ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸੂਰੀਨਾਮ ’ਚ ਨਿੱਘਾ ਸਵਾਗਤ
ਪਾਰਾਮਰਿਬੋ, 5 ਜੂਨ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੂਰੀਨਾਮ ਵਿਚ ਅੱਜ ਉੱਥੋਂ ਦੇ ਆਪਣੇ ਹਮਰੁਤਬਾ ਚੰਦਰਿਕਾਪ੍ਰਸਾਦ ਸੰਤੋਖੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਰੱਖਿਆ, ਖੇਤੀਬਾੜੀ, ਆਈਟੀ ਤੇ ਸਮਰੱਥਾ ਉਸਾਰੀ ਖੇਤਰਾਂ ਵਿਚ ਦੁਵੱਲਾ ਸਹਿਯੋਗ ਵਧਾਉਣ ਕਰਨ ਉਤੇ ਚਰਚਾ ਕੀਤੀ। ਰਾਸ਼ਟਰਪਤੀ ਮੁਰਮੂ ਐਤਵਾਰ ਤਿੰਨ ਦਿਨਾ ਦੇ ਦੌਰੇ ਉਤੇ ਸੂਰੀਨਾਮ ਪੁੱਜੇ ਸਨ ਜਿੱਥੇ ਰਾਸ਼ਟਰਪਤੀ ਸੰਤੋਖੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਭਾਰਤ ਤੇ ਸੂਰੀਨਾਮ ਨੇ ਸਿਹਤ, ਖੇਤੀਬਾੜੀ ਤੇ ਹੋਰਨਾਂ ਖੇਤਰਾਂ ਵਿਚ ਚਾਰ ਸਮਝੌਤਿਆਂ ਉਤੇ ਸਹੀ ਵੀ ਪਾਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਵਫ਼ਦ ਪੱਧਰ ਉਤੇ ਗੱਲਬਾਤ ਹੋਈ ਹੈ ਜਿਸ ਵਿਚ ਕਈ ਮੁੱਦਿਆਂ ‘ਤੇ ਚਰਚਾ ਹੋਈ। ਰਾਸ਼ਟਰਪਤੀ ਸੰਤੋਖੀ ਨੇ ਐਤਵਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਮੁਰਮੂ ਦਾ ਹਵਾਈ ਅੱਡੇ ਉਤੇ ਸਵਾਗਤ ਕੀਤਾ ਸੀ। ਸੂਰੀਨਾਮ ਦੇ ਰਾਸ਼ਟਰਪਤੀ ਇਸ ਸਾਲ ਜਨਵਰੀ ਵਿਚ ਪ੍ਰਵਾਸੀ ਭਾਰਤੀ ਦਿਵਸ ਮੌਕੇ ਕਰਵਾਏ ਸਮਾਗਮ ਵਿਚ ਸਰਕਾਰੀ ਮਹਿਮਾਨ ਵਜੋਂ ਵੀ ਸ਼ਾਮਲ ਹੋਏ ਸਨ। ਸੂਰੀਨਾਮ ਵਿਚ ਰਾਸ਼ਟਰਪਤੀ ਭਾਰਤੀ ਭਾਈਚਾਰੇ ਨੂੰ ਮਿਲਣਗੇ ਤੇ ਇਸ ਦੱਖਣ ਅਮਰੀਕੀ ਦੇਸ਼ ਵਿਚ ਭਾਰਤੀਆਂ ਦੇ ਆਗਮਨ ਦੀ 150ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ 452 ਭਾਰਤੀ ਮਜ਼ਦੂਰਾਂ ਦਾ ਪਹਿਲਾ ਜਹਾਜ਼ 5 ਜੂਨ, 1873 ਨੂੰ ਸੂਰੀਨਾਮ ਪੁੱਜਾ ਸੀ। ਜ਼ਿਆਦਾਤਰ ਯੂਪੀ ਤੇ ਬਿਹਾਰ ਤੋਂ ਸਨ। -ਪੀਟੀਆਈ