ਭਾਜਪਾ ਵਿੱਚ ਕੌਰਵਾਂ ਵਾਂਗ ਹੰਕਾਰ ਸਾਫ਼ ਝਲਕਦੈ: ਊਧਵ
ਮੁੰਬਈ: ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਭਾਜਪਾ ਦੀ ਤੁਲਨਾ ਕੌਰਵਾਂ ਨਾਲ ਕਰਦਿਆਂ ਕਿਹਾ ਕਿ ਉਸ ’ਚੋਂ ਹੰਕਾਰ ਸਾਫ਼ ਝਲਕਦਾ ਹੈ। ਇਥੇ ਸ਼ਿਵਾਜੀ ਪਾਰਕ ’ਚ ਆਪਣੀ ਸਾਲਾਨਾ ਦਸਹਿਰਾ ਰੈਲੀ ਦੌਰਾਨ ਊਧਵ ਨੇ ਕਿਹਾ ਕਿ ਉਨ੍ਹਾਂ ਭਾਜਪਾ ਤੋਂ ਇਸ ਲਈ ਸਬੰਧ ਤੋੜ ਲਏ ਸਨ ਕਿਉਂਕਿ ਉਹ ਹਿੰਦੂਤਵ ਦੇ ਉਨ੍ਹਾਂ ਦੇ ਨਜ਼ਰੀਏ ’ਤੇ ਭਰੋਸਾ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਉਹ ਸੱਤਾ ’ਚ ਆਏ ਤਾਂ ਮਹਾਰਾਸ਼ਟਰ ਦੇ ਹਰ ਜ਼ਿਲ੍ਹੇ ’ਚ ਛਤਰਪਤੀ ਸ਼ਿਵਾਜੀ ਦੇ ਮੰਦਰ ਬਣਾਏ ਜਾਣਗੇ। ਊਧਵ ਨੇ ਕਿਹਾ, ‘‘ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ ਕੀ ਉਹ ਅੱਜ ਦੀ ਹਾਈਬ੍ਰਿਡ ਭਾਜਪਾ ਤੋਂ ਸਹਿਮਤ ਹੈ ਜਾਂ ਨਹੀਂ।’’ ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਨੇ ਆਖਿਆ, ‘‘ਮੈਂ ਬਾਲਾਸਾਹਿਬ ਠਾਕਰੇ ਦੇ ਆਦਰਸ਼ਾਂ ਨੂੰ ਛੱਡ ਨਹੀਂ ਸਕਦਾ ਪਰ ਮੈਂ ਸਿਰਫ ਭਾਜਪਾ ਤੋਂ ਇਸ ਕਰਕੇ ਵੱਖ ਹੋਇਆ ਕਿਉਂਕਿ ਮੈਂ ਇਸ ਦੇ ਹਿੰਦੁਤਵ ਦੇ ਨਜ਼ਰੀਏ ਨਾਲ ਸਹਿਮਤ ਨਹੀਂ ਸੀ।’’ ਠਾਕਰੇ ਨੇ 2019 ’ਚ ਭਗਵਾ ਪਾਰਟੀ ਨਾਲ ਗੱਠਜੋੜ ਖਤਮ ਕਰ ਦਿੱਤਾ ਸੀ ਅਤੇ ਕਾਂਗਰਸ ਤੇ ਐੱਨਸੀਪੀ ਦੀ ਹਮਾਇਤ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣ ਗਏ ਸਨ। ਠਾਕਰੇ ਨੇ ਇੱਥੇ ਸ਼ਿਵਾਜੀ ਪਾਰਕ ’ਚ ਦਸਹਿਰਾ ਰੈਲੀ ਮੌਕੇ ਆਪਣੀ ਸਾਬਕਾ ਸਹਿਯੋਗੀ ਭਾਜਪਾ ’ਤੇ ਨਿਸ਼ਾਨਾ ਸੇਧਿਆ ਤੇ ਆਖਿਆ ਕਿ ਭਗਵਾ ਪਾਰਟੀ ਨੂੰ ਆਪਣੇ ਆਪ ਨੂੰ ਭਾਰਤੀ ਆਖਣ ’ਚ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਕਿਉਂਕਿ ਉਹ ਹੁਣ ਲੋਕਾਂ ਦੀ ਪਾਰਟੀ ਨਹੀਂ ਰਹੀ ਹੈ। ਇਸੇ ਦੌਰਾਨ ਊਧਵ ਠਾਕਰੇ ਨੇ ਮਰਹੂਮ ਰਤਨ ਟਾਟਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਟਾਟਾ ਸਮੂਹ ਨੇ ਭਾਰਤ ਨੂੰ ਨਮਕ ਦਿੱਤਾ। ਨਮਕ ਸਾਡੇ ਖਾਣੇ ਨੂੰ ਸੁਆਦ ਬਣਾਉਂਦਾ ਹੈ ਪਰ ਕੁਝ ਕਾਰੋਬਾਰੀ ਮੁੰਬਈ ਦੀ ਨਮਕ ਭੂਮੀ ਖੋਹ ਰਹੇ ਹਨ। -ਪੀਟੀਆਈ