ਪਿਛਲੀਆਂ ਸਰਕਾਰਾਂ ਵੋਟ ਬੈਂਕ ਦੀ ਰਾਜਨੀਤੀ ਦੇ ਅਨੁਕੂਲ ਨੀਤੀਆਂ ਘੜਦੀਆਂ ਸਨ: ਨਰਿੰਦਰ ਮੋਦੀ
ਨਵੀਂ ਦਿੱਲੀ, 16 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਪਿਛਲੀਆਂ ਸਰਕਾਰਾਂ ਵੋਟ ਬੈਂਕ ਦੀ ਰਾਜਨੀਤੀ ਦੇ ਅਨੁਕੂਲ ਨੀਤੀਆਂ ਘੜਦੀਆਂ ਸਨ, ਪਰ ਮੌਜੂਦਾ ਵਿਵਸਥਾ ਨੇ ਇਹ ਯਕੀਨੀ ਬਣਾਇਆ ਹੈ ਕਿ ਲੋਕਾਂ ਦਾ ਸਰਕਾਰ ਵਿੱਚ ਵਿਸ਼ਵਾਸ ਬਹਾਲ ਹੋਇਆ ਹੈ। ਐਚਟੀ ਲੀਡਰਸ਼ਿਪ ਸੰਮੇਲਨ ਵਿੱਚ ਮੁੱਖ ਭਾਸ਼ਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ "ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ" ਤਰੱਕੀ ਦੇ ਮੰਤਰ ਨਾਲ ਅੱਗੇ ਵਧ ਰਹੀ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਸਾਡਾ ਟੀਚਾ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣਾ ਹੈ। ਪਹਿਲਾਂ ਚੋਣਾਂ ਜਿੱਤਣ ਲਈ ਸਰਕਾਰਾਂ ਚਲਾਈਆਂ ਜਾਂਦੀਆਂ ਸਨ ਅਤੇ ਵੋਟ ਬੈਂਕ ਦੀ ਰਾਜਨੀਤੀ ਦੇ ਅਨੁਕੂਲ ਨੀਤੀਆਂ ਬਣਾਈਆਂ ਜਾਂਦੀਆਂ ਸਨ। ਪਰ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਲੋਕਾਂ ਦਾ ਸਰਕਾਰ ਵਿੱਚ ਵਿਸ਼ਵਾਸ ਬਹਾਲ ਹੋਵੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ ਹੋਏ ਬਦਲਾਅ ਨੇ ਨਾਗਰਿਕਾਂ ਵਿੱਚ ਜੋਖਮ ਲੈਣ ਵਾਲੇ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਹੈ। 2014 ਵਿੱਚ ਦੇਸ਼ ਦਾ ਕੇਂਦਰੀ ਬਜਟ 16 ਲੱਖ ਕਰੋੜ ਦੇ ਕਰੀਬ ਸੀ ਅਤੇ ਅੱਜ ਇਹ 48 ਲੱਖ ਕਰੋੜ ਰੁਪਏ ਹੈ। ਪੂੰਜੀਗਤ ਖਰਚ 11 ਲੱਖ ਕਰੋੜ ਰੁਪਏ ਤੋਂ ਵੱਧ ਹੈ ਅਤੇ ਇਹ ਨਵੇਂ ਸਕੂਲਾਂ, ਖੋਜ ਸਹੂਲਤਾਂ ਅਤੇ ਰੇਲ ਖੇਤਰ ’ਤੇ ਖਰਚ ਕੀਤਾ ਜਾ ਰਿਹਾ ਹੈ ਅਤੇ ਜਨਤਾ ਦੇ ਪੈਸੇ ਦੀ ਵੀ ਬਚਤ ਕੀਤੀ ਜਾ ਰਹੀ ਹੈ। ਪੀਟੀਆਈ