ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਹਰਿਆਲੀ, ਸਭਿਆਚਾਰ ਤੇ ਖੇਡਾਂ ਪੱਖੋਂ ਵੀ ਕਮਜ਼ੋਰ ਕੀਤਾ: ਧਾਲੀਵਾਲ
ਰਾਜਨ ਮਾਨ
ਰਾਮਦਾਸ, 6 ਅਗਸਤ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਪੰਜਾਬ ਨੂੰ ਆਰਥਿਕ ਪੱਖੋਂ ਹੀ ਨਹੀਂ, ਸਗੋਂ ਹਰਿਆਲੀ, ਸਭਿਆਚਾਰਕ ਤੇ ਖੇਡਾਂ ਪੱਖੋਂ ਵੀ ਪਿੱਛੇ ਸੁੱਟਿਆ ਹੈ। ਉਹ ਅੱਜ ਇਤਿਹਾਸਿ ਅਸਥਾਨ ਗੁਰਦੁਆਰਾ ਬਾਬਾ ਮਹਿਰ ਬੁਖਾਰੀ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਨ ਮੌਕੇ ਬੋਲ ਹੇ ਸਨ। ਸ੍ਰੀ ਧਾਲੀਵਾਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਜ਼ਰੂਰ ਕਰਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਤੱਕ ਜਿਹੜੀਆਂ ਵੀ ਪਾਰਟੀਆਂ ਨੇ ਪੰਜਾਬ ਵਿੱਚ ਸੱਤਾ ਹੰਢਾਈ ਹੈ ਉਨ੍ਹਾਂ ਨੇ ਪੰਜਾਬ ਨੂੰ ਆਰਥਿਕ ਪੱਖੋਂ ਹੀ ਕਮਜ਼ੋਰ ਨਹੀਂ ਕੀਤਾ ਬਲਕਿ ਸਭਿਆਚਾਰ, ਖੇਡਾਂ ਤੇ ਹਰਿਆਵਲ ਪੱਖੋਂ ਵੀ ਬਹੁਤ ਪਛਾੜਿਆ ਹੈ। ਉਨ੍ਹਾਂ ਸਰਕਾਰਾਂ ਦਾ ਇੱਕੋ-ਇੱਕ ਮਕਸਦ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਆਪਣੇ ਘਰ ਭਰਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਦਾ ਖਮਿਆਜ਼ਾ ਅੱਜ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਲੋਕ ਹਰੇਕ ਪੱਖ ਤੋਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਨੂੰ ਆਰਥਿਕ ਪੱਖੋਂ ਹੀ ਨਹੀਂ ਸਗੋਂ ਦੂਸਰੇ ਸਾਰਿਆਂ ਪੱਖਾਂ ਤੋਂ ਵੀ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਹਲਕਾ ਅਜਨਾਲਾ ਅੰਦਰ ਬਾਰਿਸ਼ ਇਸ ਮੌਸਮ ਦੌਰਾਨ ਇਕ ਲੱਖ ਬੂਟੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮਾਂ ਕੰਮ ਕਰਨ ਦਾ ਹੈ ਅਤੇ ‘ਆਪ’ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਸ਼੍ਰੋਮਣੀ ਅਕਾਲੀ ਦਲ ’ਤੇ ਤਨਜ਼ ਕੱਸਦਿਆਂ ਧਾਲੀਵਾਲ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਦੋਖੀ ਸਨ, ਅੱਜ ਲੋਕਾਂ ਨੇ ਉਨ੍ਹਾਂ ਨੂੰ ਸਿਆਸੀ ਹਾਸ਼ੀਏ ਤੋਂ ਹੀ ਬਾਹਰ ਕਰ ਦਿੱਤਾ ਹੈ।