ਰਾਸ਼ਟਰਪਤੀ ਮੁਰਮੂ ਵੱਲੋਂ 27 ਪਰਵਾਸੀ ਭਾਰਤੀਆਂ ਦਾ ਸਨਮਾਨ
ਭੁਬਨੇਸ਼ਵਰ, 10 ਜਨਵਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਸਮਾਪਤ ਹੋਏ 18ਵੇਂ ਪਰਵਾਸੀ ਭਾਰਤੀ ਦਿਵਸ (ਪੀਬੀਡੀ) ਸੰਮੇਲਨ ਵਿੱਚ 27 ਸ਼ਖ਼ਸੀਅਤਾਂ ਨੂੰ ਵੱਕਾਰੀ ਪਰਵਾਸੀ ਭਾਰਤੀ ਸਨਮਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਮੁਰਮੂ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਮਾਜ ਲਈ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਕਾਰਨ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਪੁਰਸਕਾਰ ਹਾਸਲ ਕਰਨ ਵਾਲੇ ਤ੍ਰਿਨੀਦਾਦ ਤੇ ਟੋਬੈਗੋ ਦੀ ਰਾਸ਼ਟਰਪਤੀ ਕ੍ਰਿਸਟੀਨ ਕਾਰਲਾ ਕੰਗਾਲੂ ਦਾ ਵੀ ਧੰਨਵਾਦ ਕੀਤਾ।
ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਤਿੰਨ ਰੋਜ਼ਾ ਪਰਵਾਸੀ ਭਾਰਤੀ ਦਿਵਸ ਸੰਮੇਲਨ ਨੂੰ ਬਹੁਤ ਹੀ ਸਫਲ ਕਰਾਰ ਦਿੱਤਾ। ਸੰਮੇਲਨ ਦੌਰਾਨ ਸੱਭਿਆਚਾਰਕ ਪ੍ਰੋਗਰਾਮਾਂ ਦੀ ਪ੍ਰਸ਼ੰਸਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਵੀਰਵਾਰ ਦੇ ਪ੍ਰਦਰਸ਼ਨ ਨੇ ਭਾਰਤ ਅਤੇ ਇਸਦੇ ਪਰਵਾਸੀ ਭਾਈਚਾਰੇ ਦਰਮਿਆਨ ਸਬੰਧਾਂ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ, ‘‘ਸਾਰਿਆਂ ਨੇ ਵੀਰਵਾਰ ਦਾ ਸੱਭਿਆਚਾਰਕ ਪ੍ਰੋਗਰਾਮ ਦੇਖਿਆ ਹੋਵੇਗਾ, ਜਿਸ ਵਿੱਚ ਭਾਰਤ ਅਤੇ ਇਸ ਦੇ ਪਰਵਾਸੀਆਂ ਵਿਚਕਾਰ ਰਿਸ਼ਤਿਆਂ ਨੂੰ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਸੀ।’’ ਜੈਸ਼ੰਕਰ ਨੇ ਇਸ ਸਮਾਗਮ ਦੌਰਾਨ ਮੈਸਾਚਿਊਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ਅਤੇ ਹਾਵਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਨੇ ‘ਐਕਸ’ ਉੱਤੇ ਲਿਖਿਆ, ‘‘ਅੱਜ ਪਰਵਾਸੀ ਭਾਰਤੀ ਦਿਵਸ-2025 ਮੌਕੇ ਭਾਰਤ ਦੇ ਦੌਰੇ ’ਤੇ ਆਏ ਹਾਵਰਡ ਅਤੇ ਐੱਮਆਈਟੀ ਦੇ ਖੋਜੀ ਵਿਦਿਆਰਥੀਆਂ ਨੂੰ ਮਿਲ ਕੇ ਖੁਸ਼ੀ ਹੋਈ। ਮੈਂ ਉਨ੍ਹਾਂ ਨਾਲ ਭਾਰਤ ਵਿੱਚ ਹੋ ਰਹੀਆਂ ਤਬਦੀਲੀਆਂ, ਸਾਡੀ ਵਿਦੇਸ਼ ਨੀਤੀ ਦੇ ਬਦਲਾਂ, ਪਰਵਾਸੀਆਂ ਅਤੇ ਸਾਡੇ ਵਿਸ਼ਵਵਿਆਪੀ ਅਕਸ ਬਾਰੇ ਗੱਲ ਕੀਤੀ।’’ -ਪੀਟੀਆਈ