ਵਿਦਿਆਰਥੀਆਂ ਦੇ ਮਾਪਿਆਂ ’ਤੇ ਚੰਡੀਗੜ੍ਹ ਨੂੰ ‘ਸੋਹਣਾ’ ਲਿਖਣ ਲਈ ਦਬਾਅ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 21 ਜੁਲਾਈ
ਯੂਟੀ ਦੇ ਸਰਕਾਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੂੰ 22 ਜੁਲਾਈ ਨੂੰ ਅਧਿਆਪਕ ਮਾਪੇ ਮਿਲਣੀ ਲਈ ਸੱਦਿਆ ਗਿਆ ਹੈ। ਇਸ ਮਿਲਣੀ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਕ ਲਿੰਕ ’ਤੇ ਆਪਣੇ ਸੁਝਾਅ ਦੇਣ ਲਈ ਕਿਹਾ ਜਾਵੇਗਾ ਪਰ ਇਸ ਸਬੰਧੀ ਅੱਜ ਹੀ ਸਕੂਲ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਸਰਵੇ ਵਿਚ ਚੰਡੀਗੜ੍ਹ ਨੂੰ ਸੁੰਦਰ ਸ਼ਹਿਰ ਦਿਖਾਉਣ ਲਈ ਹਰ ਸਵਾਲ ’ਤੇ ਹਾਂ-ਪੱਖੀ ਜਵਾਬ ’ਤੇ ਮਾਰਕ ਕਰਵਾਉਣ ਤਾਂ ਕਿ ਚੰਡੀਗੜ੍ਹ ਦੀ ਦਰਜਾਬੰਦੀ ਵਿਚ ਸੁਧਾਰ ਹੋ ਸਕੇ। ਇਸ ਵਰਤਾਰੇ ਕਾਰਨ ਅਧਿਆਪਕਾਂ ਤੇ ਮਾਪਿਆਂ ਵਿਚ ਰੋਸ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਉਹ ਆਪਣੇ ਆਪਣੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਭਲਕੇ ਹੋਣ ਵਾਲੀ ਅਧਿਆਪਕ ਮਾਪੇ ਮਿਲਣੀ ਲਈ ਸੱਦਣ। ਇਸ ਲਈ ਅੱਜ ਸਕੂਲਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਰਕੁਲਰ ਭੇਜ ਦਿੱਤੇ ਹਨ। ਯੂਟੀ ਦੇ ਕਈ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ‘ਪੰਜਾਬੀ ਟ੍ਰਬਿਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਵਲੋਂ ਸ਼ਹਿਰਾਂ ਦੀ ਸਾਫ਼਼-ਸਫ਼ਾਈ ਲਈ ਸਰਵੇਖਣ ਕਰਵਾਇਆ ਜਾ ਰਿਹਾ ਹੈ ਜਿਸ ਲਈ ਮਾਪਿਆਂ ਨੂੰ ਸਕੂਲ ਆਉਣ ’ਤੇ ਗੂਗਲ ਲਿੰਕ ਦਿੱਤੇ ਜਾਣਗੇ ਤੇ ਉਸ ਵਿਚ 9 ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਜਾਵੇਗਾ। ਉਨ੍ਹਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਾਰਿਆਂ ਵਿਚ ਜਵਾਬ ਹਾਂ-ਪੱਖੀ ਹੋਣੇ ਚਾਹੀਦੇ ਹਨ। ਸਵਾਲਾਂ ’ਚ ਪੁੱਛਿਆ ਜਾਵੇਗਾ ਕਿ ਕੀ ਤੁਹਾਡੇ ਸਕੂਲ ਵਿੱਚ ਪੀਣ ਲਈ ਸਾਫ਼ ਪਾਣੀ ਆਉਂਦਾ ਹੈੈ?, ਕੀ ਸਕੂਲ ਵਿਚ ਪਖਾਨੇ ਹਨ ਤੇ ਜੇ ਹਨ ਤਾਂ ਕੀ ਉਹ ਸਾਫ਼ ਹਨ? ਅਤੇ ਕੀ ਸਕੂਲ ਵਿਚ ਤੇ ਆਲੇ ਦੁਆਲੇ ਸਾਫ਼-ਸਫ਼ਾਈ ਰਹਿੰਦੀ ਹੈ? ਹਰ ਸਵਾਲ ਦੇ ਜਵਾਬ ਵਿੱਚ ਮਾਪਿਆਂ ਨੂੰ ਸਵਾਲ ਦੇ ਨਾਲ ਸਫ਼ਾਈ ਵਾਲੀਆਂ ਫੋਟੋਆਂ ਵੀ ਅਪਲੋਡ ਕਰਨ ਲਈ ਕਿਹਾ ਗਿਆ ਹੈ।
ਇਕ ਹੋਰ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਸਕੂਲ ਵਿਚ ਨਗਰ ਨਿਗਮ ਦੇ ਮੁਲਾਜ਼ਮ ਆਏ ਸਨ ਤੇ ਉਨ੍ਹਾਂ ਸਕੂਲਾਂ ਦੀ ਅੱਜ ਹੀ ਸਾਫ਼-ਸਫ਼ਾਈ ਕਰਨ ਲਈ ਕਿਹਾ ਹੈ ਤਾਂ ਕਿ ਭਲਕੇ ਹਰ ਸਕੂਲ ਦੀ ਅਸਲੀ ਨਹੀਂ ਬਲਕਿ ਸਫ਼ਾਈ ਕਰਨ ਤੋਂ ਬਾਅਦ ਤਸਵੀਰ ਦਿਖਾਈ ਜਾਵੇ। ਨਗਰ ਨਿਗਮ ਮੁਲਾਜ਼ਮਾਂ ਨੇ ਕਿਹਾ ਕਿ ਇਸ ਸਰਵੇਖਣ ਨੂੰ ਨੰਬਰ ਇਕ ਬਣਾਉਣਾ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ।
ਖੁੱਡਾ ਜੱਸੂ ਸਕੂਲ ’ਚ ਦੋ ਅਧਿਆਪਕਾਵਾਂ ਲੜੀਆਂ; ਦੋਵਾਂ ਦਾ ਤਬਾਦਲਾ
ਇਥੋਂ ਦੇ ਖੁੱਡਾ ਜੱਸੂ ਦੇ ਸਰਕਾਰੀ ਸਕੂਲ ਵਿਚ ਦੋ ਜੇਬੀਟੀ ਅਧਿਆਪਕਾਵਾਂ ਵੱਲੋਂ ਇਕ ਦੂਜੇ ਦੀ ਕੁੱਟਮਾਰ ਕੀਤੀ ਗਈ। 17 ਜੁਲਾਈ ਨੂੰ ਵਾਪਰੀ ਘਟਨਾ ਵਿਚ ਇਨ੍ਹਾਂ ਅਧਿਆਪਕਾਵਾਂ ਨੇ ਇਕ ਦੂਜੇ ਦੇ ਕੱਪੜੇ ਪਾੜ ਦਿੱਤੇ ਜਿਸ ਕਾਰਨ ਸਕੂਲ ਮੁਖੀ ਨੂੰ ਪੁਲੀਸ ਸੱਦਣੀ ਪਈ। ਇਸ ਮਾਮਲੇ ਵਿਚ ਸਿੱਖਿਆ ਵਿਭਾਗ ਨੇ ਕਮੇਟੀ ਬਣਾਈ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ 31 ਜੁਲਾਈ ਨੂੰ ਹੋਣ ਵਾਲੀ ਅਧਿਆਪਕ ਮਾਪੇ ਮਿਲਣੀ ਹੁਣ 22 ਨੂੰ ਸੱਦੀ ਹੈ। ਇਸ ਵਿਚ ਮਾਪਿਆਂ ’ਤੇ ਦਬਾਅ ਬਣਾਉਣ ਦੀ ਕੋਈ ਗੱਲ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੂੰ ਓਟੀਪੀ ਰਾਹੀਂ ਲਿੰਕ ਭੇਜਿਆ ਜਾਵੇਗਾ ਤੇ ਉਹ 15 ਅਗਸਤ ਤਕ ਆਪਣੀ ਸਹੂਲਤ ਅਨੁਸਾਰ ਫਾਰਮ ਭਰ ਸਕਦੇ ਹਨ। ਇਸ ਸਬੰਧੀ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ। ਉਨ੍ਹਾਂ ਕੁੱਟਮਾਰ ਮਾਮਲੇ ’ਤੇ ਦੱਸਿਆ ਕਿ ਰਿਪੋਰਟ ਦੇ ਆਧਾਰ ’ਤੇ ਇਕ ਅਧਿਆਪਕਾ ਦਾ ਤਬਾਦਲਾ ਸੈਕਟਰ 11 ਦੇ ਸਕੂਲ ਕਰ ਦਿੱਤਾ ਗਿਆ ਹੈ ਜਦਕਿ ਦੂਜੀ ਅਧਿਆਪਕਾ ਨੂੰ ਡੀਈਓ ਦਫਤਰ ਤਾਇਨਾਤ ਕੀਤਾ ਗਿਆ ਹੈ। ਇਹ ਪਤਾ ਲੱਗਾ ਹੈ ਕਿ ਦੋਵੇਂ ਅਧਿਆਪਕਾਵਾਂ ਪੰਜਾਬ ਤੋਂ ਡੈਪੂਟੇਸ਼ਨ ’ਤੇ ਚੰਡੀਗੜ੍ਹ ਆਈਆਂ ਹਨ।