ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਲਦਾਰ ਬੂਟਿਆਂ ਦੇ ਕੀੜਿਆਂ ਦੀ ਰੋਕਥਾਮ

07:30 AM Nov 30, 2024 IST

ਹਰਪਾਲ ਸਿੰਘ ਰੰਧਾਵਾ/ਭੁਪਿੰਦਰ ਸਿੰਘ ਢਿੱਲੋਂ*/ ਰਾਜਵਿੰਦਰ ਕੌਰ ਸੰਧੂ**

Advertisement

ਪੱਤਝੜ ਫਲਾਂ (ਆੜੂ, ਅਲੂਚਾ ਅਤੇ ਨਾਸ਼ਪਤੀ) ਦੀ ਖੇਤੀ ਜ਼ਿਆਦਾਤਰ ਹਿਮਾਚਲ, ਜੰਮੂ ਕਸ਼ਮੀਰ, ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਇਨ੍ਹਾਂ ਫਲਦਾਰ ਬੂਟਿਆਂ ਦੀ ਖੇਤੀ ਨੀਮ-ਪਹਾੜੀ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ। ਭਾਵੇਂ ਪੰਜਾਬ ਵਿੱਚ ਲਗਪਗ 5536 ਹੈਕਟੇਅਰ ਰਕਬੇ ’ਚ ਇਨ੍ਹਾਂ ਫਲਾਂ ਦੀ ਖੇਤੀ ਕੀਤੀ ਜਾਂਦੀ ਹੈ ਪਰ ਔਸਤਨ ਝਾੜ ਘੱਟ ਅਤੇ ਫਲ ਦੀ ਗੁਣਵੱਤਾ ਵੀ ਚੰਗੀ ਨਹੀਂ ਹੁੰਦੀ। ਇਸ ਦੇ ਕਈ ਪ੍ਰਮੁੱਖ ਕਾਰਨ ਜਿਵੇਂ ਕਿਸਮ ਦੀ ਚੋਣ, ਬੂਟਿਆਂ ਦੀ ਗਿਣਤੀ ਪ੍ਰਤੀ ਏਕੜ ਘੱਟ ਹੋਣਾ, ਖਾਦਾ ਅਤੇ ਪਾਣੀ ਦੀ ਬੇਲੋੜੀ ਵਰਤੋਂ, ਪਰ ਕੀੜੇ-ਮਕੌੜੇ ਔਸਤਨ ਝਾੜ ਅਤੇ ਫਲ ਦੀ ਗੁਣਵੱਤਾ ਨੂੰ ਬਹੁਤ ਪ੍ਰਭਾਵਤਿ ਕਰਦੇ ਹਨ।

ਮੁੱਖ ਕੀੜੇ-

ਨਰਮ ਪੱਤਿਆਂ ਦਾ ਤੇਲਾ/ਨਾਸ਼ਪਾਤੀ ਦੇ ਚੇਪੇ:

Advertisement

ਕਈ ਵਾਰ ਇਹ ਕੀੜੇ ਪੱਤਿਆਂ ਅਤੇ ਨਰਮ ਟਾਹਣੀਆਂ ਦਾ ਰਸ ਚੂਸ ਕੇ ਬਹੁਤ ਨੁਕਸਾਨ ਕਰਦੇ ਹਨ। ਇਹ ਕੀੜੇ ਫਰਵਰੀ ਦੇ ਆਖ਼ਰੀ ਹਫ਼ਤੇ ਤੋਂ ਲੈ ਕੇ ਅਪਰੈਲ ਦੇ ਪਹਿਲੇ ਹਫ਼ਤੇ ਤੱਕ ਹਮਲਾ ਕਰਦੇ ਹਨ। ਇਸ ਕਿਸਮ ਦਾ ਚੇਪਾ ਨਰਮ ਤਣਿਆਂ, ਫੁੱਲ ਡੋਡੀਆਂ, ਫੁੱਲਾਂ, ਪੱਤਿਆਂ ਅਤੇ ਫਲਾਂ ਵਿਚੋਂ ਰਸ ਚੂਸ ਕੇ ਫਲਦਾਰ ਬੂਟਿਆਂ ਦਾ ਨੁਕਸਾਨ ਕਰਦਾ ਹੈ। ਇਹ ਕੀੜਾ ਰਸ ਚੂਸ ਕੇ ਸ਼ਹਿਦ ਵਰਗਾ ਮਿੱਠਾ ਮਾਦਾ ਲਗਾਤਾਰ ਛਡਦਾ ਰਹਿੰਦਾ ਹੈ, ਜਿਸ ਨਾਲ ਪੱਤਿਆਂ ’ਤੇ ਕਾਲੀ ਉੱਲੀ ਜੰਮ੍ਹਣ ਕਾਰਨ ਬੂਟੇ ਦੀ ਖ਼ੁਰਾਕ ਬਣਾਉਣ ਦੀ ਪ੍ਰਕਿਰਿਆ ਨੂੰ ਨੁਕਸਾਨ ਹੁੰਦਾ ਹੈ। ਰੋਕਥਾਮ ਲਈ ਗੰਭੀਰ ਹਮਲੇ ਹੇਠ ਆਏ ਪੱਤੇ ਕੱਟ ਕੇ ਨਸ਼ਟ ਕਰਦੇ ਰਹੋ।

ਪੱਤੇ ਮਰੁੰਡਣ ਵਾਲਾ ਚੇਪਾ (ਏਫਿਡ):

ਇਹ ਕੀੜਾ ਟਾਹਣੀਆਂ ਦੀਆਂ ਅੱਖਾਂ ਅਤੇ ਪੱਤਿਆਂ ਦਾ ਰਸ ਚੂਸਦਾ ਹੈ। ਇਸ ਕਾਰਨ ਪੱਤੇ ਝੁਰੜ-ਮੁਰੜ ਅਤੇ ਪੀਲੇ ਹੋ ਜਾਂਦੇ ਹਨ। ਹਮਲੇ ਦੀਆਂ ਗੰਭੀਰ ਹਾਲਤਾਂ ਵਿੱਚ ਫਲ ਲੱਗਣ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਬਣ ਰਹੇ ਫਲ ਡਿੱਗ ਪੈਂਦੇ ਹਨ। ਇਹ ਕੀੜਾ ਮਾਰਚ ਤੋਂ ਮਈ ਤੱਕ ਜ਼ਿਆਦਾ ਚੁਸਤ ਹੁੰਦਾ ਹੈ।

ਆੜੂ ਦਾ ਰਸ ਚੂਸਣ ਵਾਲਾ ਕਾਲਾ ਚੇਪਾ:

ਇਹ ਕੀੜਾ ਕਾਲੇ ਰੰਗ ਦਾ ਅਤੇ ਦੂਜੇ ਚੇਪੇ ਨਾਲੋਂ ਵੱਡਾ ਹੁੰਦਾ ਹੈ। ਇਹ ਕੀੜੇ ਅਪਰੈਲ-ਜੂਨ ਵਿਚ ਤਣੇ ਦੀ ਛਿੱਲ ਅਤੇ ਨਰਮ ਸ਼ਾਖ਼ਾਂ ਦਾ ਰਸ ਚੂਸ ਕੇ ਬੂਟੇ ਦਾ ਨੁਕਸਾਨ ਕਰਦੇ ਹਨ।

ਛਿੱਲ ਖਾਣ ਵਾਲੇ ਸੁੰਡ:

ਇਹ ਸੁੰਡ ਤਣੇ ਅਤੇ ਸ਼ਾਖਾਂ ਵਿੱਚ ਮੋਰੀਆਂ ਕਰਦੇ ਹਨ ਅਤੇ ਛਿੱਲ ਹੇਠ ਉਹ ਆਪਣੇ ਮਲ-ਮੂਤਰ ਥੱਲੇ ਰਹਿੰਦੇ ਹਨ। ਘੱਟ ਦੇਖ-ਭਾਲ ਵਾਲੇ ਬਾਗ਼ਾਂ ਵਿੱਚ ਇਸ ਕੀੜੇ ਦਾ ਹਮਲਾ ਜ਼ਿਆਦਾ ਹੁੰਦਾ ਹੈ। ਰੋਕਥਾਮ ਲਈ ਕੀੜੇ ਦੇ ਹਮਲੇ ਕਾਰਨ ਬਣਿਆ ਜਾਲਾ ਉਤਾਰ ਕੇ ਮੋਰੀਆਂ ਵਿੱਚ ਮਿੱਟੀ ਦਾ ਤੇਲ ਸਤੰਬਰ-ਅਕਤੂਬਰ ਅਤੇ ਫਿਰ ਜਨਵਰੀ ਦੇ ਮਹੀਨੇ ਪਾ ਦੇਣਾ ਚਾਹੀਦਾ ਹੈ। ਆਲੇ-ਦੁਆਲੇ ਦੇ ਸਾਰੇ ਪੌਦਿਆਂ ਉੱਤੇ ਜਿਨ੍ਹਾਂ ’ਤੇ ਇਹ ਸੁੰਡ ਰਹਿੰਦੇ ਹਨ, ਉਨ੍ਹਾਂ ’ਤੇ ਵੀ ਛਿੜਕਾਅ ਕਰੋ।

ਕੁਤਰਾ/ਜੱਤਲ ਸੁੰਡੀ:

ਇਸ ਕੀੜੇ ਦੀ ਮਾਦਾ ਮੱਖੀ ਪੱਤੇ ਦੇ ਉੱਪਰਲੇ ਹਿੱਸੇ ’ਤੇ ਗੁੱਛਿਆਂ ਵਿੱਚ ਆਂਡੇ ਦਿੰਦੀ ਹੈ ਅਤੇ ਆਂਡਿਆਂ ਨੂੰ ਪੀਲੇ ਵਾਲਾਂ ਨਾਲ ਢਕ ਦਿੰਦੀ ਹੈ। ਆਂਡਿਆਂ ਵਿੱਚੋਂ ਸੁੰਡੀਆਂ ਨਿੱਕਲਣ ਉਪਰੰਤ ਛੋਟੇ ਕੁਤਰੇ ਪੱਤਿਆਂ ਨੂੰ ਪੂਰੀ ਤਰ੍ਹਾਂ ਖਾ ਜਾਂਦੇ ਹਨ। ਉਸ ਤੋਂ ਬਾਅਦ ਸੁੰਡੀਆਂ ਵੱਖ-ਵੱਖ ਹੋ ਕੇ ਪੱਤਿਆਂ ਉੱਪਰ ਪਲਦੀਆਂ ਹਨ। ਗੰਭੀਰ ਹਮਲਾ ਹੋਣ ’ਤੇ ਸਾਰਾ ਦਰੱਖਤ ਪੱਤਿਆਂ ਤੋਂ ਰਹਿਤ ਹੋ ਜਾਂਦਾ ਹੈ। ਛੋਟੇ ਕੁਤਰਿਆਂ ਦੇ ਵਾਲਾਂ ਦਾ ਰੰਗ ਚਿੱਟਾ ਹੁੰਦਾ ਹੈ ਅਤੇ ਵੱਡੇ ਕੁਤਰਿਆਂ ਦੇ ਸਿਰ ਦਾ ਰੰਗ ਲਾਲ ਹੁੰਦਾ ਹੈ। ਸਰੀਰ ਦਾ ਰੰਗ ਗੂੜ੍ਹਾ ਭੂਰਾ ਅਤੇ ਸਿਰ ਦੇ ਵਾਲਾਂ ਦਾ ਰੰਗ ਸਫੈਦ ਅਤੇ ਪਿਛਲੇ ਪਾਸੇ ਗੁੱਛੇਦਾਰ ਲੰਬੇ ਵਾਲ ਹੁੰਦੇ ਹਨ। ਵੱਡੇ ਪਤੰਗਿਆਂ ਦੇ ਮੂਹਰਲੇ ਖੰਭਾਂ ਉੱਪਰ ਪੀਲੇ ਰੰਗ ਦੀਆਂ ਟੇਢੀਆਂ ਧਾਰੀਆਂ ਹੁੰਦੀਆਂ ਹਨ।

ਮਾਈਟ (ਪੱਤਿਆਂ ਦੀ ਜੂੰ):

ਅਪਰੈਲ-ਮਈ ਦੇ ਮਹੀਨਿਆਂ ਵਿੱਚ ਜੂੰ ਦਾ ਹਮਲਾ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਪੱਤਿਆਂ ਉੱਤੇ ਹਲਕੇ ਪੀਲੇ ਰੰਗ ਦੇ ਛੋਟੇ-ਛੋਟੇ ਧੱਬੇ ਪੈ ਜਾਂਦੇ ਹਨ। ਗੰਭੀਰ ਹਮਲੇ ਦੀ ਹਾਲਤ ਵਿੱਚ ਪੱਤੇ ਪੀਲੇ ਪੈਣ ਮਗਰੋਂ ਸੁੱਕ ਕੇ ਝੜ ਜਾਂਦੇ ਹਨ। ਹਮਲੇ ਵਾਲੇ ਪੱਤਿਆਂ ’ਤੇ ਧੂੜ ਜਮ੍ਹਾਂ ਹੋ ਜਾਂਦੀ ਹੈ। ਜੂੰ ਦੇ ਹਮਲੇ ਤੋਂ ਬਚਾਅ ਲਈ ਅਪਰੈਲ-ਜੂਨ ਦੌਰਾਨ ਆਮ ਨਾਲੋਂ ਘੱਟ ਵਕਫ਼ੇ ’ਤੇ ਸਿੰਜਾਈ ਕਰੋ। ਬਾਗ਼ਾਂ ਨੇੜਿਓਂ ਅਰਿੰਡ ਅਤੇ ਭੰਗ ਦੇ ਪੌਦੇ ਜਿਨ੍ਹਾਂ ’ਤੇ ਮਾਈਟ ਦਾ ਹਮਲਾ ਹੁੰਦਾ ਹੈ, ਨੂੰ ਪੁੱਟ ਕੇ ਨਸ਼ਟ ਕਰਦੇ ਰਹੋ।

ਚੈਫਰ ਅਤੇ ਪੱਤੇ ਖਾਣ ਵਾਲੇ ਹੋਰ ਕੀਟ-ਪਤੰਗੇ:

ਜਵਾਨ ਕੀੜੇ ਵਰਖਾ ਰੁੱਤ ਸ਼ੁਰੂ ਹੋਣ ਸਮੇਂ ਨਿਕਲਦੇ ਹਨ ਅਤੇ ਰਾਤ ਸਮੇਂ ਪੱਤੇ ਖਾਂਦੇ ਹਨ। ਦਿਨ ਸਮੇਂ ਇਹ ਕੀੜੇ ਜ਼ਮੀਨ ਵਿਚ ਲੁਕ ਜਾਂਦੇ ਹਨ। ਗੰਭੀਰ ਹਮਲੇ ਦੀ ਹਾਲਤ ਵਿੱਚ ਕੀੜੇ ਫੁੱਲ ਖਾ ਜਾਂਦੇ ਹਨ। ਇਹ ਕੀੜੇ ਜ਼ਮੀਨ ਵਿਚ ਆਂਡੇ ਦਿੰਦੇ ਹਨ। ਇਨ੍ਹਾਂ ਦੀਆਂ ਸੁੰਡੀਆਂ ਜੜ੍ਹਾਂ ਦਾ ਨੁਕਸਾਨ ਕਰਦੀਆਂ ਹਨ ਜਿਸ ਕਾਰਨ ਬੂਟੇ ਮਰ ਜਾਂਦੇ ਹਨ।

ਚੌੜੇ ਸਿਰ ਵਾਲਾ ਗੜੂੰਆਂ:

ਇਹ ਆੜੂ ਦਾ ਖ਼ਤਰਨਾਕ ਕੀੜਾ ਹੈ। ਇਸ ਦੇ ਜਵਾਨ ਕੀੜੇ ਅੱਧ ਮਾਰਚ ਤੋਂ ਪੱਤਿਆਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ। ਇਹ ਕੀੜੇ ਤਣੇ ਅਤੇ ਮੋਟੀਆਂ ਟਾਹਣੀਆਂ ਵਿੱਚ ਆਂਡੇ ਦਿੰਦੇ ਹਨ। ਆਂਡਿਆਂ ਵਿੱਚੋਂ ਸੁੰਡੀਆਂ ਨਿਕਲ ਕੇ ਛਿੱਲ ਹੇਠੋਂ ਖਾ ਕੇ ਮੋਰੀਆਂ ਕਰ ਦਿੰਦੀਆਂ ਹਨ, ਨਤੀਜੇ ਵਜੋਂ ਛਿਲਕਾ ਪੋਲਾ ਹੋ ਕੇ ਫਟ ਜਾਂਦਾ ਹੈ ਅਤੇ ਮੋਰੀਆਂ ਵਿੱਚੋਂ ਗੂੰਦ ਬਾਹਰ ਨਿਕਲਣਾ ਸ਼ੁਰੂ ਹੋ ਜਾਂਦੀ ਹੈ। ਪੱਤੇ ਪੀਲੇ ਹੋ ਕੇ ਬੂਟੇ ਦਾ ਵਾਧਾ ਰੁਕ ਜਾਂਦਾ ਹੈ। ਗੰਭੀਰ ਹਾਲਤਾਂ ਵਿੱਚ ਬੂਟਾ ਮਰ ਵੀ ਸਕਦਾ ਹੈ।

ਟੋਪੀ ਵਾਲੀ ਸੁੰਡੀ (ਕੇਸ ਸੁੰਡੀ):

ਇਸ ਕੀੜੇ ਦਾ ਨਾਮ ਹੀ ਦਰਸਾਉਂਦਾ ਹੈ ਕਿ ਇਹ ਸ਼ੰਖੂ ਆਕਾਰ ਟੋਪੀਦਾਰ ਕੀੜਾ ਹੈ। ਆਮ ਤੌਰ ’ਤੇ ਇਸ ਦਾ ਸਰੀਰ ਟੋਪੀ ਨਾਲ ਢਕਿਆ ਹੁੰਦਾ ਹੈ ਅਤੇ ਇਸ ਦੀ ਹੋਂਦ ਦਾ ਪਤਾ ਨਹੀਂ ਲਗਦਾ। ਇਹ ਕੀੜਾ ਨਰਮ ਪੱਤਿਆਂ, ਕੋਮਲ ਟਾਹਣੀਆਂ, ਨਰਮ ਸ਼ਾਖਾ ਅਤੇ ਤਣੇ ਦੀ ਛਿੱਲ ਖਾਂਦਾ ਹੈ। ਕਈ ਵਾਰ ਇਹ ਫਲ ਦੀ ਛਿੱਲੜ ਨੂੰ ਵੀ ਖ਼ਰਾਬ ਕਰ ਦਿੰਦਾ ਹੈ।

ਫਲ ਦੀਆਂ ਮੱਖੀਆਂ:

ਇਹ ਮੱਖੀਆਂ ਆੜੂ, ਅਲੂਚਾ ਅਤੇ ਨਾਸ਼ਪਾਤੀ ਦੇ ਹਾਨੀਕਾਰਕ ਕੀੜੇ ਹਨ। ਫਲ ਦੀ ਮੱਖੀ ਫਲਾਂ ਦੇ ਰੰਗ ਬਦਲਣ ਸਮੇਂ ਨਰਮ ਛਿਲਕੇ ਦੇ ਅੰਦਰ ਆਂਡੇ ਦਿੰਦੀ ਹੈ। ਆਂਡਿਆਂ ਵਿੱਚੋਂ ਬੱਚੇ ਨਿਕਲਣ ਤੋਂ ਬਾਅਦ ਇਹ ਫਲਾਂ ਵਿੱਚ ਛੇਕ/ਮੋਰੀਆਂ ਕਰ ਦਿੰਦੇ ਹਨ ਅਤੇ ਨਰਮ ਗੁੱਦਾ ਖਾਂਦੇ ਹਨ। ਹਮਲੇ ਵਾਲੇ ਫਲ ਖਾਣ ਯੋਗ ਨਹੀਂ ਰਹਿੰਦੇ ਅਤੇ ਮੰਡੀਕਰਨ ਕੀਮਤ ਵੀ ਬਹੁਤ ਘਟ ਜਾਂਦੀ ਹੈ। ਜ਼ਿਆਦਾ ਹਮਲੇ ਨਾਲ ਫਲ ਗਲ ਕੇ ਹੇਠਾਂ ਡਿੱਗ ਪੈਂਦੇ ਹਨ।

ਰੋਕਥਾਮ

* ਆੜੂ ਦੀਆਂ ਜਲਦੀ ਪੱਕਣ ਵਾਲੀਆਂ ਕਿਸਮਾਂ ਜਿਵੇਂ ਪ੍ਰਤਾਪ, ਫਲੋਰਡਾ ਪ੍ਰਿੰਸ, ਅਰਲੀ ਗਰੈਂਡ, ਫਲੋਰਡਾ ਸਨ ਅਤੇ ਸ਼ਾਨ-ਏ-ਪੰਜਾਬ ਨੂੰ ਹੀ ਲਗਾਉਣਾ ਚਾਹੀਦਾ ਹੈ।
* ਸਰਦੀਆਂ ਵਿੱਚ ਫਲਦਾਰ ਬੂਟਿਆਂ ਦੇ ਦੁਆਲੇ ਵਾਹੋ, ਜਿਸ ਨਾਲ ਜ਼ਮੀਨੀ ਕੀੜਿਆਂ ਦੀਆਂ ਸੁੰਡੀਆਂ ਅਤੇ ਬਾਲਗ ਨਸ਼ਟ ਹੋ ਜਾਣ। ਇਨ੍ਹਾਂ ਕੀੜਿਆਂ ਨੂੰ ਮਿੱਤਰ ਕੀੜੇ ਅਤੇ ਮਿੱਤਰ ਪੰਛੀ ਵੀ ਖਾ ਸਕਦੇ ਹਨ।
* ਬਾਗ਼ਾਂ ਦੀ ਸਫ਼ਾਈ ਵੱਲ ਧਿਅਨ ਦੇਵੋ।
* ਬਾਗ਼ਾਂ ਦੀ ਸਿੰਜਾਈ ਸਮੇਂ ਨਾਲ ਕਰਨ ’ਤੇ ਆੜੂ ਦੀ ਬੀਟਲ ਨੂੰ ਆਂਡੇ ਦੇਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਸੁੰਡੀਆਂ ਵੀ ਮਰ ਜਾਂਦੀਆਂ ਹਨ।
* ਆੜੂ ਦੀ ਚੈਫਰ ਬੀਟਲ ਲਈ ਅਨੀਸੋਲ ਆਧਾਰਤ ਪੀਏਯੂ ਚੈਫਰ ਬੀਟਲ ਟਰੈਪ (12/ਏਕੜ) ਅਪਰੈਲ ਦੇ ਅਖੀਰਲੇ ਹਫ਼ਤੇ ਲਗਾਓ ਅਤੇ ਲੋੜ ਪੈਣ ’ਤੇ ਦੁਬਾਰਾ ਲਗਾਓ।
* ਛਿੱਲ ਖਾਣ ਵਾਲੀਆਂ ਸੁੰਡੀਆਂ ਦੀ ਰੋਕਥਾਮ ਲਈ ਜਾਲਾ ਉਤਾਰ ਕੇ ਸਤੰਬਰ-ਅਕਤੂਬਰ ਅਤੇ ਜਨਵਰੀ ਦੇ ਮਹੀਨੇ ਮੋਰੀਆਂ ਵਿੱਚ ਮਿੱਟੀ ਦਾ ਤੇਲ ਪਾਓ।
* ਫਲ ਮੱਖੀ ਦੀ ਰੋਕਥਾਮ- ਪੱਕਦੇ ਫਲਾਂ ਨੂੰ ਸਮੇਂ ਸਿਰ ਤੋੜਦੇ ਰਹੋ ਅਤੇ ਬੂਟੇ ਉੱਪਰ ਪੱਕਣ ਨਾ ਦਿਉ।
* ਮੱਖੀ ਦੇ ਹਮਲੇ ਵਾਲੇ ਡਿੱਗੇ ਹੋਏ ਫਲਾਂ ਨੂੰ ਲਗਾਤਾਰ ਚੁੱਕ ਕੇ ਜ਼ਮੀਨ ਦੇ ਵਿੱਚ ਘੱਟੋ-ਘੱਟ 60 ਸੈਂਟੀਮੀਟਰ ਡੂੰਘੇ ਦੱਬ ਦੇਣਾ ਚਾਹੀਦਾ ਹੈ। ਬੂਟਿਆਂ ’ਤੇ ਪੱਕੇ ਹੋਏ ਫਲ ਨਾ ਰਹਿਣ ਦਿਉ। ਫਲਾਂ ਦੀ ਤੁੜਾਈ ਉਪਰੰਤ ਬਾਗ਼ ਦੀ ਹਲਕੀ ਵਹਾਈ ਕਰਨੀ ਚਾਹੀਦੀ ਹੈ ਤਾਂ ਜੋ ਫਲ ਮੱਖੀ ਦੀਆਂ ਸੁੰਡੀਆਂ ਜਿਹੜੀਆਂ 4-6 ਸੈਂਟੀਮੀਟਰ ਤੱਕ ਦੀ ਡੂੰਘਾਈ ’ਤੇ ਹੁੰਦੀਆਂ ਹਨ ਬਾਹਰ ਆ ਕੇ ਮਰ ਜਾਣ ਜਾਂ ਫਿਰ ਪੰਛੀ ਉਨ੍ਹਾਂ ਨੂੰ ਖ਼ਤਮ ਕਰ ਸਕਣ।
* ਫਲ ਦੀਆਂ ਮੱਖੀਆਂ ਦੀ ਰੋਕਥਾਮ ਲਈ ਅਲੂਚੇ ਵਿੱਚ ਅਪਰੈਲ ਦੇ ਦੂਜੇ ਹਫ਼ਤੇ ਅਤੇ ਆੜੂ ਵਿੱਚ ਮਈ ਦੇ ਪਹਿਲੇ ਹਫ਼ਤੇ ਪੀਏਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਉ ਅਤੇ ਲੋੜ ਪੈਣ ’ਤੇ 30 ਦਿਨਾਂ ਬਾਅਦ ਦੁਬਾਰਾ ਲਗਾਓ।
*ਪੀਏਯੂ ਰਿਜਨਲ ਸਟੇਸ਼ਨ ਗੁਰਦਾਸਪੁਰ ਅਤੇ **ਫਲ ਵਿਗਿਆਨ ਵਿਭਾਗ ਪੀਏਯੂ, ਲੁਧਿਆਣਾ।
ਸੰਪਰਕ: 88720-03010

Advertisement