For the best experience, open
https://m.punjabitribuneonline.com
on your mobile browser.
Advertisement

ਰਾਸ਼ਟਰਪਤੀ ਦਾ ਭਾਸ਼ਣ ‘ਝੂਠ ਨਾਲ ਭਰੀ’ ਸਰਕਾਰ ਦੀ ਲਿਖਤ: ਵਿਰੋਧੀ ਧਿਰਾਂ

07:51 AM Jun 28, 2024 IST
ਰਾਸ਼ਟਰਪਤੀ ਦਾ ਭਾਸ਼ਣ ‘ਝੂਠ ਨਾਲ ਭਰੀ’ ਸਰਕਾਰ ਦੀ ਲਿਖਤ  ਵਿਰੋਧੀ ਧਿਰਾਂ
ਸੰਸਦ ਵਿੱਚ ਰਾਸ਼ਟਰਪਤੀ ਦਾ ਭਾਸ਼ਣ ਸੁਣਦੇ ਹੋਏ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 27 ਜੂਨ
ਵਿਰੋਧੀ ਧਿਰਾਂ ਨੇ ਰਾਸ਼ਟਰਪਤੀ ਮੁਰਮੂ ਵੱਲੋਂ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਦੌਰਾਨ ਦਿੱਤੇ ਭਾਸ਼ਣ ਨੂੰ ‘ਸਰਕਾਰ ਵੱਲੋਂ ਦਿੱਤੀ ਪਟਕਥਾ’ ਦੱਸ ਕੇ ਖਾਰਜ ਕਰ ਦਿੱਤਾ ਹੈ, ਜਿਹੜੀ ‘ਝੂਠ ਨਾਲ ਭਰੀ’ ਸੀ। ਵਿਰੋਧੀ ਪਾਰਟੀਆਂ ਨੇ ਭਾਸ਼ਣ ਵਿਚ 1975 ਦੀ ਐਮਰਜੈਂਸੀ ਦੇ ਵਾਰ ਵਾਰ ਜ਼ਿਕਰ ਲਈ ਵੀ ਸਰਕਾਰ ਨੂੰ ਭੰਡਿਆ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ‘ਅਣਐਲਾਨੀ ਐਮਰਜੈਂਸੀ’ ਵਰਗਾ ਮਾਹੌਲ ਹੈ ਤੇ ਮੋਦੀ ਸਰਕਾਰ ਹੇਠ ਸੰਵਿਧਾਨ ’ਤੇ ਹਮਲੇ ਕੀਤੇ ਜਾ ਰਹੇ ਹਨ। ਕਾਂਗਰਸ ਪ੍ਰਧਾਨ ਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇੰਜ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਵੀ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਇਨ੍ਹਾਂ ਚੋਣਾਂ ਵਿਚ ਭਾਰਤ ਦੇ ਲੋਕਾਂ ਨੇ ਉਨ੍ਹਾਂ ਨੂੰ ਨਾਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ’ਚੋਂ ਨੀਟ ਮਸਲੇ ਦਾ ਹੱਲ, ਮਹਿੰਗਾਈ, ਬੇਰੁਜ਼ਗਾਰੀ, ਮਨੀਪੁਰ ’ਚ ਹਿੰਸਾ, ਜੰਮੂ ਕਸ਼ਮੀਰ ’ਚ ਦਹਿਸ਼ਤੀ ਹਮਲੇ, ਰੇਲ ਹਾਦਸੇ ਤੇ ਰੇਲਗੱਡੀਆਂ ’ਚ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਭਾਜਪਾ ਸ਼ਾਸਿਤ ਰਾਜਾਂ ਵਿਚ ਦਲਿਤਾਂ, ਆਦਿਵਾਸੀਆਂ ਤੇ ਘੱਟਗਿਣਤੀਆਂ ’ਤੇ ਅੱਤਿਆਚਾਰ ਜਿਹੇ ਮੁੱਦੇ ਗਾਇਬ ਸਨ। ਉਧਰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਦੇ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ। ਯਾਦਵ ਨੇ ਕਿਹਾ, ‘‘ਭਾਰਤ ਦੇ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣਨ ਦੀ ਜਿਹੜੀ ਕਹਾਣੀ ਦੱਸੀ ਜਾ ਰਹੀ ਹੈ... ਕੀ ਉਸ ਨੇ ਕਿਸਾਨਾਂ ਨੂੰ ਖ਼ੁਸ਼ਹਾਲ ਬਣਾ ਦਿੱਤਾ? ਜੇ ਅਸੀਂ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਹਾਂ, ਤਾਂ ਫਿਰ ਇੰਨੇ ਸਾਰੇ ਨੌਜਵਾਨ ਬੇਰੁਜ਼ਗਾਰ ਕਿਉਂ ਹਨ? ਅਗਨੀਵੀਰ ਜਿਹੀ ਸਕੀਮ ਕਿਉਂ ਹੈ। ਮਹਿੰਗਾਈ ਕਾਬੂ ਹੇਠ ਕਿਉਂ ਨਹੀਂ ਆਈ?’’ ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਵਿਸ਼ੇਸ਼ ਦੀ ਤਰੱਕੀ ਨਾਲ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ, ‘‘ਨਿਵੇਸ਼ ਦੇ ਦਾਅਵਿਆਂ ਨਾਲ ਸਾਡੇ ਅੰਕੜਿਆਂ ਵਿਚ ਸੁਧਾਰ ਤਾਂ ਹੋ ਸਕਦਾ ਹੈ, ਪਰ ਇਸ ਵਿਚ ਕਿਸਾਨਾਂ, ਗਰੀਬਾਂ ਤੇ ਉਨ੍ਹਾਂ ਲੋਕਾਂ ਲਈ ਕੀ ਹੈ, ਜਿਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ।’’ ਮੁਰਮੂ ਦੇ ਭਾਸ਼ਣ ਵਿਚ ਐਮਰਜੈਂਸੀ ਦੇ ਜ਼ਿਕਰ ਬਾਰੇ ਪੁੱਛਣ ’ਤੇ ਯਾਦਵ ਨੇ ਕਿਹਾ, ‘‘ਭਾਜਪਾ ਨੇ ਐਮਰਜੈਂਸੀ ਦੌਰਾਨ ਜੇਲ੍ਹਾਂ ਵਿਚ ਬੰਦ ਲੋਕਾਂ ਲਈ ਕੀ ਕੀਤਾ? ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਸਤਿਕਾਰ ਤੇ ਪੈਨਸ਼ਨਾਂ ਦਿੱਤੀਆਂ।’’ ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਨੇ ਕਿਹਾ ਕਿ ਰਾਸ਼ਟਰਪਤੀ ਨੇ ‘ਸਰਕਾਰ ਵੱਲੋਂ ਦਿੱਤੀ ਲਿਖਤ ਹੀ ਪੜ੍ਹੀ’ ਤੇ ਭਾਜਪਾ ਨੂੰ ਅਜੇ ਤੱਕ ਅਹਿਸਾਸ ਨਹੀਂ ਹੋਇਆ ਕਿ ਉਸ ਕੋਲ ਆਪਣੇ ਦਮ ’ਤੇ ਬਹੁਮਤ ਨਹੀਂ ਹੈ। ਉਨ੍ਹਾਂ ਕਿਹਾ, ‘‘ਸਰਕਾਰ ਦੀ ਮੁਸ਼ਕਲ ਹੈ ਕਿ ਉਹ ਅਜੇ ਤੱਕ ਇਹ ਨਹੀਂ ਸਮਝ ਸਕੇ ਕਿ ਉਹ 303 ਤੋਂ 240 ’ਤੇ ਪਹੁੰਚ ਗਏ ਹਨ। ਉਨ੍ਹਾਂ ਜਿਹੜਾ ਭਾਸ਼ਣ ਤਿਆਰ ਕੀਤਾ ਸੀ ਉਹ 303 ਦੇ ਬਹੁਮਤ ’ਤੇ ਅਧਾਰਿਤ ਸੀ। ਇਹੀ ਵਜ੍ਹਾ ਹੈ ਕਿ ਉਨ੍ਹਾਂ (ਮੁਰਮੂ) ਕਿਹਾ ਕਿ ਸਪਸ਼ਟ ਬਹੁਮਤ ਦੀ ਸਰਕਾਰ ਹੈ ਜਦੋਂਕਿ ਸਰਕਾਰ ਅਸਲ ਵਿਚ ਘੱਟਗਿਣਤੀ ’ਚ ਹੈ।’’ ਮਹੂਆ ਨੇ ਕਿਹਾ ਕਿ ਰਾਸ਼ਟਰਪਤੀ ਨੇ ਸ਼ਾਇਦ ਆਪਣੇ ਭਾਸ਼ਣ ਦੇ ਕੁਝ ਹਿੱਸੇ ਪਿਛਲੇ ਸਾਲ ਦੀ ਤਕਰੀਰ ’ਚੋਂ ਲਏ ਹਨ। ਸੀਪੀਆਈ(ਐੱਮਐੱਲ) ਲਿਬਰੇਸ਼ਨ ਦੇ ਐੱਮਪੀ ਸੁਦਾਮਾ ਪ੍ਰਸਾਦ ਨੇ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ ‘ਝੂਠ ਨਾਲ ਭਰਿਆ’ ਸੀ। ਉਨ੍ਹਾਂ ਕਿਹਾ, ‘‘ਇਹ ਗੱਠਜੋੜ ਸਰਕਾਰ ਹੈ ਜਿਸ ਨੂੰ ਉਹ ਬਹੁਗਿਣਤੀ ਸਰਕਾਰ ਦੱਸ ਰਹੇ ਹਨ, ਜਿਵੇਂ ਇਹ ਭਾਜਪਾ ਦੀ ਸਰਕਾਰ ਹੈ। ਉਨ੍ਹਾਂ ਨੂੰ ਮਨੀਪੁਰ ਦੀ ਗੱਲ ਕਰਨੀ ਚਾਹੀਦੀ ਸੀ। ਉਹ ਮਹਿਲਾ ਸ਼ਕਤੀਕਰਨ ਨੂੰ ਲੈ ਕੇ ਖੋਖਲੀਆਂ ਤਕਰੀਰਾਂ ਕਿਉਂ ਕਰ ਰਹੇ ਹਨ? ਮਹਿਲਾਵਾਂ ਨੂੰ ਉਥੇ (ਮਨੀਪੁਰ) ਨਿਰਵਸਤਰ ਘੁਮਾਇਆ ਗਿਆ, ਲੋਕ ਘਰੋਂ ਬੇਘਰ ਹੋ ਗਏ... ਮਹਿਲਾ ਪਹਿਲਵਾਨਾਂ ਨੂੰ ਅਜੇ ਤੱਕ ਨਿਆਂ ਨਹੀਂ ਮਿਲਿਆ। ਇਹ ਸੰਬੋਧਨ ਝੂਠ ਨਾਲ ਭਰਿਆ ਸੀ।’’ ਪ੍ਰਸਾਦ ਨੇ ਕਿਹਾ, ‘‘ਉਹ ਐਮਰਜੈਂਸੀ ਦੀਆਂ ਗੱਲਾਂ ਕਰ ਰਹੇ ਹਨ, ਪਰ ਮੌਜੂਦਾ ਸਮੇਂ ਅਸੀਂ ਵੱਡੀ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹਾਂ। ਸੰਵਿਧਾਨ ’ਤੇ ਹਮਲੇ ਹੋ ਰਹੇ ਹਨ, ਜਮਹੂਰੀ ਕਦਰਾਂ ਕੀਮਤਾਂ ਦਾ ਕਤਲ ਹੋ ਰਿਹੈ, ਉਹ ਆਪਣੀ ਖ਼ੁਦ ਦੀ ਮੈਗਾ-ਐਮਰਜੈਂਸੀ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।’’ ਕਾਂਗਰਸ ਆਗੂ ਤਾਰਿਕ ਅਨਵਰ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿਚ ਕੁਝ ਵੀ ਨਵਾਂ ਨਹੀਂ ਸੀ। ਉਨ੍ਹਾਂ ਕਿਹਾ, ‘‘ਐਮਰਜੈਂਸੀ ਮਗਰੋਂ ਕਈ ਵਾਰ ਚੋਣਾਂ ਹੋ ਚੁੱਕੀਆਂ ਹਨ, ਜਿਸ ਵਿਚ ਭਾਜਪਾ ਨੂੰ ਸ਼ਿਕਸਤ ਝੱਲਣੀ ਪਈ ਹੈ। ਉਨ੍ਹਾਂ ਕੋਲ ਕਹਿਣ ਲਈ ਕੁਝ ਵੀ ਨਵਾਂ ਨਹੀਂ ਹੈ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×