For the best experience, open
https://m.punjabitribuneonline.com
on your mobile browser.
Advertisement

ਵੱਕਾਰੀ ਹਲਕਾ: ਬਹੁਕੋਣੇ ਮੁਕਾਬਲੇ ਵਿੱਚ ਫਸ ਗਈ ਬਠਿੰਡਾ ਸੀਟ

07:59 AM May 28, 2024 IST
ਵੱਕਾਰੀ ਹਲਕਾ  ਬਹੁਕੋਣੇ ਮੁਕਾਬਲੇ ਵਿੱਚ ਫਸ ਗਈ ਬਠਿੰਡਾ ਸੀਟ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 27 ਮਈ
ਬਠਿੰਡਾ ਸੰਸਦੀ ਸੀਟ ਬਹੁਕੋਣੇ ਮੁਕਾਬਲੇ ਵਿੱਚ ਫਸ ਗਈ ਹੈ। ਚੋਣ ਪ੍ਰਚਾਰ ਬੰਦ ਹੋਣ ’ਚ ਤਿੰਨ ਦਿਨ ਬਚੇ ਹਨ ਅਤੇ ਵੋਟਰਾਂ ਨੇ ਹਾਲੇ ਤੱਕ ਦਿਲ ਦੀ ਘੁੰਢੀ ਨਹੀਂ ਖੋਲ੍ਹੀ। ਬਾਦਲ ਪਰਿਵਾਰ ਲਈ ਬਠਿੰਡਾ ਸੀਟ ਵੱਕਾਰੀ ਹੈ ਜਿਥੋਂ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਮੈਦਾਨ ਵਿੱਚ ਉੱਤਰੇ ਹਨ। ਮੁੱਖ ਮੰਤਰੀ ਭਗਵੰਤ ਮਾਨ ਲਈ ਬਠਿੰਡਾ ਸੀਟ ਇੱਜ਼ਤ ਦਾ ਸੁਆਲ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਪਹਿਲੀ ਵਾਰ ਚੋਣ ਲੜ ਰਹੀ ਹੈ ਜਿਸ ਨੂੰ ਸ਼ਹਿਰੀ ਵੋਟ ਬੈਂਕ ਤੋਂ ਉਮੀਦਾਂ ਹਨ। ਹਲਕੇ ਦੇ ਵੋਟਰਾਂ ਦੀ ਦਿਲਚਸਪੀ ਹੁਣ ਬਣਨ ਲੱਗੀ ਹੈ।
ਸਿਆਸੀ ਪਾਰਟੀਆਂ ਨੇ ਆਖ਼ਰੀ ਹੰਭਲਾ ਮਾਰਨਾ ਸ਼ੁਰੂ ਕਰ ਦਿੱਤਾ ਹੈ। ਸੰਸਦੀ ਹਲਕੇ ਵਿੱਚ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦਾ ਰਾਜਸੀ ਅਕਸ ਸਾਫ਼ ਸੁਥਰਾ ਹੈ ਜਿਸ ਦਾ ‘ਆਪ’ ਨੂੰ ਲਾਹਾ ਮਿਲਣ ਦੀ ਸੰਭਾਵਨਾ ਹੈ। ਇੱਕ ਪਾਸੇ ਖੁੱਡੀਆਂ ਦੀ ਸ਼ਰਾਫ਼ਤ ਅਤੇ ਦੂਜੇ ਪਾਸੇ ‘ਆਪ’ ਦੇ ਕਈ ਵਿਧਾਇਕਾਂ ਦੀ ਲੋਕਾਂ ਵਿਚ ਵਿਰੋਧਤਾ ਵੀ ਹੈ। ਇਸ ਸੰਸਦੀ ਹਲਕੇ ਵਿੱਚ ਨੌਂ ਅਸੈਂਬਲੀ ਹਲਕੇ ਪੈਂਦੇ ਹਨ। ਆਖ਼ਰੀ ਪੜਾਅ ’ਤੇ ਪਹੁੰਚੀ ਚੋਣ ਮੁਹਿੰਮ ਹੁਣ ਤੱਕ ਜਿੰਨੀ ਕੁ ਨਿੱਖਰੀ ਹੈ, ਉਸ ਤੋਂ ਲੱਗਦਾ ਹੈ ਕਿ 9 ਹਲਕਿਆਂ ਵਿੱਚੋਂ ਹਰ ਪਾਰਟੀ ਦਾ ਗਰਾਫ਼ ਵੱਖੋ ਵੱਖਰਾ ਹੈ। ‘ਆਪ’ ਨੂੰ ਐਤਕੀਂ ਸਰਦੂਲਗੜ੍ਹ ਹਲਕੇ ਤੋਂ ਵੱਡੀਆਂ ਆਸਾਂ ਹਨ ਜਦੋਂਕਿ ਅਕਾਲੀ ਦਲ ਦੀ ਟੇਕ ਬੁਢਲਾਡਾ ’ਤੇ ਹੈ।
ਮਾਨਸਾ ਹਲਕੇ ਵਿੱਚੋਂ ਹਮੇਸ਼ਾ ਕਾਂਗਰਸ ਅੱਗੇ ਰਹੀ ਹੈ। ਐਤਕੀਂ ਅਕਾਲੀ ਦਲ ਨੂੰ ਇੱਥੋਂ ਜੱਦੋਜਹਿਦ ਕਰਨੀ ਪੈ ਰਹੀ ਹੈ। ਜ਼ਿਲ੍ਹਾ ਮਾਨਸਾ ’ਚ ਪੈਂਦੀਆਂ ਤਿੰਨ ਸੀਟਾਂ ਤੋਂ ਸਮੁੱਚੇ ਰੂਪ ਵਿਚ ‘ਆਪ’ ਆਸਵੰਦ ਜਾਪਦੀ ਹੈ ਪਰ ਵੋਟਾਂ ਦਾ ਫ਼ਰਕ ਬਹੁਤਾ ਰਹਿਣ ਦੀ ਸੰਭਾਵਨਾ ਨਹੀਂ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਕਾਂਗਰਸ ਦੀ ਹਮਾਇਤ ਵਿੱਚ ਕੁੱਦਿਆ ਹੋਇਆ ਹੈ। ਅਕਾਲੀ ਦਲ ਨੂੰ ਵੱਡੇ ਬਾਦਲ ਦੀ ਘਾਟ ਇਸ ਹਲਕੇ ਵਿੱਚ ਰੜਕ ਰਹੀ ਹੈ। ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਪੰਜ ਅਸੈਂਬਲੀ ਹਲਕਿਆਂ ਦੀ ਗੱਲ ਕਰੀਏ ਤਾਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦਾ ਨਿੱਜੀ ਰਸੂਖ਼ ਹੋਣ ਕਰਕੇ ਮੌੜ ਅਤੇ ਤਲਵੰਡੀ ਸਾਬੋ ਹਲਕਿਆਂ ਵਿੱਚ ਕਾਂਗਰਸ ਨੂੰ ਲਾਹਾ ਮਿਲ ਸਕਦਾ ਹੈ। ਜੀਤਮਹਿੰਦਰ ਸਿੱਧੂ ਵੱਲੋਂ ਕੀਤੇ ਦਲ ਬਦਲ ਲੋਕਾਂ ਨੂੰ ਚੁਭ ਰਹੇ ਹਨ। ਤਲਵੰਡੀ ਸਾਬੋ ਹਲਕੇ ਵਿੱਚ ਅਕਾਲੀ ਦਲ ਨੂੰ ਵਾਹ ਲਾਉਣੀ ਪੈ ਰਹੀ ਹੈ। ਲੰਬੀ ਹਲਕੇ ਤੋਂ ਅਕਾਲੀ ਉਮੀਦਵਾਰ ਨੂੰ ਕਿੰਨਾ ਕੁ ਵੱਡਾ ਸਾਥ ਮਿਲਦਾ ਹੈ, ਉਸ ਦਾ ਵੀ ਸਮੁੱਚੀ ਹਾਰ ਜਿੱਤ ’ਤੇ ਅਸਰ ਪਵੇਗਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਉਮੀਦਵਾਰ ਲੱਖਾ ਸਿਧਾਣਾ ਵੀ ਸੱਤਾਧਾਰੀ ਧਿਰ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਦੋਂਕਿ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਕਾਂਗਰਸੀ ਉਮੀਦਵਾਰ ਨੂੰ ਸੱਟ ਮਾਰ ਰਹੀ ਹੈ। ਅਕਾਲੀ ਦਲ ਨੂੰ ਸਿਕੰਦਰ ਸਿੰਘ ਮਲੂਕਾ ਦੀ ਖ਼ਾਮੋਸ਼ੀ ਵੀ ਸੰਨ੍ਹ ਲਾ ਰਹੀ ਹੈ। ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ‘ਆਪ’ ਦਾ ਪੱਲਾ ਫੜ ਲਿਆ ਹੈ। ਅਕਾਲੀ ਦਲ ਨੂੰ ਰਾਜਸੀ ਮੈਨੇਜਮੈਂਟ ਵਿਚ ਮੁਹਾਰਤ ਹਾਸਲ ਹੈ ਐਤਕੀਂ ਹਲਕੇ ਵਿੱਚ ਪੈਸਾ ਚੱਲਣ ਦੀਆਂ ਚਰਚਾਵਾਂ ਨੇ। ਪੇਂਡੂ ਖੇਤਰ ਵਿੱਚ ਮਲੂਕਾ ਦੇ ਪ੍ਰਭਾਵ ਵਾਲਾ ਵੋਟ ਬੈਂਕ ਅਕਾਲੀ ਉਮੀਦਵਾਰ ਨੂੰ ਪ੍ਰਭਾਵਿਤ ਕਰੇਗਾ।
ਮੁੱਖ ਮੰਤਰੀ ਭਗਵੰਤ ਮਾਨ ਇਸ ਸੰਸਦੀ ਹਲਕੇ ਵਿਚ ਰੋਡ ਸ਼ੋਅ ਕਰ ਚੁੱਕੇ ਹਨ ਅਤੇ ਅਰਵਿੰਦ ਕੇਜਰੀਵਾਲ ਨੇ ਵੀ ਰੋਡ ਸ਼ੋਅ ਕੀਤਾ ਹੈ। ਉਧਰ, ਮੌੜ ਹਲਕੇ ਤੋਂ ‘ਆਪ’ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਦੇ ਖ਼ਿਲਾਫ਼ ਵਪਾਰੀਆਂ ਨੇ ਮੌੜ ਮੰਡੀ ਵੀ ਬੰਦ ਕਰ ਦਿੱਤੀ ਸੀ ਜਿਸ ਦੀ ਸਿੱਧੀ ਸੱਟ ‘ਆਪ’ ਨੂੰ ਲੱਗੇਗੀ।
ਪ੍ਰਸਥਿਤੀਆਂ ਤੋਂ ਜਾਪਦਾ ਹੈ ਕਿ ਮੁੱਖ ਮੁਕਾਬਲੇ ਵਿੱਚ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ, ਕਾਂਗਰਸ ਦੇ ਜੀਤਮਹਿੰਦਰ ਸਿੰਘ ਸਿੱਧੂ ਅਤੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਹੈ ਜਦੋਂਕਿ ਭਾਜਪਾ ਦੀ ਪਰਮਪਾਲ ਕੌਰ ਸਿੱਧੂ ਬਹੁਕੋਣਾ ਮੁਕਾਬਲਾ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ।
ਬੀਬੀ ਬਾਦਲ ਨੂੰ ਇਸ ਵਾਰ ਕਾਫ਼ੀ ਜੱਦੋ ਜਹਿਦ ਕਰਨੀ ਪੈ ਰਹੀ ਹੈ। ਅੱਜ ਦੀ ਸਥਿਤੀ ਇਹ ਹੈ ਕਿ ਕੋਈ ਵੀ ਉਮੀਦਵਾਰ ਦਾਅਵੇ ਨਾਲ ਆਪਣੀ ਜਿੱਤ ਬਾਰੇ ਨਹੀਂ ਕਹਿ ਸਕਦਾ ਹੈ। ਹਰ ਅਸੈਂਬਲੀ ਹਲਕੇ ਵਿਚ ਸਥਿਤੀ ਵੱਖੋ ਵੱਖਰੀ ਹੈ। ਬਠਿੰਡਾ ਹਲਕੇ ਵਿੱਚ ਆਏ ਕੇਂਦਰੀ ਪ੍ਰਾਜੈਕਟਾਂ ’ਤੇ ਹਰਸਿਮਰਤ ਕੌਰ ਬਾਦਲ ਵੀ ਦਾਅਵਾ ਜਤਾ ਰਹੀ ਹੈ ਜਦੋਂਕਿ ਭਾਜਪਾ ਉਮੀਦਵਾਰ ਪਰਮਪਾਲ ਕੌਰ ਵੀ ਇਸ ਨੂੰ ਭਾਜਪਾ ਦੇ ਖਾਤੇ ਵਿੱਚ ਪਾ ਰਹੀ ਹੈ। ਪਰਮਪਾਲ ਕੌਰ ਸਿੱਧੂ ਨੂੰ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਆਪਣੀ ਸਿਹਤ ਦਾ ਹਵਾਲਾ ਦੇ ਕੇ ਚੋਣ ਮੁਹਿੰਮ ਤੋਂ ਦੂਰ ਹੀ ਹਨ। ‘ਆਪ’ ਉਮੀਦਵਾਰ ਖੁੱਡੀਆਂ ਨੂੰ ਵੀ ਪਿੰਡਾਂ ਵਿਚ ਸੁਆਲਾਂ ਦਾ ਸਾਹਮਣਾ ਕਰਨਾ ਪਿਆ ਹੈ।

Advertisement

ਹਲਕੇ ਦਾ ਰਾਜਸੀ ਸੁਭਾਅ

ਬਠਿੰਡਾ ਹਲਕੇ ਦੀਆਂ ਲੰਘੀਆਂ ਤਿੰਨ ਲੋਕ ਸਭਾ ਚੋਣਾਂ (2009, 2014 ਤੇ 2019) ਵਿੱਚ ਲੰਬੀ ਤੇ ਬੁਢਲਾਡਾ ਹਲਕਿਆਂ ’ਚੋਂ ਅਕਾਲੀ ਦਲ ਨੂੰ ਲੀਡ ਮਿਲੀ ਜਦੋਂਕਿ ਮਾਨਸਾ ਹਮੇਸ਼ਾ ਕਾਂਗਰਸ ਦੀ ਝੋਲੀ ਪਿਆ। ਬਠਿੰਡਾ ਸ਼ਹਿਰੀ ਹਲਕੇ ਤੋਂ 2009 ਅਤੇ 2014 ਵੇਲੇ ਕਾਂਗਰਸ ਨੇ ਲੀਡ ਲਈ ਤੇ 2019 ਵਿੱਚ ਅਕਾਲੀ ਦਲ ਅੱਗੇ ਰਿਹਾ। 2014 ਦੀਆਂ ਚੋਣਾਂ ਵਿੱਚ ਕਾਂਗਰਸ ਦਾ ਤਿੰਨ ਹਲਕਿਆਂ: ਬਠਿੰਡਾ (ਸ਼ਹਿਰੀ), ਬਠਿੰਡਾ (ਦਿਹਾਤੀ) ਅਤੇ ਮਾਨਸਾ ਨੇ ਸਾਥ ਦਿੱਤਾ। 2019 ਵੇਲੇ ਕਾਂਗਰਸ ਦੀ ਬੜ੍ਹਤ ਚਾਰ ਹਲਕਿਆਂ ਤਲਵੰਡੀ ਸਾਬੋ, ਮੌੜ, ਮਾਨਸਾ ਤੇ ਸਰਦੂਲਗੜ੍ਹ ਤਕ ਵਧ ਗਈ। ਅਕਾਲੀ ਦਲ ਨੇ 2009 ’ਚ ਸੱਤ ਅਸੈਂਬਲੀ ਹਲਕਿਆਂ ਤੋਂ ਲੀਡ ਲਈ ਜੋ 2014 ਘੱਟ ਕੇ ਛੇ ਹਲਕਿਆਂ ਤਕ ਰਹਿ ਗਈ। 2019 ਵਿੱਚ ਅਕਾਲੀ ਦਲ ਦੀ ਚੜ੍ਹਤ ਪੰਜ ਹਲਕਿਆਂ ਤਕ ਸਿਮਟ ਗਈ।

Advertisement
Author Image

joginder kumar

View all posts

Advertisement
Advertisement
×