ਰਾਸ਼ਟਰਪਤੀ ਵੱਲੋਂ ਵਿਸ਼ਵ ਪੁਸਤਕ ਮੇਲੇ ਦਾ ਉਦਘਾਟਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਫਰਵਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਭਾਰਤ ਮੰਡਪਮ ਵਿੱਚ ‘ਵਿਸ਼ਵ ਪੁਸਤਕ ਮੇਲਾ-2025’ ਦਾ ਉਦਘਾਟਨ ਕਰਦਿਆਂ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਵੀ ਕਿਤਾਬਾਂ ਪੜ੍ਹਨ ਦੀ ਅਪੀਲ ਕੀਤੀ। ਰਾਸ਼ਟਰਪਤੀ ਵੱਲੋਂ ਉਦਘਾਟਨ ਨਾਲ ਇਹ ਪੁਸਤਕ ਮੇਲਾ ਅਧਿਕਾਰਤ ਤੌਰ ਸ਼ੁਰੂ ਹੋ ਗਿਆ ਜੋ 9 ਫਰਵਰੀ ਤੱਕ ਚੱਲੇਗਾ। ਮੇਲੇ ਵਿੱਚ ਸਾਹਿਤ, ਸੱਭਿਆਚਾਰ ਅਤੇ ਭਾਰਤ ਦੀ ਜਮਹੂਰੀ ਯਾਤਰਾ ਦਾ ਰੰਗ ਦੇਖਣ ਨੂੰ ਮਿਲਣਗੇ।
ਉਦਘਾਟਨੀ ਭਾਸ਼ਣ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਪੜ੍ਹਨਾ ਸਿਰਫ ਇੱਕ ਸ਼ੌਕ ਨਹੀਂ ਹੈ ਬਲਕਿ ਇਹ ਇੱਕ ਪਰਿਵਰਤਨਕਾਰੀ ਤਜਰਬਾ ਹੈ। ਉਨ੍ਹਾਂ ਨੇ ਨਾ ਸਿਰਫ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਦੀ ਖੋਜ ਕਰਨ ਦੀ ਅਪੀਲ ਕੀਤੀ ਬਲਕਿ ਇਸ ਗੱਲ ‘ਤੇ ਜ਼ੋਰ ਦਿੱਤਾ, ‘‘ਵੱਖ-ਵੱਖ ਭਾਸ਼ਾਵਾਂ ਅਤੇ ਸਭਿਆਚਾਰਾਂ ਦੀਆਂ ਕਿਤਾਬਾਂ ਭਾਈਚਾਰਿਆਂ ਵਿਚਕਾਰ ਪੁਲ ਦਾ ਕੰਮ ਕਰਦੀਆਂ ਹਨ, ਆਪਸੀ ਸਮਝ ਨੂੰ ਉਤਸ਼ਾਹਿਤ ਕਰਦੀਆਂ ਹਨ।’’
ਰਾਸ਼ਟਰਪਤੀ ਨੇ ਕਿਹਾ ਕਿ ਸਿਲੇਬਸ ਦੇ ਹਿੱਸੇ ਵਜੋਂ ਨਿਰਧਾਰਤ ਕਿਤਾਬਾਂ ਪੜ੍ਹਨ ਤੋਂ ਇਲਾਵਾ, ਸਕੂਲੀ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ’ਤੇ ਵੱਖ-ਵੱਖ ਕਿਸਮ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਇਸ ਨਾਲ ਉਨ੍ਹਾਂ ਨੂੰ ਆਪਣੀਆਂ ਸਮਰੱਥਾਵਾਂ ਨੂੰ ਤਲਾਸ਼ਣ ਅਤੇ ਚੰਗੇ ਇਨਸਾਨ ਬਣਨ ਵਿੱਚ ਮਦਦ ਮਿਲੇਗੀ।