਬਦੇਹੀ ਤੋਂ ਨਹੀਂ ਬਚ ਸਕਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ  ਕਾਂਗਰਸ
Advertisement

ਨਵੀਂ ਦਿੱਲੀ: ਕਾਂਗਰਸ ਨੇ ਮਨੀਪੁਰ ਵਿੱਚ ਦੋ ਆਦਿਵਾਸੀ ਮਹਿਲਾਵਾਂ ਨੂੰ ਨਗਨ ਘੁਮਾਉਣ ਦੀ ਘਟਨਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਮਗਰੋਂ ਅੱਜ ਕਿਹਾ ਕਿ ਸ੍ਰੀ ਮੋਦੀ ਨੇ ਉੱਤਰ-ਪੂਰਬੀ ਰਾਜ ਵਿੱਚ ਨਸਲੀ ਹਿੰਸਾ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਤੇ ਮੁੱਖ ਮੰਤਰੀ ਐੱਮ.ਬੀਰੇਨ ਸਿੰਘ ਨੂੰ ਅਹੁਦਾ ਛੱਡਣ ਲਈ ਵੀ ਨਹੀਂ ਕਿਹਾ। ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਫੌਰੀ ਅਸਤੀਫ਼ਾ ਦੇਣਾ ਚਾਹੀਦਾ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੇ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਦੀ ਮੰਗ ਵੀ ਕੀਤੀ। ਪਾਰਟੀ ਨੇ ਕਿਹਾ ਕਿ ਸੰਸਦ ਦੇ ਮੌਨਸੂਨ ਇਜਲਾਸ ਵਿੱਚ ਵਿਰੋਧੀ ਧਿਰਾਂ ਦਾ ਗੱਠਜੋੜ ‘ਇੰਡੀਆ’ ਮਨੀਪੁਰ ਨੂੰ ਲੈ ਕੇ ਸਰਕਾਰ ਤੋਂ ਜਵਾਬ ਮੰਗੇਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ੁਦ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਨੀਪੁਰ ਹਿੰਸਾ ਨੂੰ ਲੈ ਕੇ 80 ਦਨਿਾਂ ਤੱਕ ‘ਚੁੱਪ ਧਾਰੀ ਰੱਖੀ’ ਤੇ ਦੇਸ਼ ਇਸ ਰਵੱਈਏ ਲਈ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਜਮਹੂਰੀਅਤ ਤੇ ਕਾਨੂੰਨ ਦੇ ਸ਼ਾਸਨ ਨੂੰ ‘ਭੀੜਤੰਤਰ’ ਵਿਚ ਬਦਲ ਦਿੱਤਾ ਹੈ। ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਨੀਪੁਰ ਦਾ ਦੌਰਾ ਕਰਨਾ ਚਾਹੀਦਾ ਹੈ। ਉਧਰ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘‘1800 ਘੰਟਿਆਂ ਤੋਂ ਵੱਧ ਦੀ ਚੁੱਪੀ ਮਗਰੋਂ ਅਖੀਰ ਪ੍ਰਧਾਨ ਮੰਤਰੀ ਨੇ ਮਨੀਪੁਰ ਬਾਰੇ ਕੁੱਲ 30 ਸਕਿੰਟਾਂ ਤੱਕ ਗੱਲ ਕੀਤੀ।’’ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹੋਰਨਾਂ ਰਾਜਾਂ, ਖਾਸ ਕਰਕੇ ਗੈਰ-ਭਾਜਪਾ ਸ਼ਾਸਿਤ ਰਾਜਾਂ (ਰਾਜਸਥਾਨ ਤੇ ਛੱਤੀਸਗੜ੍ਹ) ਵਿੱਚ ਮਹਿਲਾਵਾਂ ਖਿਲਾਫ਼ ਅਪਰਾਧਾਂ ਦੀ ਤੁਲਨਾ ਕਰਕੇ ਮਨੀਪੁਰ ਵਿੱਚ ਸ਼ਾਸਨ ਦੀ ਵੱਡੀ ਅਸਫ਼ਲਤਾ ਤੇ ਮਨੁੱਖੀ ਤ੍ਰਾਸਦੀ ਤੋਂ ਧਿਆਨ ਹਟਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਇੰਡੀਆ’ ਜਵਾਬ ਮੰਗਣਾ ਜਾਰੀ ਰੱਖੇਗਾ। ਉਧਰ ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਸਦਨ ਵਿੱਚ ਮਨੀਪੁਰ ਦੇ ਹਾਲਾਤ ਬਾਰੇ ਚਰਚਾ ਕਰਨ। ਸੀਨੀਅਰ ਪਾਰਟੀ ਆਗੂ ਪੀ.ਚਿਦੰਬਰਮ ਨੇ ਟਵੀਟ ਕੀਤਾ, ‘‘ਮਾਣਯੋਗ ਪ੍ਰਧਾਨ ਮੰਤਰੀ ਨੇ ਮਨੀਪੁਰ ਬਾਰੇ ਆਪਣੀ ਚੁੱਪੀ ਤੋੜੀ। ਜਦੋਂ ਉਹ ਅਮਰੀਕਾ, ਫਰਾਂਸ, ਯੂਏਈ ਤੇ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਪ੍ਰਾਜੈਕਟਾਂ ਦੇ ਉਦਘਾਟਨ ਜਾਂ ਫਿਰ ਕਿਸੇ ਹੋਰ ਕੰਮ ਗਏ, ਉਨ੍ਹਾਂ ਕਦੇ ਵੀ ਮਨੀਪੁਰ ਦੇ ਲੋਕਾਂ ਬਾਰੇ ਸੋਚਣ ਲਈ ਸਮਾਂ ਨਹੀਂ ਕੱਢਿਆ। ਮੈਂ ਹੈਰਾਨ ਹਾਂ ਕਿ ਉਹ ਮਨੀਪੁਰ ਨੂੰ ਯਾਦ ਕਰਨ ਲਈ ਕਿਉਂ ਮਜਬੂਰ ਹੋਏ? ਕੀ ਇਸ ਪਿੱਛੇ ਮਨੀਪੁਰ ਦੀਆਂ ਮਹਿਲਾਵਾਂ ਖਿਲਾਫ਼ ਅਪਰਾਧ ਦੀ ਖੌਫ਼ਨਾਕ ਵੀਡੀਓ ਸੀ? ਕੀ ਸੁਪਰੀਮ ਕੋਰਟ ਵੱਲੋਂ ਮਨੀਪੁਰ ਵਿੱਚ ਵੱਡੇ ਪੱਧਰ ’ਤੇ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਖ਼ੁਦ ਨੋਟਿਸ ਲੈਣਾ ਸੀ?’’ ਪਾਰਟੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੌਨਸੂਨ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ 8 ਮਿੰਟ ਤੇ 25 ਸਕਿੰਟ ਲਈ ਬੋਲੇ...ਅਤੇ ਉਨ੍ਹਾਂ ਮਨੀਪੁਰ ਨੂੰ ਸਿਰਫ਼ 36 ਸਕਿੰਟ ਦਿੱਤੇ।’’ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ, ‘ਬਹੁਤ ਦੁੱਖ ਦੀ ਗੱਲ ਹੈ ਕਿ ਮਨੀਪੁਰ ’ਚ ਹਿੰਸਾ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਇਸ ਤੋਂ ਪੂਰਾ ਦੇਸ਼ ਫਿਕਰਮੰਦ ਹੈ। ਭਾਜਪਾ ਦੀ ਲਾਪ੍ਰਵਾਹੀ ਕਾਰਨ ਮਨੀਪੁਰ ’ਚ ਹੁਣ ਤੱਕ 142 ਲੋਕਾਂ ਦੀ ਮੌਤ ਹੋ ਚੁੱਕੀ ਹੈ।’ -ਪੀਟੀਆਈ

ਮਸਲਾ ਮਹਿਲਾਵਾਂ ਨੂੰ ਮਾਨਸਿਕ ਸੱਟ ਮਾਰਨ ਦਾ: ਰਾਹੁਲ
ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਨੀਪੁਰ ਵਿੱਚ ਦੋ ਆਦਿਵਾਸੀ ਮਹਿਲਾਵਾਂ ਨੂੰ ਨੰਗਿਆਂ ਕਰਕੇ ਘੁਮਾਉਣ ਨਾਲ ਜੁੜੀ ਘਟਨਾ ਦੇ ਹਵਾਲੇ ਨਾਲ ਅੱਜ ਕਿਹਾ ਕਿ ਮਸਲਾ ਇਹ ਨਹੀਂ ਕਿ ਇਹ (ਘਟਨਾ) ਦੇਸ਼ ਲਈ ਸ਼ਰਮਨਾਕ ਹੈ, ਬਲਕਿ ਮਸਲਾ ਸੂਬੇ ਦੀਆਂ ਮਹਿਲਾਵਾਂ ਨੂੰ ਵੱਡੀ ਪੀੜ ਦੇਣ ਤੇ ਮਾਨਸਿਕ ਸੱਟ ਮਾਰਨ ਦਾ ਹੈ। ਗਾਂਧੀ ਨੇ ਇਕ ਟਵੀਟ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਜੀ, ਇਥੇ ਮਸਲਾ ਇਹ ਨਹੀਂ ਕਿ ਇਹ ਘਟਨਾ ਦੇਸ਼ ਲਈ ਸ਼ਰਮਨਾਕ ਹੈ। ਮਸਲਾ ਮਨੀਪੁਰ ਦੀਆਂ ਮਹਿਲਾਵਾਂ ਨੂੰ ਵੱਡੀ ਪੀੜ ਦੇਣ ਤੇ ਮਾਨਸਿਕ ਸੱਟ ਮਾਰਨ ਦਾ ਹੈ। ਹਿੰਸਾ ਫੌਰੀ ਰੋਕੀ ਜਾਵੇ।’’ ਚੇਤੇ ਰਹੇ ਕਿ ਪ੍ਰਧਾਨ ਮੰਤਰੀ ਨੇ ਮਨੀਪੁਰ ਦੀ ਉਪਰੋਕਤ ਘਟਨਾ ਨੂੰ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਕਰਾਰ ਦਿੱਤਾ ਸੀ। -ਪੀਟੀਆਈ

Advertisement

ਕੇਂਦਰ ਮਨੀਪੁਰ ’ਚ ਸ਼ਾਂਤੀ ਬਹਾਲ ਕਰਨ ਲਈ ਕਦਮ ਚੁੱਕੇ: ਸ਼ਰਦ ਪਵਾਰ
ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਪ੍ਰਧਾਨ ਮੰਤਰੀ ਦਫ਼ਤਰ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮਨੀਪੁਰ ’ਚ ਸ਼ਾਂਤੀ ਬਹਾਲ ਕਰਨ ਲਈ ਫੌਰਨ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ ਹੈ। ਪਵਾਰ ਨੇ ਟਵੀਟ ਕੀਤਾ, ‘ਇਹ ਮਨੀਪੁਰ ਦੇ ਲੋਕਾਂ ਲਈ ਇਕਜੁੱਟ ਹੋਣ, ਆਵਾਜ਼ ਚੁੱਕਣ ਅਤੇ ਨਿਆਂ ਮੰਗਣ ਦਾ ਸਮਾਂ ਹੈ। ਪੀਐੱਮਓ ਦੇ ਨਾਲ ਗ੍ਰਹਿ ਵਿਭਾਗ ਨੂੰ ਮਨੀਪੁਰ ’ਚ ਸ਼ਾਂਤੀ ਬਹਾਲ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਕਰਨ ਦੀ ਲੋੜ ਹੈ।’ -ਪੀਟੀਆਈ

ਪ੍ਰਧਾਨ ਮੰਤਰੀ ਦੀ ਚੁੱਪੀ ਕਮਜ਼ੋਰ ਆਗੂ ਦੀ ਨਿਸ਼ਾਨੀ: ਕੇਜਰੀਵਾਲ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਨੀਪੁਰ ਵਿੱਚ ਦੋ ਔਰਤਾਂ ਨਾਲ ਕੀਤੇ ਗਏ ਗੈਰਮਨੁੱਖੀ ਵਤੀਰੇ ਨੇ ਦੇਸ਼ ਦੇ ਜ਼ਮੀਰ ਨੂੰ ਵੱਡੀ ਢਾਹ ਲਾਈ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਮਨੀਪੁਰ ਵਿੱਚ ਸ਼ਾਂਤੀ ਬਹਾਲੀ ਲਈ ਸਖ਼ਤ ਕਦਮ ਚੁੱਕੇ ਜਾਣ। ‘ਆਪ’ ਸੁਪਰੀਮੋ ਨੇ ਕਿਹਾ ਕਿ ਅਕਸਰ ਅਜਿਹੀਆਂ ਘਨਨਾਵਾਂ ਬਾਰੇ ਪ੍ਰਧਾਨ ਮੰਤਰੀ ਚੁੱਪੀ ਧਾਰ ਲੈਂਦੇ ਹਨ। ਇਹ ਇਕ ਕਮਜ਼ੋਰ ਆਗੂ ਦੀ ਨਿਸ਼ਾਨੀ ਹੈ। ਹਿੰਮਤ ਵਾਲਾ ਆਗੂ ਹਮੇਸ਼ਾ ਅੱਗੇ ਆਉਂਦਾ ਹੈ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਉਨ੍ਹਾਂ ਨੇ ਖੁਦ ਨੂੰ ਕਮਰੇ ’ਚ ਬੰਦ ਕੀਤਾ ਹੋਇਆ ਸੀ। ਇਸ ਲਈ ਉਹ ਮਨੀਪੁਰ ਮੁੱਦੇ ’ਤੇ ਖਾਮੋਸ਼ ਹਨ। -ਪੀਟੀਆਈ

ਮਮਤਾ ਨੇ ਮਨੀਪੁਰ ਘਟਨਾ ਨੂੰ ਦਰਿੰਦਗੀ ਕਰਾਰ ਦਿੱਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਨੀਪੁਰ ਘਟਨਾ ਨੂੰ ਦਰਿੰਦਗੀ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਗੈਰਮਨੁੱਖੀ ਵਰਤਾਰੇ ਖ਼ਿਲਾਫ਼ ਦੇਸ਼ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਕਿ ਪੀੜਤਾਂ ਨੂੰ ਇਨਸਾਫ ਦਿਵਾਇਆ ਜਾ ਸਕੇ। ਉਨ੍ਹਾਂ ਨੇ ਟਵਿੱਟਰ ’ਤੇ ਸੁਨੇਹਾ ਦਿੱਤਾ, ‘‘ਦੋ ਔਰਤਾਂ ਨਾਲ ਭੀੜ ਵੱਲੋਂ ਕੀਤੇ ਗਏ ਦਰਿੰਦਗੀ ਭਰੇ ਵਰਤਾਰੇ ਦੀ ਵੀਡੀਓ ਦੇਖ ਕੇ ਮਨ ਨੂੰ ਠੇਸ ਪੁੱਜੀ ਹੈ। ਪੀੜਤ ਮਹਿਲਾਵਾਂ ’ਤੇ ਕੀਤੇ ਗਏ ਤਸ਼ੱਦਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।’’ ਉਨ੍ਹਾਂ ਨੇ ਮਨੀਪੁਰ ਹਿੰਸਾ ਬਾਰੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਗੈਰ-ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਮਨੀਪੁਰ ਵਿੱਚ ਵਫਦ ਭੇਜਿਆ ਜਾ ਸਕੇ। ਉਨ੍ਹਾਂ ਕਿਹਾ, ‘‘ਦੇਸ਼ ਦੀਆਂ ਧੀਆਂ ਤੇ ਮਾਵਾਂ ਮਨੀਪੁਰ ਦੀ ਉਸ ਵੀਡੀਓ ਨੂੰ ਦੇਖ ਕੇ ਰੋ ਰਹੀਆਂ ਹਨ। ਇਸ ਰੁਝਾਨ ਨੂੰ ਰੋਕਣਾ ਹੋਵੇਗਾ, ਕੇਂਦਰ ਦੀਆਂ ਨੀਤੀਆਂ ਕਾਰਨ ਦੇਸ਼ ਸੜ ਰਿਹਾ ਹੈ।’’

ਮਨੀਪੁਰ ਦੇ ਹਾਲਾਤ ਲਈ ਭਾਜਪਾ ਤੇ ਆਰਐੱਸਐੱਸ ਜ਼ਿੰਮੇਵਾਰ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਦੋਸ਼ ਲਾਇਆ ਕਿ ਮਨੀਪੁਰ ਦੇ ਮੌਜੂਦਾ ਹਾਲਾਤ ਲਈ ਭਾਜਪਾ ਦੀ ਸਿਆਸਤ ਤੇ ਆਰਐੱਸਐੱਸ ਦੀਆਂ ਨਫਰਤੀ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾਂ 4 ਮਈ ਦੀ ਘਟਨਾ ਦੀ ਵੀਡੀਓ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਦੀਆਂ ਧੀਆਂ ਤੇ ਭੈਣਾਂ ਭਾਜਪਾ ਵੱਲ ਦੇਖਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚਣਗੀਆਂ। ਇਸੇ ਦੌਰਾਨ ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਮਨੀਪੁਰ ਤੇ ਹਾਲਾਤ ਤੇ ਹਿੰਸਾ ਨੇ ਸਾਰੇ ਦੇਸ਼ ਨੂੰ ਫਿਕਰ ’ਚ ਪਾਇਆ ਹੋਇਆ ਹੈ। -ਪੀਟੀਆਈ

ਪ੍ਰਧਾਨ ਮੰਤਰੀ ਦੋਸ਼ੀਆਂ ਖਿਲਾਫ਼ ਮਿਸਾਲੀ ਕਾਰਵਾਈ ਯਕੀਨੀ ਬਣਾਉਣ: ਭਗਵੰਤ ਮਾਨ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀਪੁਰ ਵਿੱਚ ਦੋ ਮਹਿਲਾਵਾਂ ਦੀ ਨਗਨ ਪਰੇਡ ਕਰਵਾਏ ਜਾਣ ਦੀ ਘਟਨਾ ਦੀ ਨਿਖੇੇਧੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਘਿਣਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਮਿਸਾਲੀ ਕਾਰਵਾਈ ਯਕੀਨੀ ਬਣਾਉਣ। ਸ੍ਰੀ ਮਾਨ ਨੇ ਟਵੀਟ ਕੀਤਾ ਕਿ ਅਜਿਹੀਆਂ ਘਟਨਾਵਾਂ ‘ਸਮਾਜ ਵਿੱਚ ਨਾ-ਕਾਬਿਲੇ ਬਰਦਾਸ਼ਤ ਹਨ।’ ਮੁੱਖ ਮੰਤਰੀ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਮਨੀਪੁਰ ਦੀ ਘਟਨਾ ਬੇਹੱਦ ਸ਼ਰਮਨਾਕ ਹੈ ਤੇ ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱੱਟ ਹੈ... ਸਮਾਜ ਵਿੱਚ ਅਜਿਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਮੈਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਾਂਗਾ ਕਿ ਮਨੀਪੁਰ ਦੇ ਹਾਲਾਤ ਵੱਲ ਵੀ ਧਿਆਨ ਦੇਣ।’’-ਪੀਟੀਆਈ

Advertisement
Author Image

sukhwinder singh

View all posts

Advertisement
×