ਪ੍ਰਾਇਮਰੀ ਸਕੂਲ ਖੇਡਾਂ: ਜਰਖੜ ਹਾਕੀ ਅਕੈਡਮੀ ਤੇ ਡੀਏਵੀ ਸਕੂਲ ਜੇਤੂ
ਸਤਵਿੰਦਰ ਬਸਰਾ
ਲੁਧਿਆਣਾ, 2 ਦਸੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਕਰਵਾਈ ਜ਼ਿਲ੍ਹਾ ਪੱਧਰੀ ਹਾਕੀ ਚੈਂਪੀਅਨਸ਼ਿਪ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਕੁੱਲ 21 ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ ਲੜਕਿਆਂ ਦੇ ਵਰਗ ’ਚ ਜਰਖੜ ਹਾਕੀ ਅਕੈਡਮੀ ਅਤੇ ਲੜਕੀਆਂ ਵਿੱਚੋਂ ਡੀਏਵੀ ਸਕੂਲ ਦੀ ਟੀਮ ਜੇਤੂ ਰਹੀ। ਜਰਖੜ ਹਾਕੀ ਖੇਡ ਸਟੇਡੀਅਮ ਵਿੱਚ ਇਹ ਟੂਰਨਾਮੈਂਟ ਲੀਗ-ਕਮ-ਨਾਕਆਊਟ ਦੇ ਆਧਾਰ ’ਤੇ ਕਰਵਾਇਆ ਗਿਆ। ਮਿੰਨੀ ਐਸਟਰੋਟਰਫ ਖੇਡ ਮੈਦਾਨ ’ਤੇ ਹੋਏ 7-ਏ ਸਾਈਡ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਅੱਜ ਲੜਕਿਆਂ ਦੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਜਰਖੜ ਅਕੈਡਮੀ ਨੇ ਕਿਲ੍ਹਾ ਰਾਏਪੁਰ ਸਕੂਲ ਨੂੰ 7-1 ਦੇ ਵੱਡੇ ਫ਼ਰਕ ਨਾਲ ਹਰਾਇਆ। ਅਕੈਡਮੀ ਦਾ ਅੰਕੁਸ਼ ਕੁਮਾਰ ਪ੍ਰਾਇਮਰੀ ਸਕੂਲਾਂ ਦੀ ਹਾਕੀ ਦਾ ਜਾਦੂਗਰ ਬਣਿਆ। ਉਸ ਨੇ ਟੀਮ ਵੱਲੋਂ ਕੀਤੇ ਕੁੱਲ 30 ਵਿੱਚੋਂ 28 ਗੋਲ ਇਕੱਲੇ ਨੇ ਕੀਤੇ। ਫਾਈਨਲ ਮੁਕਾਬਲੇ ਵਿੱਚ ਵੀ ਅੰਕੁਸ਼ ਨੇ 7 ਵਿੱਚੋਂ 6 ਗੋਲ ਕਰਕੇ ਆਪਣੀ ਟੀਮ ਦੀ ਜਿੱਤ ਪੱਕੀ ਕੀਤੀ। ਇਸ ਖਿਡਾਰੀ ਨੂੰ ‘ਮੈਨ ਆਫ ਦਾ ਟੂਰਨਾਮੈਂਟ’ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ। ਇਸ ਤੋਂ ਪਹਿਲਾਂ ਲੜਕੀਆਂ ਦੇ ਵਰਗ ਵਿੱਚ ਡੀਏਵੀ ਸਕੂਲ ਪੱਖੋਵਾਲ ਦੀ ਟੀਮ ਨੇ ਜਲਾਲਦੀਵਾਲ ਸਕੂਲ ਨੂੰ 4-1 ਨਾਲ ਹਰਾਇਆ। ਇਸ ਤੋਂ ਪਹਿਲਾਂ ਤੀਜੇ ਸਥਾਨ ਲਈ ਖੇਡੇ ਗਏ ਇੱਕ ਮੁਕਾਬਲੇ ਵਿੱਚ ਕਾਨਵੈਂਟ ਸਕੂਲ ਸਾਹਨੇਵਾਲ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਨੂੰ 2-1 ਨਾਲ ਪਛਾੜਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ, ਡੀਈਓ ਪ੍ਰਾਇਮਰੀ ਬਲਦੇਵ ਸਿੰਘ ਅਤੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਕੀਤੀ। ਇਸ ਮੌਕੇ ਡੀਈਓ ਪ੍ਰਾਇਮਰੀ ਬਲਦੇਵ ਸਿੰਘ ਨੇ ਕਿਹਾ ਕਿ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਵੀ 5, 6 ਅਤੇ 7 ਦਸੰਬਰ ਨੂੰ ਜਰਖੜ ਖੇਡ ਸਟੇਡੀਅਮ ਵਿਖੇ ਹੋਣਗੀਆਂ। ਇਸ ਵਿੱਚ ਪੂਰੇ ਪੰਜਾਬ ਵਿੱਚੋਂ ਲੜਕੇ ਅਤੇ ਲੜਕੀਆਂ ਦੀਆਂ 46 ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਨੋਜ ਕੁਮਾਰ, ਬਲਾਕ ਸਿੱਖਿਆ ਅਫਸਰ ਡੇਹਲੋਂ-1 ਗੁਰਪ੍ਰੀਤ ਸਿੰਘ ਸੰਧੂ, ਜਗਜੀਤ ਸਿੰਘ ਝਾਂਡੇ, ਹੈੱਡ ਟੀਚਰ ਸੁਰਿੰਦਰ ਕੌਰ, ਦਲਵਿੰਦਰ ਸਿੰਘ ਡੀਪੀ ਆਦਿ ਵੀ ਹਾਜ਼ਰ ਸਨ।