ਹੈਲੀਕਾਪਟਰ ਹਾਦਸੇ ’ਚ ਇਰਾਨ ਦਾ ਰਾਸ਼ਟਰਪਤੀ ਰਈਸੀ ਹਲਾਕ
* ਸੁਪਰੀਮ ਆਗੂ ਆਇਤੁੱਲ੍ਹਾ ਖ਼ਾਮੇਨੀ ਵੱਲੋਂ ਪੰਜ ਰੋਜ਼ਾ ਸੋਗ ਦਾ ਐਲਾਨ
* ਪ੍ਰਥਮ ਉਪ ਰਾਸ਼ਟਰਪਤੀ ਮੁਹੰਮਦ ਮੁਖ਼ਬਰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ
ਦੁਬਈ, 20 ਮਈ
ਉੱਤਰ-ਪੱਛਮੀ ਇਰਾਨ ਦੇ ਪਹਾੜੀ ਇਲਾਕੇ ਵਿਚ ਧੁੰਦ ਤੇ ਖ਼ਰਾਬ ਮੌਸਮ ਕਰਕੇ ਵਾਪਰੇ ਹੈਲੀਕਾਪਟਰ ਹਾਦਸੇ ਵਿਚ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ (63) ਦੀ ਮੌਤ ਹੋ ਗਈ। ਹੈਲੀਕਾਪਟਰ ਵਿਚ ਰਈਸੀ ਤੋਂ ਇਲਾਵਾ ਵਿਦੇਸ਼ ਮੰਤਰੀ ਹੁਸੈਨ ਆਮਿਰਅਬਦੁੱਲ੍ਹਾ (60) ਤੇ ਕੁਝ ਹੋਰ ਅਧਿਕਾਰੀ ਤੇ ਸੁਰੱਖਿਆ ਕਰਮੀ ਸਵਾਰ ਸਨ। ਹਾਦਸੇ ਤੋਂ ਕੁਝ ਘੰਟਿਆਂ ਮਗਰੋਂ ਰਾਸ਼ਟਰਪਤੀ ਰਈਸੀ ਸਣੇ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਸੂਤਰਾਂ ਮੁਤਾਬਕ ਰਈਸੀ ਇਰਾਨ ਦੀ ਅਜ਼ਰਬਾਇਜਾਨ ਨਾਲ ਲੱਗਦੀ ਸਰਹੱਦ ’ਤੇ ਇਕ ਡੈਮ ਦੇ ਉਦਘਾਟਨ ਲਈ ਜਾ ਰਹੇ ਸਨ।
ਰਈਸੀ ਤੇ ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਮਿਲ ਕੇ ਡੈਮ ਦਾ ਉਦਘਾਟਨ ਕਰਨਾ ਸੀ। ਉਧਰ ਇਰਾਨ ਦੇ ਸੁਪਰੀਮ ਆਗੂ ਅਯਾਤੁੱਲ੍ਹਾ ਖ਼ਾਮੇਨੀ ਨੇ ਮੁਲਕ ਦੇ ਪਹਿਲੇ ਉਪ ਰਾਸ਼ਟਰਪਤੀ ਮੁਹੰਮਦ ਮੁਖ਼ਬਰ ਨੂੰ ਚੋਣਾਂ ਤੱਕ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਹੈ। ਖ਼ਾਮੇਨੀ ਨੇ ਰਾਸ਼ਟਰ ਦੇ ਨਾਂ ਸੁਨੇਹੇ ਵਿਚ ਇਰਾਨ ’ਚ ਪੰਜ ਦਿਨਾ ਸੋਗ ਦਾ ਐਲਾਨ ਕੀਤਾ ਹੈ। ਪੂਰਬੀ ਅਜ਼ਰਬਾਇਜਾਨ ਨਾਲ ਲੱਗਦੀ ਸਰਹੱਦ ’ਤੇ ਹੈਲੀਕਾਪਟਰ ਹਾਦਸਾ ਅਜਿਹੇ ਮੌਕੇ ਹੋਇਆ ਹੈ ਜਦੋਂ ਇਜ਼ਰਾਈਲ-ਹਮਾਸ ਜੰਗ ਕਰਕੇ ਮੱਧ ਪੂਰਬ ਵਿਚ ਤਣਾਅ ਬਰਕਰਾਰ ਹੈ। ਰਈਸੀ ਨੇ ਅਜੇ ਪਿਛਲੇ ਮਹੀਨੇ ਮੁਲਕ ਦੇ ਸੁਪਰੀਮ ਆਗੂ ਆਇਤੁੱਲ੍ਹਾ ਖ਼ਾਮੇਨੀ ਦੀ ਅਗਵਾਈ ਵਿਚ ਇਜ਼ਰਾਈਲ ’ਤੇ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ ਸਨ। ਇਹੀ ਨਹੀਂ ਰਈਸੀ ਦੇ ਕਾਰਜਕਾਲ ਦੌਰਾਨ ਇਰਾਨ ਦੀ ਯੂਰੇਨੀਅਮ ਸੋਧ ਵੀ ਹਥਿਆਰ ਬਣਾਉਣ ਲਈ ਲੋੜੀਂਦੇ ਪੱਧਰ ਦੇ ਨੇੜੇ ਪਹੁੰਚ ਗਈ ਸੀ। ਸਰਕਾਰੀ ਖ਼ਬਰ ਏਜੰਸੀ ‘ਇਰਨਾ’ ਮੁਤਾਬਕ ਹੈਲੀਕਾਪਟਰ ਵਿਚ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਤੋਂ ਇਲਾਵਾ ਇਰਾਨ ਦੇ ਪੂਰਬੀ ਅਜ਼ਰਬਾਇਜਾਨ ਸੂਬੇ ਦੇ ਸੂਬੇਦਾਰ, ਹੋਰ ਅਧਿਕਾਰੀ ਤੇ ਸੁਰੱਖਿਆ ਕਰਮੀ ਸਵਾਰ ਸਨ। ਇਸ ਦੌਰਾਨ ਆਲਮੀ ਆਗੂਆਂ ਨੇ ਹਾਦਸੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪਾਕਿਸਤਾਨ ਨੇ ਇਕ ਦਿਨਾ ਸੋਗ ਦਾ ਐਲਾਨ ਕੀਤਾ ਹੈ। ਮਿਸਰ ਤੇ ਜੌਰਡਨ ਦੇ ਆਗੂਆਂ ਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਨੇ ਵੀ ਰਈਸੀ ਦੇ ਇੰਤਕਾਲ ’ਤੇ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਸਰਕਾਰ ‘ਵੱਡੇ ਸਦਮੇ’ ਵਿਚ ਹਨ। ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੋਗਾਂ ਨੇ ਵੀ ਸ਼ੋਕ ਸੁਨੇਹੇ ਵਿਚ ਦੁੱਖ ਪ੍ਰਗਟਾਇਆ ਹੈ। ਕਰੈਮਲਿਨ ਵੱਲੋਂ ਜਾਰੀ ਇਕ ਬਿਆਨ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰਈਸੀ ਨੂੰ ‘ਰੂਸ ਦਾ ਸੱਚਾ ਦੋਸਤ’ ਦੱਸਿਆ। ਇਰਾਨ ਦੇ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਦੀ ਮੌਤ ਹੋਣ ’ਤੇ ਇਰਾਨ ਦੇ ਪ੍ਰਥਮ ਉਪ ਰਾਸ਼ਟਰਪਤੀ ਨੂੰ ਸੁਪਰੀਮ ਆਗੂ ਅਯਾਤੁੱਲ੍ਹਾ ਖ਼ਾਮੇਨੀ ਦੀ ਸਹਿਮਤੀ ਨਾਲ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤੇ ਅਗਲੇ 50 ਦਿਨਾਂ ਵਿਚ ਨਵੇਂ ਰਾਸ਼ਟਰਪਤੀ ਦੀ ਚੋਣ ਕਰਨੀ ਹੁੰਦੀ ਹੈ। ਇਸ ਦੌਰਾਨ ਇਰਾਨ ਦੀ ਕੈਬਨਿਟ ਨੇ ਹੰਗਾਮੀ ਬੈਠਕ ਕਰਕੇ ਰਈਸੀ ਵੱਲੋਂ ਦਿਖਾਏ ਰਾਹ ’ਤੇ ਚੱਲਣ ਦਾ ਅਹਿਦ ਲਿਆ ਹੈ। ਰਈਸੀ ਨੂੰ ਖ਼ਾਮੇਨੀ ਦਾ ਕਰੀਬੀ ਮੰਨਿਆ ਜਾਂਦਾ ਸੀ ਤੇ ਕੁਝ ਸਮੀਖਿਅਕਾਂ ਦਾ ਮੰਨਣਾ ਸੀ ਕਿ ਉਹ ਇਰਾਨ ਦੇ ਸੁਪਰੀਮ ਆਗੂ ਦੀ ਮੌਤ ਜਾਂ ਅਸਤੀਫੇ ਮਗਰੋਂ ਉਨ੍ਹਾਂ ਦੀ ਥਾਂ ਲੈ ਸਕਦਾ ਹੈ। ਰਈਸੀ ਦੀ ਮੌਤ ਨਾਲ ਹੁਣ ਖਾਮੇਨੀ ਦੇ ਆਪਣੇ ਪੁੱਤਰ ਮੁਜਤਬਾ ਖ਼ਾਮੇਨੀ (55) ਨੂੰ ਉਨ੍ਹਾਂ ਦਾ ਜਾਨਸ਼ੀਨ ਮੰਨਿਆ ਜਾਣ ਲੱਗਾ ਹੈ। ਰਈਸੀ ਨੇ 2021 ਵਿਚ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ ਤੇ ਉਦੋਂ ਇਸਲਾਮਿਕ ਗਣਰਾਜ ਦੇ ਇਤਿਹਾਸ ਵਿਚ ਪਹਿਲੀ ਵਾਰ ਸਭ ਤੋਂ ਘੱਟ ਵੋਟਾਂ ਪਈਆਂ ਸਨ। 1988 ਵਿਚ ਇਰਾਨ-ਇਰਾਕ ਜੰਗ ਖ਼ਤਮ ਹੋਣ ਮਗਰੋਂ ਹਜ਼ਾਰਾਂ ਸਿਆਸੀ ਕੈਦੀਆਂ ਨੂੰ ਸਮੂਹਿਕ ਫਾਂਸੀ ਲਈ ਅਮਰੀਕਾ ਨੇ ਰਈਸੀ ’ਤੇ ਪਾਬੰਦੀਆਂ ਵੀ ਲਾਈਆਂ ਸਨ। ਰਈਸੀ ਇਰਾਨ ਦੇ ਦੂਜੇ ਰਾਸ਼ਟਰਪਤੀ ਹਨ, ਜਿਨ੍ਹਾਂ ਦੀ ਅਹੁਦੇ ’ਤੇ ਰਹਿੰਦਿਆਂ ਮੌਤ ਹੋਈ ਹੈ। ਇਸਲਾਮਿਕ ਇਨਕਲਾਬ ਮਗਰੋਂ ਸਾਲ 1981 ਵਿਚ ਤੱਤਕਾਲੀ ਰਾਸ਼ਟਰਪਤੀ ਮੁਹੰਮਦ ਅਲੀ ਰਾਜਾਈ ਬੰਬ ਧਮਾਕੇ ਵਿਚ ਮਾਰੇ ਗਏ ਸਨ। -ਏਪੀ
ਭਾਰਤ ਵੱਲੋਂ ਇਕ ਰੋਜ਼ਾ ਸਰਕਾਰੀ ਸੋਗ ਦਾ ਐਲਾਨ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਹੈਲੀਕਾਪਟਰ ਹਾਦਸੇ ਵਿਚ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਮੌਤ ਮਗਰੋਂ ਸਨਮਾਨ ਵਜੋਂ 21 ਮਈ ਨੂੰ ਇਕ ਦਿਨਾ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਾਰੀਆਂ ਸਰਕਾਰੀ ਇਮਾਰਤਾਂ ’ਤੇ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਤੇ ਸੋਗ ਦੇ ਅਰਸੇ ਦੌਰਾਨ ਕੋਈ ਅਧਿਕਾਰਤ ਮਨੋਰੰਜਕ ਪ੍ਰੋਗਰਾਮ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਮੌਤ ’ਤੇ ਦੁੱਖ ਤੇ ਸਦਮਾ ਜ਼ਾਹਿਰ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ-ਇਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਪਾਏ ਯੋਗਦਾਨ ਲਈ ਰਈਸੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਸ੍ਰੀ ਮੋਦੀ ਨੇ ਐਕਸ ’ਤੇ ਇਕ ਸ਼ੋਕ ਸੁਨੇਹੇ ਵਿਚ ਰਈਸੀ ਦੇ ਪਰਿਵਾਰ ਤੇ ਇਰਾਨ ਦੇ ਲੋਕਾਂ ਨਾਲ ਸੰਵੇਦਨਾਵਾਂ ਜ਼ਾਹਿਰ ਕਰਦਿਆਂ ਕਿਹਾ ਕਿ ਭਾਰਤ ਇਸ ਦੁੱਖ ਦੀ ਘੜੀ ਵਿਚ ਇਰਾਨ ਨਾਲ ਖੜ੍ਹਾ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਇਰਾਨ ਦੇ ਸਦਰ ਇਬਰਾਹਿਮ ਰਈਸੀ ਤੇ ਆਪਣੇ ਇਰਾਨੀ ਹਮਰੁਤਬਾ ਹੁਸੈਨ ਆਮਿਰ ਅਬਦੁੱਲ੍ਹਾ ਦੀ ਮੌਤ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੀ ਮੌਤ ਦੀ ਖ਼ਬਰ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਉਨ੍ਹਾਂ ਦੋਵਾਂ ਆਗੂਆਂ ਨਾਲ ਕੀਤੀਆਂ ਆਪਣੀਆਂ ਮਿਲਣੀਆਂ ਨੂੰ ਵੀ ਯਾਦ ਕੀਤਾ। ਜੈਸ਼ੰਕਰ ਆਖਰੀ ਵਾਰ ਇਸ ਸਾਲ ਜਨਵਰੀ ਵਿਚ ਉਨ੍ਹਾਂ ਨੂੰ ਮਿਲੇ ਸਨ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਰਾਸ਼ਟਰਪਤੀ ਸੱਯਦ ਇਬਰਾਹਿਮ ਰਈਸੀ ਦੀ ਮੌਤ ’ਤੇ ਹਮਦਰਦੀ ਜਤਾਉਂਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਭਾਰਤ ਦੇ ਲੋਕ ਇਰਾਨ ਨਾਲ ਖੜ੍ਹੇ ਹਨ। -ਪੀਟੀਆਈ