For the best experience, open
https://m.punjabitribuneonline.com
on your mobile browser.
Advertisement

ਸਬਜ਼ੀਆਂ ਦੇ ਬੀਜ ਉਤਪਾਦਨ ਲਈ ਬਰਸਾਤਾਂ ’ਚ ਬਿਮਾਰੀਆਂ ਦੀ ਰੋਕਥਾਮ

09:56 AM Aug 10, 2024 IST
ਸਬਜ਼ੀਆਂ ਦੇ ਬੀਜ ਉਤਪਾਦਨ ਲਈ ਬਰਸਾਤਾਂ ’ਚ ਬਿਮਾਰੀਆਂ ਦੀ ਰੋਕਥਾਮ
Advertisement

ਅੰਜੂ ਬਾਲਾ/ਅਮਰਜੀਤ ਸਿੰਘ*

Advertisement

ਪੰਜਾਬ ਵਿੱਚ ਖੇਤੀ ਵੰਨ ਸਵੰਨਤਾ ਲਈ ਸਬਜ਼ੀਆਂ ਦੀ ਕਾਸ਼ਤ ਇੱਕ ਅਹਿਮ ਵਿਕਲਪ ਹੈ। ਸੂਬੇ ਵਿੱਚ ਨਾ ਕੇਵਲ ਵਧਦੀ ਹੋਈ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਸਾਨੂੰ ਸਬਜ਼ੀਆਂ ਦੀ ਕਾਸ਼ਤ ਹੇਠਾਂ ਰਕਬਾ ਵਧਾਉਣ ਦੀ ਲੋੜ ਹੈ ਬਲਕਿ ਦਿਨੋਂ-ਦਿਨ ਵਧ-ਫੁੱਲ ਰਹੀ ਪ੍ਰਾਸੈਸਿੰਗ ਸਨਅਤ, ਬੀਜ ਉਤਪਾਦਨ ਅਤੇ ਨਿਰਯਾਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਜ਼ਰੂਰੀ ਹੈ। ਇਨ੍ਹਾਂ ਮੰਤਵਾਂ ਨੂੰ ਪੂਰਾ ਕਰਨ ਲਈ ਅਤੇ ਗੁਣਵੱਤਾ ਭਰਪੂਰ ਸਬਜ਼ੀਆਂ ਦੇ ਉਤਪਾਦਨ ਲਈ ਸੁਧਰੇ ਅਤੇ ਉੱਤਮ ਬੀਜਾਂ ਦੀ ਮੰਗ ਹਮੇਸ਼ਾ ਹੀ ਰਹਿੰਦੀ ਹੈ। ਸਬਜ਼ੀਆਂ ਦੇ ਉੱਤਮ, ਸੁਧਰੇ ਅਤੇ ਬਿਮਾਰੀ ਰਹਿਤ ਬੀਜ ਤਿਆਰ ਕਰਨ ਲਈ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਰੋਗ ਮੁਕਤ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਬੀਜ ਦਾ ਵਧੇਰੇ ਝਾੜ ਲੈਣ ਲਈ ਬਿਮਾਰੀਆਂ ਦੀ ਰੋਕਥਾਮ ਅਤਿਅੰਤ ਜ਼ਰੂਰੀ ਹੈ ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-
ਮਿਰਚ
ਫਲ ਗਲਣਾਂ ਅਤੇ ਟਹਿਣੀਆਂ ਦਾ ਸੁੱਕਣਾ: ਇਹ ਮਿਰਚਾਂ ਦਾ ਬਹੁਤ ਭਿਆਨਕ ਰੋਗ ਹੈ। ਇਹ ਜੁਲਾਈ ਅਤੇ ਅਗਸਤ ਦੇ ਮਹੀਨਿਆਂ ਵਿੱਚ ਬਰਸਾਤਾਂ ਦੌਰਾਨ ਬੂਟਿਆਂ ’ਤੇ ਹਮਲਾ ਕਰਦਾ ਹੈ। ਫਲ ਦੇ ਗਲਣ ਨਾਲ ਬੀਜ ਉਤਪਾਦਨ ’ਤੇ ਬਹੁਤ ਜ਼ਿਆਦਾ ਮਾੜਾ ਅਸਰ ਹੁੰਦਾ ਹੈ ਅਤੇ ਢੋਆ-ਢੁਆਈ ਦੌਰਾਨ ਵੀ ਪੂਰੀ ਤਰ੍ਹਾਂ ਪੱਕ ਕੇ ਤਿਆਰ ਲਾਲ ਰੰਗ ਦੀ ਮਿਰਚ ’ਤੇ ਕਾਲੇ ਕਿਨਾਰਿਆਂ ਵਾਲੇ ਗੋਲ ਜਾਂ ਅੰਡਾਕਾਰ ਅੰਦਰ ਧਸੇ ਹੋਏ ਧੱਬੇ ਦਿਖਾਈ ਦਿੰਦੇ ਹਨ। ਇਨ੍ਹਾਂ ਧੱਬਿਆਂ ਦੇ ਦੁਆਲੇ ਬਾਰੀਕ ਕਾਲੇ ਰੰਗ ਦੇ ਉੱਲੀ ਦੇ ਕਣ ਗੋਲ ਧਾਰੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਬਿਮਾਰੀ ਵਾਲੇ ਫਲ ਜਲਦੀ ਡਿੱਗ ਜਾਂਦੇ ਹਨ। ਮਿਰਚਾਂ ਪੱਕਣ ਸਮੇਂ ਬੂਟਿਆਂ ਦੀਆਂ ਕਰੂੰਬਲਾਂ ਉੱਪਰੋਂ ਹੇਠਾਂ ਵੱਲ ਨੂੰ ਸੁੱਕਣਾ ਸ਼ੁਰੂ ਹੋ ਜਾਂਦੀਆਂ ਹਨ। ਪੌਦਾ ਉੱਪਰੋਂ ਪੂਰਾ ਮਰ ਵੀ ਸਕਦਾ ਹੈ। ਪੌਦੇ ਦੀ ਬਿਮਾਰ ਸ਼ਾਖਾ ਉੱਪਰ ਵੀ ਕਾਲੇ ਧੱਬੇ ਪੈ ਜਾਂਦੇ ਹਨ।
ਰੋਕਥਾਮ/ਪ੍ਰਬੰਧ:
• ਬਿਮਾਰੀ ਰਹਿਤ ਬੀਜ ਦੀ ਵਰਤੋਂ ਕਰੋ ਅਤੇ ਬਿਜਾਈ ਤੋਂ ਪਹਿਲੋਂ ਥੀਰਮ 2 ਗ੍ਰਾਮ ਪ੍ਰਤੀ ਕਿਲੋ ਬੀਜ ਦੀ ਮਾਤਰਾ ਅਨੁਸਾਰ ਬੀਜ ਸੋਧ ਕਰ ਲਓ।
• ਫ਼ਸਲ ਤੇ ਜੁਲਾਈ ਦੇ ਪਹਿਲੇ ਹਫ਼ਤੇ ਇੰਡੋਫਿਲ ਐਮ-45 ਜਾਂ ਬਲਾਈਟੌਕਸ 750 ਗ੍ਰਾਮ 250 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਵੀ ਕੀਤਾ ਜਾ ਸਕਦਾ ਹੈ ਜੋ 10-10 ਦਿਨ ਦੇ ਵਕਫ਼ੇ ’ਤੇ ਤਿੰਨ ਵਾਰ ਦੁਹਰਾਇਆ ਜਾ ਸਕਦਾ ਹੈ।
ਸਲ੍ਹਾਬ ਨਾਲ ਗਲਣਾ: ਇਹ ਬਿਮਾਰੀ ਜੁਲਾਈ ਅਤੇ ਅਗਸਤ ਦੌਰਾਨ ਜ਼ਿਆਦਾ ਭਿਆਨਕ ਰੂਪ ਵਿੱਚ ਆਉਂਦੀ ਹੈ। ਇਸ ਬਿਮਾਰੀ ਦੇ ਉੱਲੀ ਦੇ ਕਣ ਕੋਮਲ ਸ਼ਾਖਾਵਾਂ, ਫੁੱਲਾਂ ਉੱਤੇ ਅਤੇ ਹਰੀਆਂ ਮਿਰਚਾਂ ’ਤੇ ਹਮਲਾ ਕਰਦੇ ਹਨ। ਬੂਟੇ ਦਾ ਪ੍ਰਭਾਵਿਤ ਹਿੱਸਾ ਗਲ ਜਾਂਦਾ ਹੈ। ਉੱਲੀ ਦਾ ਵਾਧਾ ਕਾਲੇ ਬਿੰਦੂਆਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਬਿਮਾਰੀ ਉੱਪਰੋਂ ਹੇਠਾਂ ਵੱਲ ਨੂੰ ਫੈਲਦੀ ਹੈ। ਪ੍ਰਭਾਵਿਤ ਪੌਦਾ ਪਿਲਪਿਲਾ ਹੋ ਜਾਂਦਾ ਹੈ। ਹਰੀਆਂ ਮਿਰਚਾਂ ਪੋਲੀਆਂ ਪੈ ਜਾਂਦੀਆਂ ਹਨ ਅਤੇ ਉਨ੍ਹਾਂ ਉੱਪਰ ਮਣਕਿਆਂ ਵਰਗੇ ਕਾਲੇ ਦਾਗ਼ ਨਜ਼ਰ ਆਉਂਦੇ ਹਨ। ਭਾਰੀ ਮੀਂਹ ਤੋਂ ਬਾਅਦ ਪੈਦਾ ਹੋਣ ਵਾਲਾ ਗਰਮ ਅਤੇ ਸਿੱਲ੍ਹਾ ਵਾਤਾਵਰਨ ਇਸ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੁੰਦਾ ਹੈ।
ਰੋਕਥਾਮ/ਪ੍ਰਬੰਧ:
• ਫਲ ਗਲਣ ਅਤੇ ਟਹਿਣੀਆਂ ਦੇ ਸੁੱਕਣ ਦੇ ਰੋਗ ਅਨੁਸਾਰ ਹੀ ਇਸ ਰੋਗ ਦੀ ਰੋਕਥਾਮ ਕੀਤੀ ਜਾਵੇ।
ਠੂਠੀ ਰੋਗ: ਇਹ ਮਿਰਚਾਂ ਦੀ ਬਹੁਤ ਆਮ ਬਿਮਾਰੀ ਹੈ। ਇਸ ਬਿਮਾਰੀ ਦੇ ਮੁੱਖ ਲੱਛਣ ਪੱਤਿਆਂ ਦਾ ਹੇਠਾਂ ਵੱਲ ਨੂੰ ਮੁੜ ਜਾਣਾ ਅਤੇ ਛੋਟੇ ਪੈ ਜਾਣਾ ਹੁੰਦਾ ਹੈ। ਪ੍ਰਭਾਵਿਤ ਬੂਟੇ ਬੌਣੇ ਰਹਿ ਜਾਂਦੇ ਹਨ ਅਤੇ ਝਾੜੀਆਂ ਵਰਗੇ ਬਣ ਜਾਂਦੇ ਹਨ। ਫਲ ਜਾਂ ਤਾਂ ਪੈਂਦਾ ਹੀ ਨਹੀਂ, ਜੇ ਪੈ ਵੀ ਜਾਵੇ ਤਾਂ ਬਹੁਤ ਛੋਟਾ ਅਤੇ ਬੇਢਬਾ ਹੋ ਜਾਂਦਾ ਹੈ। ਇਹ ਰੋਗ ਚਿੱਟੀ ਮੱਖੀ ਰਾਹੀਂ ਫੈਲਦਾ ਹੈ।
ਰੋਕਥਾਮ/ਪ੍ਰਬੰਧ:
• ਰੋਗੀ ਪੌਦੇ ਦਿਖਾਈ ਦਿੰਦੇ ਸਾਰ ਹੀ ਖੇਤ ਵਿੱਚੋਂ ਬਾਹਰ ਕੱਢ ਕੇ ਸਾੜ ਦਿਓ ਜਾਂ ਡੂੰਘੇ ਦੱਬ ਦਿਓ। ਚਿੱਟੀ ਮੱਖੀ ਦੀ ਰੋਕਥਾਮ ਲਈ 400 ਮਿਲੀਲਿਟਰ ਮੈਲਾਥੀਆਨ (50 ਤਾਕਤ), 100-125 ਲਿਟਰ ਪਾਣੀ ਵਿੱਚ ਘੋਲ ਕੇ 15-20 ਦਿਨਾਂ ਦੇ ਵਕਫ਼ੇ ਨਾਲ ਛਿੜਕਾਅ ਕਰੋ।
ਚਿਤਕਵਰਾ ਰੋਗ: ਪੱਤਿਆਂ ਉੱਪਰ ਗੂੜੇ ਹਰੇ ਅਤੇ ਹਲਕੇ ਹਰੇ ਰੰਗ ਦੇ ਚਟਾਕ ਨਜ਼ਰ ਆਉਂਦੇ ਹਨ। ਪੱਤੇ ਛੋਟੇ ਅਤੇ ਬੇਢੰਗੇ ਹੋ ਕੇ ਪੀਲੇ ਪੈ ਜਾਂਦੇ ਹਨ।
ਰੋਕਥਾਮ:
• ਰੋਗੀ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰੋ। ਬੀਜ ਰੋਗ ਰਹਿਤ ਪੌਦਿਆਂ ਤੋਂ ਹੀ ਲਉ। ਇਹ ਰੋਗ ਤੇਲੇ ਨਾਲ ਫੈਲਦਾ ਹੈ ਇਸ ਲਈ ਤੇਲੇ ਦੀ ਰੋਕਥਾਮ ਲਈ ਮੈਲਾਥਿਓਨ ਦਵਾਈ 100-125 ਲਿਟਰ ਪਾਣੀ ਵਿਚ ਘੋੋਲ ਕੇ 15-20 ਦਿਨਾਂ ਦੇ ਵਕਫ਼ੇ ਨਾਲ ਛਿੜਕਾਅ ਕਰੋ।
ਭਿੰਡੀ
ਪੀਲੀਆ: ਇਹ ਇੱਕ ਵਿਸ਼ਾਣੂ ਰੋਗ ਹੈ ਅਤੇ ਬਰਸਾਤਾਂ ਦੇ ਮੌਸਮ ਵਿੱਚ ਗੰਭੀਰ ਰੂਪ ਵਿੱਚ ਫੈਲਦਾ ਹੈ। ਜੇ ਇਸ ਰੋਗ ਦਾ ਹਮਲਾ ਅਗੇਤਾ ਹੀ ਹੋ ਜਾਵੇ ਤਾਂ ਭਾਰੀ ਨੁਕਸਾਨ ਹੁੰਦਾ ਹੈ। ਸਾਰੀਆਂ ਨਾੜਾਂ ਅਤੇ ਸ਼ਾਖਾਵਾਂ ਪੀਲੀਆਂ ਪੈ ਜਾਂਦੀਆਂ ਹਨ। ਗੰਭੀਰ ਰੋਗ ਵਿੱਚ ਪੂਰੇ ਪੱਤੇ ਹੀ ਪੀਲੇ ਪੈ ਜਾਂਦੇ ਹਨ। ਪ੍ਰਭਾਵਿਤ ਪੌਦੇ ਉੱਪਰ ਫਲ ਬਹੁਤ ਘੱਟ, ਪੀਲੇ, ਬੇਢਬੇ ਅਤੇ ਸਖ਼ਤ ਲਗਦੇ ਹਨ। ਇਹ ਰੋਗ ਚਿੱਟੀ ਮੱਖੀ ਰਾਹੀਂ ਫੈਲਦਾ ਹੈ।
ਰੋਕਥਾਮ/ਪ੍ਰਬੰਧ:
• ਇਸ ਬਿਮਾਰੀ ਨਾਲ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਪੰਜਾਬ-7, ਪੰਜਾਬ-8, ਪਦਮਨੀ ਅਤੇ ਪੀਓਐਲ-6 ਬੀਜੋ।
• ਚਿੱਟੀ ਮੱਖੀ ਦੀ ਰੋਕਥਾਮ ਲਈ 560 ਮਿਲੀਲਿਟਰ ਮੈਲਾਥੀਆਨ (50 ਤਾਕਤ), 100-125 ਲਿਟਰ ਪਾਣੀ ਵਿੱਚ ਘੋਲ ਕੇ 15-20 ਦਿਨਾਂ ਦੇ ਵਕਫ਼ੇ ਨਾਲ ਛਿੜਕਾਅ ਕਰੋ।
• ਖੇਤ ਦੇ ਆਲੇ-ਦੁਆਲਿਓਂ ਨਦੀਨਾਂ ਦਾ ਸਫ਼ਾਇਆ ਕਰੋ।
ਪੱਤਿਆ ਦੇ ਧੱਬਿਆਂ ਦਾ ਰੋਗ: ਬੀਜ ਉਤਪਾਦਨ ਲਈ ਰੱਖੀ ਗਈ ਫ਼ਸਲ ਉੱਪਰ ਵਾਤਾਵਰਨ ਵਿੱਚ ਬਰਸਾਤਾਂ ਕਰ ਕੇ ਸਿਲ੍ਹ ਦੇ ਕਾਰਨ ਇਹ ਰੋਗ ਗੰਭੀਰ ਰੂਪ ਵਿੱਚ ਲਗਦਾ ਹੈ। ਪੱਤਿਆਂ ਦੀਆਂ ਨਾੜਾਂ ਦੇ ਨਾਲ ਭੂਰੇ ਅਤੇ ਕਾਲੇ ਰੰਗ ਦੇ ਧੱਬੇ ਪੈ ਜਾਂਦੇ ਹਨ। ਪੱਤਿਆਂ ਦੇ ਹੇਠਲੇ ਪਾਸੇ ਕਾਲੇ ਰੰਗ ਦੀ ਉੱਲੀ ਜੰਮ੍ਹ ਜਾਂਦੀ ਹੈ। ਪੁਰਾਣੇ ਧੱਬੇ ਆਪਸ ਮਿਲ ਜਾਂਦੇ ਹਨ ਅਤੇ ਪੱਤਾ ਮੁਰਝਾ ਕੇ ਜਲਦੀ ਡਿੱਗ ਜਾਂਦਾ ਹੈ।
ਰੋਕਥਾਮ/ਪ੍ਰਬੰਧ:
• ਖੇਤ ਵਾਹ ਕੇ ਰਹਿੰਦ-ਖੂੰਹਦ ਨੂੰ ਨਸ਼ਟ ਕਰ ਦਿਓ।
• ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹੀ 200 ਗ੍ਰਾਮ ਬਵਿਸਟਨ ਪ੍ਰਤੀ ਏਕੜ ਦੀ ਦਰ ’ਤੇ 200 ਲਿਟਰ ਪਾਣੀ ਵਿੱਚ ਘੋਲ ਕੇ 14 ਦਿਨ ਦੇ ਵਕਫ਼ੇ ’ਤੇ ਤਿੰਨ ਵਾਰ ਛਿੜਕਾਅ ਕਰ ਕੇ ਵੀ ਇਸ ਰੋਗ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਬੈਂਗਣ
ਝੁਲਸ ਰੋਗ: ਇਹ ਬੈਂਗਣ ਦੀ ਅਕਸਰ ਹੀ ਦੇਖੀ ਜਾਣ ਵਾਲੀ ਬਿਮਾਰੀ ਹੈ ਜੋ ਕਿ ਜੇਕਰ ਫਲਾਂ ਉੱਪਰ ਹਮਲਾ ਕਰੇ ਤਾਂ ਭਾਰੀ ਨੁਕਸਾਨ ਹੁੰਦਾ ਹੈ। ਪੱਤਿਆਂ ਉੱਪਰ ਪਹਿਲਾਂ ਛੋਟੇ-ਛੋਟੇ ਗੋਲਾਕਾਰ ਭੂਰੇ ਧੱਬੇ ਨਜ਼ਰ ਆਉਂਦੇ ਹਨ ਜੋ ਬਾਅਦ ਵਿੱਚ ਹਲਕੇ ਰੰਗ ਦੇ ਕੇਂਦਰ ਵਾਲੇ ਗੂੜ੍ਹੇ ਭੂਰੇ ਧੱਬਿਆਂ ਵਿਚ ਤਬਦੀਲ ਹੋ ਜਾਂਦੇ ਹਨ। ਪੁਰਾਣੇ ਧੱਬਿਆਂ ਉੱਪਰ ਉੱਲੀ ਦੇ ਕਣ ਬਿੰਦੀਆਂ ਵਰਗੇ ਨਜ਼ਰ ਆਉਂਦੇ ਹਨ। ਫਲ ਦੇ ਉੱਪਰ ਇਹ ਧੱਬੇ ਅੰਦਰ ਧੱਸੇ ਹੋਏ ਨਜ਼ਰ ਆਉਂਦੇ ਹਨ ਜੋ ਬਾਅਦ ਵਿੱਚ ਆਪਸ ਮਿਲ ਜਾਂਦੇ ਹਨ ਅਤੇ ਫਲ ਦਾ ਵੱਡਾ ਹਿੱਸਾ ਗਲਿਆ ਹੋਇਆ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਦੇ ਧੱਬਿਆ ਉੱਪਰ ਉੱਲੀ ਦੇ ਕਣ ਗੋਲ ਚੱਕਰਾਂ ਵਿੱਚ ਲੱਗੇ ਨਜ਼ਰ ਆਉਂਦੇ ਹਨ।
ਰੋਕਥਾਮ/ਪ੍ਰਬੰਧ:
• ਬੀਜ ਹਮੇਸ਼ਾਂ ਤੰਦਰੁੱਸਤ ਪੌਦਿਆਂ ਤੋਂ ਹੀ ਲਓ।
• ਕਿਉਂਕਿ ਇਸ ਬਿਮਾਰੀ ਦੀ ਉੱਲੀ ਦੇ ਕਣ ਪੌਦਿਆਂ ਦੀ ਰਹਿੰਦ-ਖੂੰਹਦ ਉੱਪਰ ਵੀ ਜਿਊਂਦੇ ਰਹਿੰਦੇ ਹਨ, ਇਸ ਲਈ ਰਹਿੰਦ-ਖੂੰਹਦ ਖੇਤ ਵਿੱਚੋਂ ਕੱਢ ਕੇ ਨਸ਼ਟ ਕਰ ਦੇਣੀ ਚਾਹੀਦੀ ਹੈ।
• ਬਿਜਾਈ ਤੋਂ ਪਹਿਲਾਂ ਤਿੰਨ ਗ੍ਰਾਮ ਥੀਰਮ ਜਾਂ ਕਪਤਾਨ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਸੋਧ ਕਰ ਲੈਣੀ ਚਾਹੀਦੀ ਹੈ।
• ਜਿਵੇਂ ਹੀ ਇਸ ਬਿਮਾਰੀ ਦੇ ਲੱਛਣ ਖੇਤ ਵਿੱਚ ਨਜ਼ਰ ਆਉਣ, ਫ਼ਸਲ ਉੱਪਰ ਜ਼ਿਨਬ ਜਾਈਨੇਵ ਜਾਂ ਜ਼ਿਰਮ 200 ਗ੍ਰਾਮ ਪ੍ਰਤੀ ਏਕੜ ਦੀ ਦਰ ’ਤੇ 100 ਲਿਟਰ ਪਾਣੀ ਵਿੱਚ ਘੋਲ ਕੇ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਛਿੜਕਾਅ ਕਰੋ।
ਛੋਟੇ ਪੱਤਿਆਂ ਦਾ ਵਿਸ਼ਾਣੂੰ ਰੋਗ: ਬੈਂਗਣ ਦੀ ਕਾਸ਼ਤ ਵਿੱਚ ਇਹ ਬਿਮਾਰੀ ਸਭ ਤੋਂ ਗੰਭੀਰ ਮੰਨੀ ਜਾਂਦੀ ਹੈ ਅਤੇ ਜਦੋਂ ਫ਼ਸਲ ਫੁੱਲ ਪੈਣ ਦੀ ਹਾਲਤ ਵਿੱਚ ਹੁੰਦੀ ਹੈ, ਉਦੋਂ ਇਹ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਅਤੇ ਝਾੜ ਉੱਪਰ ਬਹੁਤ ਬੁਰਾ ਅਸਰ ਪਾਉਂਦੀ ਹੈ। ਪ੍ਰਭਾਵਿਤ ਫ਼ਸਲ ਦੇ ਪੱਤੇ ਛੋਟੇ ਹੋ ਜਾਂਦੇ ਹਨ ਅਤੇ ਗੁੱਛਿਆਂ ਦਾ ਰੂਪ ਲੈ ਲੈਂਦੇ ਹਨ। ਪ੍ਰਭਾਵਿਤ ਫ਼ਸਲ ਝਾੜੀਆਂ ਵਰਗੀ ਪ੍ਰਤੀਤ ਹੁੰਦੀ ਹੈ। ਬਿਮਾਰੀ ਵਾਲੇ ਪੌਦਿਆਂ ਨੂੰ ਨਾ ਤਾ ਫੁੱਲ ਹੀ ਲਗਦੇ ਹਨ ਨਾ ਹੀ ਫਲ ਪੈਂਦਾ ਹੈ। ਇਹ ਰੋਗ ਤੇਲੇ ਰਾਹੀਂ ਫੈਲਦਾ ਹੈ ਅਤੇ ਮੋਢੀ ਫ਼ਸਲ ’ਤੇ ਜ਼ਿਆਦਾ ਅਸਰ ਹੁੰਦਾ ਹੈ।
ਰੋਕਥਾਮ/ਪ੍ਰਬੰਧ:
• ਬਿਮਾਰ ਪੌਦੇ ਖੇਤ ਵਿੱਚ ਨਜ਼ਰ ਆਉਂਦੇ ਹੀ ਬਾਹਰ ਕੱਢ ਦਿਓ।
• ਤੇਲੇ ਦੀ ਰੋਕਥਾਮ ਲਈ ਮੈਲਾਥੀਆਨ ਜਾਂ ਮੈਟਾਸਿਸਟੌਕਸ 250 ਮਿਲੀਲਿਟਰ ਪ੍ਰਤੀ ਏਕੜ ਦੀ ਦਰ ’ਤੇ 100-125 ਲਿਟਰ ਪਨੀਰੀ ਅਤੇ ਖੇਤ ਵਿੱਚ ਫ਼ਸਲ ਉੱਪਰ ਛਿੜਕਾਅ ਕਰੋ।
*ਬੀਜ ਵਿਭਾਗ, ਪੌਦਾ ਰੋਗ ਵਿਭਾਗ, ਪੀਏਯੂ।

Advertisement

Advertisement
Author Image

joginder kumar

View all posts

Advertisement