ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਉਣੀ ਦੀਆਂ ਫ਼ਸਲਾਂ ਵਿੱਚ ਬਿਮਾਰੀਆਂ ਦੀ ਰੋਕਥਾਮ

08:44 AM Jul 13, 2024 IST

ਹਰਦੀਪ ਸਿੰਘ ਸਭਿਖੀ/ਅਮਰਜੀਤ ਸਿੰਘ*

Advertisement

ਉੱਤਰੀ ਭਾਰਤ ਵਿੱਚ ਵਰਖਾ ਰੁੱਤ ਦੌਰਾਨ ਉਗਾਈਆਂ ਜਾਣ ਵਾਲੀਆਂ ਸਾਉਣੀ ਦੀਆਂ ਫ਼ਸਲਾਂ ਇਸ ਖੇਤਰ ਦੀ ਖੇਤੀਬਾੜੀ ਅਤੇ ਆਰਥਿਕਤਾ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਰੁੱਤ ਦੌਰਾਨ ਇਨ੍ਹਾਂ ਫ਼ਸਲਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦੇ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰ ਕੇ ਫ਼ਸਲਾਂ ਦੇ ਝਾੜ ਅਤੇ ਗੁਣਵੱਤਾ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਹ ਬਿਮਾਰੀਆਂ ਅਤੇ ਕੀੜਿਆਂ ਨੂੰ ਵਾਤਾਵਰਨ ਅਨੁਕੂਲ਼ ਢੰਗਾਂ ਨਾਲ ਨਜਿੱਠਣ ਲਈ ਇਨ੍ਹਾਂ ਦੀ ਰੋਕਥਾਮ ਦਾ ਸਰਵਪੱਖੀ ਪ੍ਰਬੰਧ ਮਹਤਵਪੂਰਨ ਰੋਲ ਅਦਾ ਕਰਦਾ ਹੈ। ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਦੇ ਪ੍ਰਬੰਧ ਨੂੰ ਅੰਗਰੇਜ਼ੀ ਵਿੱਚ ਇੰਟੇਗ੍ਰੇਟਿਡ ਡਿਜ਼ੀਜ਼ ਮੈਨੇਜਮੈਂਟ (ਆਈਡੀਐੱਮ) ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਸਾਉਣੀ ਦੀਆਂ ਫ਼ਸਲਾਂ ਨੂੰ ਬਿਮਾਰੀਆਂ ਤੋਂ ਸੁਰੱਖਿਆ ਦੇਣ ਤੋਂ ਇਲਾਵਾ ਹੋਰ ਵੀ ਕਈ ਬਹੁ-ਪੱਖੀ ਲਾਭ ਪ੍ਰਦਾਨ ਕਰਦਾ ਹੈ।
ਬਿਮਾਰੀਆਂ ਦੀ ਰੋਕਥਾਮ ਦਾ ਸਰਵਪੱਖੀ ਪ੍ਰਬੰਧ (ਆਈਡੀਐੱਮ): ਬਿਮਾਰੀਆਂ ਦੀ ਰੋਕਥਾਮ ਦਾ ਸਰਵਪੱਖੀ ਪ੍ਰਬੰਧ (ਆਈਡੀਐੱਮ) ਵਾਤਾਵਰਨ ਅਤੇ ਕਿਸਾਨ ਨੂੰ ਆਰਥਿਕ ਨੁਕਸਾਨ ਪਹੁੰਚਾਏ ਬਿਨਾਂ ਬਿਮਾਰੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਰੋਕਥਾਮ ਕਰਨ ਦੀਆਂ ਵੱਖ-ਵੱਖ ਰਣਨੀਤੀਆਂ ਦਾ ਏਕੀਕਰਨ ਹੁੰਦਾ ਹੈ। ਇਹ ਢੰਗ ਕਿਸੇ ਖ਼ਾਸ ਬਿਮਾਰੀ ਦੀ ਰੋਕਥਾਮ ਕਰਨ ਲਈ ਉਪਲੱਬਧ ਖੇਤੀ ਪ੍ਰਬੰਧ, ਜੈਵਿਕ, ਜੈਨੇਟਿਕ ਅਤੇ ਰਸਾਇਣਕ ਤਕਨੀਕਾਂ ਦਾ ਸੁਮੇਲ ਹੁੰਦਾ ਹੈ। ਰਵਾਇਤੀ ਢੰਗ ਵਾਂਗ ਸਿਰਫ਼ ਉੱਲੀਨਾਸ਼ਕਾਂ ਵਰਗੇ ਰਸਾਇਣਾਂ ’ਤੇ ਨਿਰਭਰ ਹੋਣ ਦੇ ਬਜਾਇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਦਾ ਪ੍ਰਬੰਧ ਹੋਰ ਉਪਰਾਲਿਆਂ ਨੂੰ ਵੀ ਵਿਗਿਆਨਕ ਆਧਾਰ ’ਤੇ ਅਪਨਾਉਣ ਦੀ ਸਿਫ਼ਾਰਸ਼ ਕਰਦਾ ਹੈ ਤਾਂ ਕਿ ਬਿਮਾਰੀ ਦੀ ਰੋਕਥਾਮ ਵੀ ਹੋ ਜਾਵੇ ਅਤੇ ਸਾਡੇ ਵਾਤਾਵਰਨ ’ਤੇ ਵੀ ਕੋਈ ਮਾੜਾ ਅਸਰ ਨਾ ਪਵੇ।
ਸਾਉਣੀ ਦੀਆਂ ਫ਼ਸਲਾਂ ਦੇ ਉਤਪਾਦਨ ਨੂੰ ਦਰਪੇਸ਼ ਸਮੱਸਿਆਵਾਂ: ਸਾਉਣੀ ਦੀਆਂ ਵੱਖ-ਵੱਖ ਫ਼ਸਲਾਂ ਜਿਵੇਂ ਕਿ ਝੋਨਾ, ਮੱਕੀ, ਨਰਮਾ ਅਤੇ ਸੋਇਆਬੀਨ ਆਦਿ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਹੜੀਆਂ ਕਿ ਵਰਖਾ ਰੁੱਤ ਦੌਰਾਨ ਬਹੁਤ ਤੇਜ਼ੀ ਨਾਲ ਵਧਦੀਆਂ-ਫੁੱਲਦੀਆਂ ਹਨ। ਝੋਨੇ ਦੇ ਤਣੇ ਦੁਆਲੇ ਪੱਤੇ ਦਾ ਗਲਣਾ (ਸ਼ੀਥ ਬਲਾਈਟ) ਅਤੇ ਭੁਰੜ ਰੋਗ (ਘੰਢੀ ਰੋਗ), ਮੱਕੀ ਦੇ ਤਣੇ ਦੁਆਲੇ ਪੱਤੇ ਅਤੇ ਟਾਂਡੇ ਗਲਣ ਦਾ ਰੋਗ, ਨਰਮੇ ਦੇ ਪੱਤਿਆਂ ਦੇ ਧੱਬਿਆਂ ਦਾ ਰੋਗ ਆਦਿ ਉੱਲੀ ਕਰ ਕੇ ਲੱਗਣ ਵਾਲੇ ਰੋਗ ਹਨ। ਇਨ੍ਹਾਂ ਰੋਗਾਂ ਦੇ ਹਮਲੇ ਨਾਲ ਫ਼ਸਲਾਂ ਦੇ ਝਾੜ ਅਤੇ ਗੁਣਵੱਤਾ ਉੱਤੇ ਕਾਫ਼ੀ ਮਾੜਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਤੋਂ ਇਲਾਵਾ ਜੀਵਾਣੂੰ (ਬੈਕਟੀਰੀਆ) ਅਤੇ ਵਿਸ਼ਾਣੂੰ (ਵਾਇਰਸ) ਕਰ ਕੇ ਲੱਗਣ ਵਾਲੇ ਰੋਗ ਇਨ੍ਹਾਂ ਚੁਣੌਤੀਆਂ ਨੂੰ ਕਈ ਗੁਣਾ ਵਧਾ ਦਿੰਦੇ ਹਨ ਜਿਸ ਕਰ ਕੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਦੇ ਪ੍ਰਬੰਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਉਣ ਲਈ ਇਨ੍ਹਾਂ ਤਕਨੀਕਾਂ ਦੀ ਲੋੜ ਹੋਰ ਵੀ ਜ਼ਿਆਦਾ ਉਜਾਗਰ ਹੋ ਜਾਂਦੀ ਹੈ।
ਝੋਨਾ/ਬਾਸਮਤੀ ਦੀਆਂ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਦਾ ਪ੍ਰਬੰਧ: ਝੋਨਾ/ ਬਾਸਮਤੀ ਦੀ ਫ਼ਸਲ ’ਤੇ ਝੁਲਸ ਰੋਗ, ਝੰਡਾ ਰੋਗ, ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਝੂਠੀ ਕਾਂਗਿਆਰੀ, ਭੂਰੇ ਧੱਬਿਆਂ ਦਾ ਰੋਗ, ਭੁਰੜ ਰੋਗ ਅਤੇ ਜੜ੍ਹ-ਗੰਢ ਨੀਮਾਟੋਡ ਆਦਿ ਬਿਮਾਰੀਆਂ ਦਾ ਹਮਲਾ ਪਾਇਆ ਜਾਂਦਾ ਹੈ। ਝੋਨੇ ਦੀਆਂ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਵਾਸਤੇ ਝੁਲਸ ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਪੀਆਰ 131, ਪੀਆਰ 130, ਪੀਆਰ 129, ਪੀਆਰ 128, ਪੀਆਰ 127, ਪੀਆਰ 126, ਪੀਆਰ 122, ਪੀਆਰ 121 ਅਤੇ ਪੀਆਰ 113 ਆਦਿ ਦੀ ਬਿਜਾਈ ਨੂੰ ਤਰਜ਼ੀਹ ਦਿਓ। ਪਿਛਲੇ ਕਈ ਸਾਲਾਂ ਤੋਂ ਸੰਗਰੂਰ, ਫ਼ਰੀਦਕੋਟ ਅਤੇ ਮਾਨਸਾ ਜ਼ਿਲ੍ਹਿਆਂ ਦੇ ਕਈ ਰੇਤਲੀਆਂ ਜ਼ਮੀਨਾਂ ਵਿੱਚ ਬੀਜੇ ਝੋਨੇ ਦੀ ਪਨੀਰੀ ਅਤੇ ਖੇਤਾਂ ਵਿੱਚ ਜੜ੍ਹ-ਗੰਢ ਨੀਮਾਟੋਡ ਦਾ ਹਮਲਾ ਦੇਖਿਆ ਜਾ ਰਿਹਾ ਹੈ। ਇਹ ਨੀਮਾਟੋਡ ਜ਼ਮੀਨ ਵਿੱਚ ਹੀ ਵਧਦੇ-ਫੁੱਲਦੇ ਰਹਿੰਦੇ ਹਨ। ਇਸ ਲਈ ਰੋਗ ਰਹਿਤ ਪਨੀਰੀ ਤਿਆਰ ਕਰਨ ਲਈ ਨੀਮਾਟੋਡ ਰਹਿਤ ਜਗ੍ਹਾ ਦੀ ਚੋਣ ਕਰੋ। ਪਨੀਰੀ ਲਗਾਉਣ ਤੋਂ ਪਹਿਲਾਂ ਕੱਦੂ ਕਰ ਲਵੋ। ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਜੜ੍ਹ-ਗੰਢ ਨੀਮਾਟੋਡ ਦਾ ਹਮਲਾ ਪਾਇਆ ਗਿਆ ਸੀ, ਉੱਥੇ ਰੌਣੀ ਕਰਨ ਤੋਂ ਬਾਅਦ 1 ਕਿਲੋ ਸਰ੍ਹੋਂ ਦੀ ਖਲ ਪ੍ਰਤੀ ਮਰਲੇ ਦੇ ਹਿਸਾਬ ਨਾਲ ਪਾ ਕੇ 10 ਦਿਨ੍ਹਾਂ ਬਾਅਦ ਪਨੀਰੀ ਦੀ ਬਿਜਾਈ ਕਰੋ। ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (ਸ਼ੀਥ ਬਲਾਈਟ) ਫ਼ਸਲ ਦੀ ਰਹਿੰਦ-ਖੂੰਹਦ ਅਤੇ ਵੱਟਾਂ ਦੇ ਆਲੇ-ਦੁਆਲੇ ਖੱਬਲ ਘਾਹ ਅਤੇ ਹੋਰ ਨਦੀਨਾਂ ’ਤੇ ਪਲਦਾ ਰਹਿੰਦਾ ਹੈ। ਇਸ ਬਿਮਾਰੀ ਦੀ ਲਾਗ ਨੂੰ ਘਟਾਉਣ ਲਈ ਵੱਟਾਂ-ਬੰਨ੍ਹੇ ਸਾਫ਼ ਰੱਖੋ। ਪਾਣੀ ਅਤੇ ਨਾਈਟ੍ਰੋਜਨ ਤੱਤ ਦੀ ਸਿਫ਼ਾਰਸ਼ ਤੋਂ ਜ਼ਿਆਦਾ ਵਰਤੋਂ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ/ਬਾਸਮਤੀ ਦੀਆਂ ਬਿਮਾਰੀਆਂ ਜਿਵੇਂ ਕਿ ਝੁਲਸ ਰੋਗ, ਸ਼ੀਥ ਬਲਾਈਟ, ਝੂਠੀ ਕਾਂਗਿਆਰੀ ਅਤੇ ਭੁਰੜ ਰੋਗ ਆਦਿ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਲਈ ਲੋੜ ਤੋਂ ਜ਼ਿਆਦਾ ਪਾਣੀ ਅਤੇ ਖਾਦ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੋ। ਝੋਨੇ ਦੀ ਫ਼ਸਲ ਦੀ ਸਿੰਜਾਈ ਪਾਣੀ ਜ਼ੀਰਨ ਤੋਂ ਬਾਅਦ ਹੀ ਕਰੋ। ਇਸ ਨਾਲ ਪਾਣੀ ਦੀ ਬੱਚਤ ਹੋਵੇਗੀ ਅਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੋਵੇਗਾ। ਇਸੇ ਤਰ੍ਹਾਂ ਹਰੀ ਖਾਦ ਕਰਨ ਤੋਂ ਬਾਅਦ ਯੂਰੀਆ ਖਾਦ ਸਿਫ਼ਾਰਸ਼ ਅਨੁਸਾਰ ਹੀ ਪਾਉਣੀ ਚਾਹੀਦੀ ਹੈ। ਮਾੜੀਆਂ ਜ਼ਮੀਨਾਂ ਵਿੱਚ ਬੀਜੀ ਝੋਨੇ ਦੀ ਫ਼ਸਲ ਨੂੰ ਔੜ ਲੱਗਣ ’ਤੇ ਭੂਰੇ ਧੱਬਿਆਂ ਦੇ ਰੋਗ ਦਾ ਹਮਲਾ ਜ਼ਿਆਦਾ ਹੁੰਦਾ ਹੈ, ਇਸ ਲਈ ਫ਼ਸਲ ਨੂੰ ਸੰਤੁਲਿਤ ਖਾਦ ਪਾਉਣੀ ਵੀ ਬਹੁਤ ਜ਼ਰੂਰੀ ਹੈ।
ਇਸੇ ਤਰ੍ਹਾਂ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਬਾਸਮਤੀ 7, ਪੰਜਾਬ ਬਾਸਮਤੀ 5, ਪੂਸਾ ਬਾਸਮਤੀ 1847 ਅਤੇ ਪੂਸਾ ਬਾਸਮਤੀ 1718 ਕਿਸਮਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਕਿਉਂਕਿ ਇਹ ਕਿਸਮਾਂ ਝੁਲਸ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਘੰਢੀ ਰੋਗ ਦਾ ਹਮਲਾ ਸੰਗਰੂਰ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਅਬੋਹਰ ਆਦਿ ਜ਼ਿਲ੍ਹਿਆਂ ਵਿੱਚ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ਪੂਸਾ ਬਾਸਮਤੀ 1847 ਕਿਸਮ ਵਿੱਚ ਇਸ ਰੋਗ ਪ੍ਰਤੀ ਦਰਮਿਆਨੀ ਪ੍ਰਤੀਰੋਧਤਾ ਹੈ। ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਇਸ ਰੋਗ ਦਾ ਹਮਲਾ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਪੂਸਾ ਬਾਸਮਤੀ 1847 ਕਿਸਮ ਦੀ ਬਿਜਾਈ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਝੰਡਾ ਰੋਗ ਬਾਸਮਤੀ ਦੀ ਬਹੁਤ ਹੀ ਗੰਭੀਰ ਸਮੱਸਿਆ ਹੈ। ਇਹ ਰੋਗ ਬੀਜ ਰਾਹੀਂ ਆਉਂਦਾ ਹੈ, ਸੋ ਬਾਸਮਤੀ ਦੀ ਫ਼ਸਲ ਨੂੰ ਝੰਡਾ ਰੋਗ ਤੋਂ ਬਚਾਉਣ ਲਈ ਬੀਜ ਅਤੇ ਪਨੀਰੀ ਦੀ ਟਰਾਈਕੋਡਰਮਾ ਐਸਪੈਰੇਲਮ ਦੋ ਪ੍ਰਤੀਸ਼ਤ ਡਬਲਯੂਪੀ ਨਾਲ ਸੋਧ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਬਿਮਾਰੀ ਨੂੰ ਸ਼ੁਰੂ ਵਿੱਚ ਹੀ ਕਾਬੂ ਕੀਤਾ ਜਾ ਸਕੇ। ਅਗੇਤੀ ਬੀਜੀ ਬਾਸਮਤੀ ਦੀ ਫ਼ਸਲ ’ਤੇ ਇਸ ਰੋਗ ਦਾ ਹਮਲਾ ਵਧੇਰੇ ਪਾਇਆ ਜਾਂਦਾ ਹੈ, ਇਸ ਲਈ ਬਾਸਮਤੀ ਦੀ ਬਿਜਾਈ ਸਿਫ਼ਾਰਸ਼ ਕੀਤੇ ਸਮੇਂ ਅਨੁਸਾਰ ਹੀ ਕਰਨੀ ਚਾਹੀਦੀ ਹੈ। ਪੰਜਾਬ ਬਾਸਮਤੀ 7, ਪੰਜਾਬ ਬਾਸਮਤੀ 5, ਪੂਸਾ ਬਾਸਮਤੀ 1847, ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1718 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦਾ ਪਹਿਲਾਂ ਪੰਦਰਵਾੜਾ ਹੋਣਾ ਚਾਹੀਦਾ ਹੈ ਜਦੋਂਕਿ ਸੀ ਐਸਆਰ 30 ਅਤੇ ਪੂਸਾ ਬਾਸਮਤੀ 1509 ਜੂਨ ਦੇ ਦੂਜੇ ਪੰਦਰਵਾੜੇ ਬੀਜਣੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਬਾਸਮਤੀ ਨੂੰ ਯੂਰੀਆ ਖਾਦ ਵੀ ਸਿਫ਼ਾਰਸ਼ ਅਨੁਸਾਰ ਹੀ ਪਾਉਣੀ ਚਾਹੀਦੀ ਹੈ।
ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਦੇ ਪ੍ਰਬੰਧ (ਆਈਡੀਐੱਮ) ਦੀ ਮਹਤੱਤਾ-
ਵਾਤਾਵਰਨ ਅਨੁਕੂਲ਼ ਫ਼ਸਲੀ ਬਿਮਾਰੀਆਂ ਦੀ ਰੋਕਥਾਮ: ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਦੇ ਪ੍ਰਬੰਧ ਦੀ ਸਭ ਤੋਂ ਵੱਡੀ ਮਹਤੱਤਾ ਇਹ ਹੈ ਕਿ ਇਹ ਪ੍ਰਣਾਲੀ ਕੁਦਰਤੀ ਸਰੋਤਾਂ ’ਤੇ ਮਾੜਾ ਪ੍ਰਭਾਵ ਪਾਏ ਬਗੈਰ ਸਾਨੂੰ ਬਿਮਾਰੀ ਦੀ ਰੋਕਥਾਮ ਕਰਨ ਦੇ ਸਮਰੱਥ ਬਣਾ ਦਿੰਦੀ ਹੈ। ਇਹ ਤਕਨੀਕ ਸਾਡੀ ਰਸਾਇਣਾਂ ’ਤੇ ਨਿਰਭਰਤਾ ਨੂੰ ਘਟਾਉਂਦੀ ਹੈ ਅਤੇ ਮਨੁੱਖੀ ਸਿਹਤ, ਮਿੱਤਰ ਜੀਵਾਂ ਅਤੇ ਵਾਤਾਵਰਨ ਉੱਤੇ ਮਾੜੇ ਪ੍ਰਭਾਵ ਪੈਣ ਤੋਂ ਰੋਕਦੀ ਹੈ। ਇਹ ਤਕਨੀਕ ਫ਼ਸਲੀ ਚੱਕਰ ਵਿੱਚ ਬਦਲਾਅ, ਫ਼ਸਲੀ ਰਹਿੰਦ-ਖੂੰਹਦ ਦਾ ਸਹੀ ਪ੍ਰਬੰਧ ਅਤੇ ਅੰਤਰ ਫ਼ਸਲਾਂ ਦੀ ਬਿਜਾਈ ਵਰਗੇ ਖੇਤੀਬਾੜੀ ਆਧਾਰਤ ਤਰੀਕਿਆਂ ਨੂੰ ਉਤਸ਼ਾਹਿਤ ਕਰ ਕੇ ਜੈਵਿਕ ਵਿਭਿੰਨਤਾ ਅਤੇ ਜੈਵਿਕ-ਮੰਡਲ ਦੀ ਸਥਿਰਤਾ ਨੂੰ ਕਾਇਮ ਰੱਖਣ ਲਈ ਅਤੇ ਖੇਤੀਬਾੜੀ ਨੂੰ ਲੰਬੇ ਸਮੇਂ ਤੱਕ ਵਾਤਾਵਰਨ ਦੇ ਅਨੁਕੂਲ ਬਣੇ ਰਹਿਣ ਦੇ ਸਮਰੱਥ ਬਣਾਉਂਦੀ ਹੈ।
ਰਸਾਇਣਾਂ ਪ੍ਰਤੀ ਸਹਿਣਸ਼ੀਲਤਾ ਪੈਦਾ ਹੋਣ ਤੋਂ ਬਚਾਅ: ਉੱਲੀਨਾਸ਼ਕ ਰਸਾਇਣਾਂ ਦਾ ਲੰਬੇ ਸਮੇਂ ਤੋਂ ਇਸਤੇਮਾਲ ਹੋਣ ਕਰ ਕੇ ਕਈ ਬਿਮਾਰੀ ਪੈਦਾ ਕਰਨ ਵਾਲੇ ਕੀਟਾਣੂੰਆਂ ਵਿੱਚ ਉਨ੍ਹਾਂ ਪ੍ਰਤੀ ਸਹਿਣਸ਼ੀਲਤਾ ਪੈਦਾ ਹੋ ਜਾਂਦੀ ਹੈ, ਜਿਸ ਕਰ ਕੇ ਉਨ੍ਹਾਂ ਰੋਗਾਂ ਦੀ ਰਸਾਇਣਕ ਰੋਕਥਾਮ ਕਰਨੀ ਮੁਸ਼ਕਲ ਹੋ ਜਾਂਦੀ ਹੈ। ਸਰਵਪੱਖੀ ਰੋਕਥਾਮ ਦੇ ਢੰਗ ਅਪਣਾਉਣ ਨਾਲ ਬਿਮਾਰੀਆਂ ਨੂੰ ਰੋਕਣ ਵਾਲੀਆਂ ਵੱਖ-ਵੱਖ ਤਕਨੀਕਾਂ ਜਿਵੇਂ ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ, ਜੈਵਿਕ ਉੱਲੀਨਾਸ਼ਕਾਂ ਦੀ ਵਰਤੋਂ ਅਤੇ ਫ਼ਸਲੀ ਵਿਭਿੰਨਤਾ ਆਦਿ ਦਾ ਏਕੀਕਰਨ ਕਰ ਕੇ ਬਿਮਾਰੀਆਂ ਨੂੰ ਤਾਂ ਠੱਲ੍ਹ ਪੈਂਦੀ ਹੀ ਹੈ, ਸਗੋਂ ਇਸ ਨਾਲ ਬਿਮਾਰੀਆਂ ਦੇ ਕੀਟਾਣੂੰਆਂ ਵਿੱਚ ਉੱਲੀਨਾਸ਼ਕ ਰਸਾਇਣਾਂ ਪ੍ਰਤੀ ਪੈਦਾ ਹੋਣ ਵਾਲੀ ਸਹਿਣਸ਼ਕਤੀ ਵੀ ਰੁਕ ਜਾਂਦੀ ਹੈ, ਜਿਸ ਨਾਲ ਰੋਗ ਨਿਯੰਤਰਨ ਦੇ ਉਪਾਅ ਲੰਬੇ ਸਮੇਂ ਤੱਕ ਅਸਰਦਾਰ ਰਹਿੰਦੇ ਹਨ।
ਫ਼ਸਲ ਦੀ ਸਿਹਤ ਅਤੇ ਝਾੜ ਵਿੱਚ ਵਾਧਾ: ਬਿਮਾਰੀਆਂ ਦੇ ਹਮਲੇ ਅਤੇ ਫੈਲਾਅ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਤਰ੍ਹਾਂ ਦੇ ਕਾਰਕਾਂ ਨਾਲ ਸੰਪੂਰਨ ਤੌਰ ’ਤੇ ਨਜਿੱਠਣ ਕਰ ਕੇ ਸਰਵਪੱਖੀ ਰੋਕਥਾਮ ਦੇ ਢੰਗ ਅਪਣਾਉਣ ਨਾਲ ਫ਼ਸਲ ਦੀ ਸਿਹਤ ਅਤੇ ਝਾੜ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਫ਼ਸਲਾਂ ਨੂੰ ਲੱਗਣ ਵਾਲੇ ਰੋਗਾਂ ਦੀ ਸਮੇਂ ਸਿਰ ਨਿਗਰਾਨੀ ਕਰ ਕੇ, ਉਨ੍ਹਾਂ ਦੇ ਹਮਲੇ ਦੀ ਪਹਿਲਾਂ ਹੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ ਜਿਸ ਨਾਲ ਬਿਮਾਰੀਆਂ ਦਾ ਹਮਲਾ ਸ਼ੁਰੂ ਹੋਣ ਸਮੇਂ ਹੀ ਉਨ੍ਹਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਇਹ ਢੰਗ ਬਿਮਾਰੀਆਂ ਦੀ ਤੀਬਰਤਾ ਨੂੰ ਘਟਾਉਣ ਵਿੱਚ ਸਹਾਇਕ ਸਿੱਧ ਹੁੰਦਾ ਹੈ, ਜਿਸ ਨਾਲ ਫ਼ਸਲਾਂ ਦੀ ਉਪਜ ਅਤੇ ਗੁਣਵੱਤਾ ਦੋਵਾਂ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਫ਼ਸਲ ਵਿੱਚ ਲੋੜ ਅਨੁਸਾਰ ਖਾਦ ਅਤੇ ਸਿੰਜਾਈ ਪ੍ਰਬੰਧ ਨਾਲ ਵੀ ਇਹ ਤਕਨੀਕ ਖੇਤੀ ਸਥਿਰਤਾ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ ਅਤੇ ਖੇਤੀ ਮੁਨਾਫ਼ੇ ਨੂੰ ਸਮੁੱਚੇ ਤੌਰ ’ਤੇ ਵਧਾਉਂਦੀ ਹੈ।
ਆਰਥਿਕ ਫ਼ਾਇਦਾ: ਰੋਗ ਪ੍ਰਬੰਧ ਦੀ ਸਰਵਪੱਖੀ ਤਕਨੀਕ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਵੀ ਮੁਨਾਫ਼ਾ ਪ੍ਰਦਾਨ ਕਰਦੀ ਹੈ। ਇਹ ਤਕਨੀਕ ਉੱਲੀਨਾਸ਼ਕ ਰਸਾਇਣਾਂ ’ਤੇ ਹੋਣ ਵਾਲੇ ਬੇਲੋੜੇ ਖ਼ਰਚੇ ਨੂੰ ਘਟਾ ਕੇ ਫ਼ਸਲ ਦੇ ਝਾੜ ਨੂੰ ਬਰਕਰਾਰ ਰੱਖਦੀ ਹੈ। ਰੋਗ ਤੋਂ ਬਚਾਅ ਦੇ ਵੱਖ-ਵੱਖ ਤਰੀਕਿਆਂ ਨੂੰ ਵਾਰੀ ਸਿਰ ਇਕੱਠਾ ਵਰਤ ਕੇ ਅਤੇ ਬਿਮਾਰੀ ਨਾਲ ਪ੍ਰਭਾਵਿਤ ਖੇਤ ’ਤੇ ਆਧਾਰਤ ਇਲਾਜ ਦੇ ਢੰਗ ਅਪਣਾ ਕੇ, ਕਿਸਾਨ ਆਪਣੇ ਨਿਵੇਸ਼ ’ਤੇ ਬਿਹਤਰ ਮੁਨਾਫ਼ਾ ਕਮਾ ਸਕਦੇ ਹਨ ਅਤੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕਦੇ ਹਨ।
ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਕਰਨ ਦੀ ਤਕਨੀਕ ਸਾਉਣੀ ਦੀਆਂ ਫ਼ਸਲਾਂ ਵਿੱਚ ਰੋਗਾਂ ਦੇ ਹਮਲੇ ਨੂੰ ਘਟਾਉਣ ਵਿੱਚ ਇਕ ਮਹਤੱਵਪੂਰਨ ਰੋਲ ਅਦਾ ਕਰ ਸਕਦੀ ਹੈ। ਇਸ ਨਾਲ ਕਿਸਾਨਾਂ ਨੂੰ ਬਿਮਾਰੀਆਂ ਦੇ ਟਿਕਾਊ, ਅਸਰਦਾਰ ਅਤੇ ਆਰਥਿਕ ਤੌਰ ’ਤੇ ਵਿਵਹਾਰਕ ਹੱਲ ਮਿਲ ਸਕਦਾ ਹੈ। ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਦੇ ਵੱਖ-ਵੱਖ ਢੰਗਾਂ ਨੂੰ ਵਾਰੀ ਸਿਰ ਇਕੱਠਾ ਵਰਤ ਕੇ ਕਿਸਾਨ ਵਾਤਾਵਰਨ ਅਤੇ ਮਨੁੱਖੀ ਸਿਹਤ ’ਤੇ ਮਾੜਾ ਪ੍ਰਭਾਵ ਪਾਏ ਬਗੈਰ ਫ਼ਸਲ ਦੀ ਸਿਹਤ, ਉਤਪਾਦਨ ਅਤੇ ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ ਨੂੰ ਵਧਾ ਸਕਦੇ ਹਨ। ਅਜੋਕੇ ਸਮੇਂ ਵਿੱਚ ਬਦਲਦੇ ਮੌਸਮ ਅਤੇ ਬਿਮਾਰੀਆਂ ਦੇ ਵਧਦੇ ਹਮਲਿਆਂ ਕਰ ਕੇ ਵੀ ਖੇਤੀਬਾੜੀ ਵਿੱਚ ਬਦਲਾਅ ਆ ਰਿਹਾ ਹੈ, ਜਿਸ ਦੇੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿੱਚ ਭੋਜਨ ਸੁਰੱਖਿਆ ਨੂੰ ਬਣਾਈ ਰੱਖਣ, ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਅਤੇ ਵਾਤਾਵਰਨ ਦੀ ਰੱਖਿਆ ਕਰਨ ਲਈ ਸਰਵਪੱਖੀ ਰੋਗ ਪ੍ਰਬੰਧ ਨੂੰ ਅਪਨਾਉਣਾ ਇਕ ਜ਼ਰੂਰਤ ਬਣ ਗਈ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ/ਪੌਦਾ ਰੋਗ ਵਿਭਾਗ, ਪੀਏਯੂ, ਲੁਧਿਆਣਾ।
ਸੰਪਰਕ: 81468-60099

Advertisement
Advertisement