ਰੋਟੀ ਦੀ ਕੀਮਤ
ਰਾਜ ਕੌਰ ਕਮਾਲਪੁਰ
ਉਨ੍ਹਾਂ ਦਿਨਾਂ ਵਿੱਚ ਮੇਰੀ ਪੋਸਟਿੰਗ ਮੇਰੇ ਸਹੁਰੇ ਪਿੰਡ ਸੀ। ਰਿਹਾਇਸ਼ ਅਸੀਂ ਪਟਿਆਲਾ ਸ਼ਹਿਰ ’ਚ ਕਰ ਲਈ ਸੀ। ਮੈਂ ਆਪਣੀ ਇੱਕ ਹੋਰ ਸਹੇਲੀ ਨਾਲ ਪਟਿਆਲਾ ਤੋ ਰੋਜ਼ ਪੜ੍ਹਾਉਣ ਜਾਂਦੀ ਸੀ। ਮੇਰਾ ਸ਼ਟੇਸ਼ਨ ਪਟਿਆਲਾ ਤੋਂ 50-60 ਕਿਲੋਮੀਟਰ ਦੂਰ ਪੈਂਦਾ ਸੀ। ਵਾਪਸੀ ’ਤੇ ਦੋ ਬੱਸਾਂ ਬਦਲ ਕੇ ਪਟਿਆਲਾ ਚੁੰਗੀ ’ਤੇ ਪਹੁੰਚਦੀਆਂ। ਉੱਥੋਂ ਰਿਕਸ਼ੇ ਲੈ ਕੇ ਆਪੋ-ਆਪਣੇ ਘਰ ਪਹੁੰਚਦੀਆਂ। ਜੇ ਬੱਸ ਸਮੇਂ ਸਿਰ ਨਾ ਮਿਲਦੀ ਤਾਂ ਕਈ ਵਾਰੀ ਹਨੇਰਾ ਹੋ ਜਾਂਦਾ ਸੀ। ਫਿਰ ਘਰ ਦੇ ਆ ਕੇ ਚੁੰਗੀ ਤੋਂ ਲੈ ਕੇ ਜਾਂਦੇ।
ਵਾਪਸੀ ’ਤੇ ਘਰੋਂ ਮੈਂ ਦੁੱਧ ਦੀ ਕੇਨੀ ਭਰ ਕੇ ਲਿਆਉਂਦੀ। ਮੇਰੀ ਸੱਸ ਮਾਂ ਅਕਸਰ ਹੀ ਸਰਦੀਆਂ ਵਿੱਚ ਸਾਗ, ਕੜ੍ਹੀ-ਚਾਵਲ ਜਾਂ ਸਬਜ਼ੀ ਦਾ ਡੋਲੂ ਭਰ ਦਿੰਦੇ। ਅਕਸਰ ਹੀ ਮੇਥਿਆਂ ਵਾਲੀਆਂ ਰੋਟੀਆਂ ਦਾ ਡੱਬਾ ਭਰ ਦਿੰਦੇ। ਕਈ ਵਾਰੀ ਅਸੀਂ ਦੋਵੇਂ ਸਹੇਲੀਆਂ ਰਸਤੇ ਵਿੱਚ ਵੀ ਖਾ ਲੈਂਦੀਆਂ । ਕਈ ਵਾਰੀ ਭਾਰ ਚੁੱਕਣ ਦੀ ਮਾਰੀ ਮੈਂ ਸੱਸ ਮਾਂ ਨੂੰ ਮਨ੍ਹਾ ਵੀ ਕਰ ਦਿੰਦੀ ਕਿ ਰੋਜ਼ ਰੋਜ਼ ਖਾ ਕੇ ਸਾਡਾ ਮਨ ਭਰ ਜਾਂਦਾ ਹੈ। ਉਹ ਕਹਿੰਦੇ,‘‘ਹਨੇਰਾ ਹੋ ਜਾਂਦੈ ਤੈਨੂੰ ਜਾਂਦੀ ਨੂੰ। ਫੇਰ ਥੱਕ ਕੇ ਜਾਨੀ ਐਂ। ਮੇਰਾ ਪੁੱਤ ਤੇ ਪੋਤਾ ਖਾ ਲੈਂਦੈ ਹੋਣੇ ਨੇ । ਕਈ ਵਾਰੀ ਕਿਸੇ ਗਰੀਬ-ਗੁਰਬੇ ਦੇ ਮੂੰਹ ਪੈ ਜਾਂਦੀ ਐ। ਚੱਲ ਇਉਂ ਕਰ ਅੱਜ ਲੈ ਜਾਹ। ਅੱਗੇ ਤੋਂ ਨਹੀਂ ਪਕਾਵਾਂਗੀ।”
ਉਸ ਦਿਨ ਬੱਸ ਨਾ ਮਿਲਣ ਕਾਰਣ ਸਾਨੂੰ ਪਟਿਆਲਾ ਪਹੁੰਚਣ ਤੱਕ ਫੇਰ ਹਨੇਰਾ ਪੈ ਗਿਆ। ਸਰਦੀ ਦੇ ਦਿਨ ਸਨ। ਕਣੀਆਂ ਵੀ ਪੈ ਰਹੀਆਂ ਸਨ। ਅਸੀਂ ਆਪੋ-ਆਪਣੇ ਰਿਕਸ਼ੇ ਲਏ ਤੇ ਘਰ ਵੱਲ ਚੱਲ ਪਈਆਂ। ਅਸੀਂ ਸਿਆਣਾ ਜਿਹਾ ਬੰਦਾ ਦੇਖ ਕੇ ਹੀ ਰਿਕਸ਼ੇ ਵਿੱਚ ਬੈਠਦੀਆਂ ਸੀ.. ਕਿਉਂਕਿ ਹਨੇਰੇ ਵੇਲੇ ਸਾਨੂੰ ਰਿਕਸ਼ੇ ਵਾਲੇ ਤੋਂ ਵੀ ਭੈਅ ਆਉਂਦਾ ਸੀ। ਰਿਕਸ਼ੇ ਵਾਲਾ ਰਿਕਸ਼ਾ ਬਹੁਤ ਹੌਲੀ ਚਲਾ ਰਿਹਾ ਸੀ। ਇੱਕ-ਦੋ ਵਾਰੀ ਮੈਂ ਉਸਨੂੰ ਕਿਹਾ,” ਬਾਬਾ ਜੀ ਥੋੜ੍ਹਾ ਤੇਜ਼ ਚਲਾਵੋ। ਮੈਂ ਪਹਿਲਾਂ ਹੀ ਕਾਫ਼ੀ ਲੇਟ ਹੋ ਗਈ ਹਾਂ। ਮੇਰਾ ਵੀ ਪਿੱਛੇ ਛੋਟਾ ਜਿਹਾ ਬੱਚਾ ਸੀ, ਜਿਸਨੂੰ ਸਵੇਰੇ ਛੇ ਵਜੇ ਦੀ ਛੱਡਕੇ ਸਕੂਲ ਗਈ ਹੋਈ ਸੀ। ਹੁਣ ਸ਼ਾਮ ਦੇ ਸੱਤ ਵੱਜਦੇ ਜਾ ਰਹੇ ਸਨ।
ਪਹਿਲੀ ਵਾਰ ਤਾਂ ਉਹ ਕੁਝ ਨਾ ਬੋਲਿਆ। ਮੇਰੇ ਦੂਜੀ ਵਾਰੀ ਰਿਕਸ਼ਾ ਤੇਜ਼ ਕਰਨ ਤੇ ਉਸਨੇ ਰੋਣਹਾਕੇ ਹੋ ਕੇ ਕਿਹਾ,” ਬੇਟੀ ਤੇਜ਼ ਕਿਵੇਂ ਚਲਾਵਾਂ ਤਿੰਨ ਦਿਨਾਂ ਤੋ ਕੁਛ ਨਹੀਂ ਖਾਧਾ। ਸਿਰਫ਼ ਇਕ ਚਾਵਲ ਦੀ ਕੜਛੀ ਮਿਲ਼ੀ ਸੀ। ਸਵੇਰ ਦਾ ਤਾਂ ਬਿਲਕੁਲ ਹੀ ਪਾਣੀ ਪੀ ਕੇ ਗੁਜ਼ਾਰਾ ਕਰ ਰਿਹਾ ਹਾਂ।’’
ਸੁਣ ਕੇ ਮੇਰਾ ਦਿਲ ਦੁੱਖ ਨਾਲ ਭਰ ਗਿਆ। ਮੈਂ ਉਸ ਨੂੰ ਰਿਕਸ਼ਾ ਰੋਕਣ ਲਈ ਕਿਹਾ ਤਾਂ ਕਿ ਮੈਂ ਉਤਰ ਸਕਾਂ, ਪਰ ਉਹ ਇਸ ਲਈ ਵੀ ਰਾਜ਼ੀ ਨਾ ਹੋਇਆ ਕਿਉਂਕਿ ਉਸਨੂੰ ਸਵੇਰ ਦੀ ਮਸਾਂ ਇਕ ਤਾਂ ਸਵਾਰੀ ਮਿਲੀ ਸੀ, ਜੇ ਇਹ ਵੀ ਉੱਤਰ ਗਈ ਤਾਂ …। ਮੈਂ ਬਹੁਤ ਜ਼ੋਰ ਲਗਾਇਆ ਕਿ ਪੈਸੇ ਪੂਰੇ ਦੇਵਾਂਗੀ ਪਰ ਉਹ ਨਾ ਮੰਨਿਆ । ਉਹ ਤਾਂ ਜਿਵੇਂ ਮੈਨੂੰ ਘਰ ਤੱਕ ਛੱਡਕੇ ਆਉਣ ਦੀ ਜ਼ਿੱਦ ਕਰੀ ਬੈਠਾ ਸੀ। ਫਿਰ ਮੈਂ ਉਸਨੂੰ ਕਿਹਾ ਕਿ ਇਉਂ ਕਰ ਬਾਬਾ ਪਹਿਲਾਂ ਰੋਟੀ ਖਾ ਲੈ। ਆਪਾਂ ਫਿਰ ਚਲੇ ਜਾਵਾਂਗੇ। ਮੈਂ ਇਹ ਵੀ ਸੋਚਿਆ ਕਿ ਲੇਟ ਤਾਂ ਹੋ ਹੀ ਗਈ ਹਾਂ। ਕੁਝ ਦੇਰ ਹੋਰ ਸਹੀ। ਰਸਤੇ ਵਿੱਚ ਰੁਕਣਾ ਵੀ ਉਸਨੇ ਮੁਨਾਸਿਬ ਨਾ ਸਮਝਿਆ ।
ਘਰ ਪਹੁੰਚਣ ਸਾਰ ਪਹਿਲਾਂ ਮੈਂ ਉਸਨੂੰ ਸੱਸ ਮਾਂ ਦੀਆਂ ਦਿੱਤੀਆਂ ਮੇਥਿਆਂ ਵਾਲੀਆਂ ਚਾਰ ਰੋਟੀਆਂ ਦਿੱਤੀਆਂ। ਨਾਲ ਹੀ ਗਲਾਸ ਭਰਕੇ ਘਰੋਂ ਲਿਆਂਦਾ ਦੁੱਧ ਦਿੱਤਾ। ਪੈਸੇ ਤਾਂ ਦੇਣੇ ਹੀ ਸੀ। ਉਹ ਸੌ-ਸੌ ਅਸੀਸਾਂ ਦਿੰਦਾ ਆਪਣਾ ਪੇਟ ਭਰ ਕੇ ਗਿਆ। ਉਸ ਦਿਨ ਤੋ ਬਾਅਦ ਮੈਂ ਸੱਸ ਮਾਂ ਦੀਆਂ ਪਕਾਈਆਂ ਰੋਟੀਆਂ ਲਿਆਉਣ ਤੋਂ ਕਦੇ ਮਨ੍ਹਾਂ ਨਹੀਂ ਕੀਤਾ ।
ਸੰਪਰਕ: 94642-24314