ਪ੍ਰਾਇਮਰੀ ਸਕੂਲ ਖੇਡਾਂ: ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਬਲਾਕ ਕਾਦੀਆਂ ਦੀ ਝੰਡੀ
ਨਿੱਜੀ ਪੱਤਰ ਪ੍ਰੇਰਕ
ਬਟਾਲਾ, 15 ਨਵੰਬਰ
ਜ਼ਿਲ੍ਹਾ ਪੱਧਰ ਦੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਕਾਦੀਆਂ-1 ਦੇ ਵਿਦਿਆਰਥੀਆਂ ਦੀ ਝੰਡੀ ਰਹੀ। ਬੀਪੀਈਓ ਤਰਸੇਮ ਸਿੰਘ ਨੇ ਦੱਸਿਆ ਕਿ ਵੱਖ-ਵੱਖ ਬਲਾਕਾਂ ਦੇ ਮੁਕਾਬਲਿਆਂ ’ਚ ਬਲਾਕ ਦੀ ਹਰਪ੍ਰੀਤ ਕੌਰ ਨੇ ਸ਼ਾਟਪੁੱਟ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੰਬੀ ਛਾਲ ਵਿੱਚ ਜੋਗਰਾਜ ਸਿੰਘ ਪਹਿਲਾ ਸਥਾਨ, ਜਦੋਂ ਕਿ ਰਿਲੇਅ ਦੌੜ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੁਨੀਆ ਸੰਧੂ ਦਾ ਸਹਬਿਾਜ਼ ਸਿੰਘ ਜ਼ਿਲ੍ਹੇ ’ਚ ਪਹਿਲੇ ਸਥਾਨ ’ਤੇ ਆਇਆ। ਇਹ ਵਿਦਿਆਰਥੀ ਹੁਣ ਲੁਧਿਆਣਾ ’ਚ ਹੋ ਰਹੀਆਂ ਸੂਬਾ ਪੱਧਰੀ ਐਥਲੈਟਿਕਸ ਖੇਡਾਂ ’ਚ ਭਾਗ ਲੈ ਰਿਹਾ ਹੈ। ਲੜਕਿਆਂ ’ਚ ਛੇ ਸੌ ਮੀਟਰ ਦੌੜ ਵਿੱਚ ਜੋਗਰਾਜ ਸਿੰਘ ਦੂਸਰਾ ਸਥਾਨ, ਜਦੋਂ ਕਿ ਲੜਕੀਆਂ ਦੇ ਛੇ ਸੌ ਮੀਟਰ ਦੌੜ ਵਿੱਚ ਪਵਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਰਸਦੀਪ ਸਿੰਘ ਗੋਲੀ ਦੀ ਕਪਤਾਨੀ ’ਚ ਛੋਟੇ ਬੱਚਿਆਂ ਨੇ ਨੈਸ਼ਨਲ ਸਟਾਈਲ ਕਬੱਡੀ ’ਚ ਆਪਣੀ ਕਲਾਤਮਿਕ ਖੇਡ ਦਾ ਪ੍ਰਦਰਸ਼ਨ ਕਰਦਿਆਂ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਬੀਪੀਈਓ ਤਰਸੇਮ ਸਿੰਘ ਨੇ ਦੱਸਿਆ ਕਿ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਸਖ਼ਤ ਮਿਹਨਤ ਕਰਵਾਏ ਜਾਣ ’ਤੇ ਬਲਾਕ ਦੇ ਸਕੂਲਾਂ ਦਾ ਖੇਡਾਂ ’ਚ ਦਬਦਬਾ ਰਿਹਾ। ਇਸ ਮੌਕੇ ’ਤੇ ਬਲਾਕ ਖੇਡ ਅਧਿਕਾਰੀ ਪਰਮਿੰਦਰ ਸਿੰਘ, ਗੁਰਿੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਬੁੱਟਰ, ਰਣਜੀਤ ਸਿੰਘ ਕਾਹਲੋਂ ਸਮੇਤ ਹੋਰ ਅਧਿਆਪਕ ਹਾਜ਼ਰ ਸਨ।