ਪਿਛਲੀਆਂ ਸਰਕਾਰਾਂ ਨੇ ਕਲਿਆਣਕਾਰੀ ਰਾਜ ਦੀ ਧਾਰਨਾ ਲਈ ਦਿਲੋਂ ਕੰਮ ਨਹੀਂ ਕੀਤਾ: ਸ਼ਾਹ
ਅਹਿਮਦਾਬਾਦ, 7 ਦਸੰਬਰ
ਇੱਥੇ ਗੁਜਰਾਤ ਲੋਕ ਸੇਵਾ ਟਰੱਸਟ ਵੱਲੋਂ ਕਰਵਾਏ ਗਏ ਸਾਲਾਨਾ ਸਮਾਗਮ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਲ 2014 ਤੋਂ ਪਹਿਲੀਆਂ ਸਰਕਾਰਾਂ ਨੇ ਕਲਿਆਣਕਾਰੀ ਰਾਜ ਦੀ ਸੰਵਿਧਾਨਕ ਧਾਰਨਾ ਸਾਕਾਰ ਕਰਨ ਲਈ ਪੂਰੇ ਦਿਲ ਨਾਲ ਕੰਮ ਨਹੀਂ ਕੀਤਾ ਜਦਕਿ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਲੀਅਤ ’ਚ ਸਾਕਾਰ ਕੀਤਾ। ਸ੍ਰੀ ਸ਼ਾਹ ਨੇ ਕਿਹਾ ਕਿ ਸ੍ਰੀ ਮੋਦੀ ਨੇ ਇਹ ਗੱਲ ਸਮਝ ਲਈ ਸੀ ਕਿ ਭਾਰਤ ਦਾ ਵਿਕਾਸ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਇਸਦੀ 60 ਕਰੋੜ ਆਬਾਦੀ ਗ਼ਰੀਬ ਰਹੇਗੀ। ਉਨ੍ਹਾਂ ਪਿਛਲੇ ਦਸ ਸਾਲਾਂ ਵਿੱਚ 25 ਕਰੋੜ ਲੋਕਾਂ ਨੂੰ ਗ਼ਰੀਬੀ ’ਚੋਂ ਕੱਢਣ ਲਈ ਕੰਮ ਕੀਤਾ। ਉਨ੍ਹਾਂ ਕਿਹਾ,‘ਹਾਲਾਂਕਿ ਕੋਈ ਵੀ ਸਰਕਾਰ ਇਕੱਲੇ ਇੰਨਾ ਵੱਡਾ ਕੰਮ ਨਹੀਂ ਕਰ ਸਕਦੀ। ਜੇ ਟਰੱਸਟ, ਵਿਅਕਤੀ ਤੇ ਸੇਵਾ ਸੰਗਠਨ ਇਕੱਠੇ ਅੱਗੇ ਆਉਣ ਤਾਂ ਅਸੀਂ ਜਲਦੀ ਹੀ ਇਸ ਸਮੱਸਿਆ ’ਚੋਂ ਬਾਹਰ ਨਿਕਲ ਜਾਵਾਂਗੇ।’ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸ਼ਾਹ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਗ਼ਰੀਬਾਂ ਲਈ ਘਰ ਬਣਾਉਣ ਤੇ ਪਾਣੀ ਮੁਹੱਈਆ ਕਰਵਾਉਣ, ਗੈਸ ਸਿਲੰਡਰ ਦੇਣ, ਸਿਹਤ ਸਹੂਲਤਾਂ ਦੇ ਮੁਫ਼ਤ ਰਾਸ਼ਨ ਦੇਣ ਦੀਆਂ ਗੱਲਾਂ ਕਰਦੀਆਂ ਰਹੀਆਂ। ਇਹ ਸਿਰਫ਼ ਪ੍ਰਧਾਨ ਮੰਤਰੀ ਮੋਦੀ ਸਨ ਜਿਨ੍ਹਾਂ ਕਲਿਆਣਕਾਰੀ ਰਾਜ ਦੀ ਧਾਰਨਾ ਨੂੰ ਸਾਕਾਰ ਕੀਤਾ। ਉਨ੍ਹਾਂ ਕਿਹਾ,‘ਸਾਲ 2014 ਵਿੱਚ ਲੋਕਾਂ ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਸ੍ਰੀ ਮੋਦੀ ਨੇ ਫ਼ੈਸਲਾ ਕੀਤਾ ਸੀ ਕਿ ਕੋਈ ਵੀ ਘਰ ਅਜਿਹਾ ਨਹੀਂ ਹੋਵੇਗਾ, ਜਿੱਥੇ ਪਖਾਨਾ ਨਾ ਹੋਵੇ ਜਦਕਿ ਕੋਈ ਵਿਅਕਤੀ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਕੋਲ ਘਰ ਜਾਂ ਗੈਸ ਸਿਲੰਡਰ ਨਾ ਹੋਵੇ। ਸ੍ਰੀ ਮੋਦੀ ਨੇ ਸਾਲ 2014 ਤੋਂ 60 ਕਰੋੜ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇ ਕੇ ਇਹ ਯਕੀਨੀ ਬਣਾਇਆ ਕਿ ਸੰਵਿਧਾਨ ਨਿਰਮਾਤਾਵਾਂ ਵੱਲੋਂ ਸੋਚੀ ਗਈ ਕਲਿਆਣਕਾਰੀ ਰਾਜ ਦੀ ਧਾਰਨਾ ਅਸਲ ’ਚ ਵੀ ਸਾਕਾਰ ਹੋਵੇ। -ਪੀਟੀਆਈ