ਵਿਭਿੰਨ ਸਮੱਸਿਆਵਾਂ ਦੀ ਪੇਸ਼ਕਾਰੀ
ਡਾਕਟਰ ਸਤਨਾਮ ਸਿੰਘ ਜੱਸਲ
ਪੁਸਤਕ ਪੜਚੋਲ
ਵਰਿਆਮ ਮਸਤ ਬਹੁ-ਵਿਧਾਵੀ ਲੇਖਕ ਹੈ ਜਿਸ ਨੂੰ ਸਾਹਿਤ ਸਿਰਜਣ ਦੀ ਚੇਟਕ ਵਿਦਿਆਰਥੀ ਜੀਵਨ ਤੋਂ ਹੀ ਲੱਗ ਗਈ ਸੀ। ਉਸ ਨੇ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਨੂੰ ਆਪਣੀ ਕਲਮ ਦੇ ਘੇਰੇ ਵਿਚ ਲਿਆ ਹੈ। ਉਹ ਪੂਰੀ ਜ਼ਿੰਦਗੀ ਰੰਗਮੰਚ ਅਤੇ ਅਦਾਕਾਰੀ ਨਾਲ ਜੁੜਿਆ ਰਿਹਾ ਹੈ। ਉਸ ਨੇ ਰੰਗਮੰਚ, ਅਦਾਕਾਰੀ ਅਤੇ ਨਾਟ-ਨਿਰਦੇਸ਼ਣਾ ਨੂੰ ਆਪਣੇ ਹਰ ਸਾਹ ਨਾਲ ਜੋੜ ਕੇ ਰੱਖਿਆ ਅਤੇ ਇਹ ਵੀ ਮੌਕਾ ਮੇਲ ਸੀ ਕਿ ਕਿੱਤੇ ਵਜੋਂ ਇਸ ਖੇਤਰ ਨਾਲ ਜੁੜਿਆ ਰਿਹਾ ਅਤੇ ਭਾਰਤ ਦੇ ਹਰ ਖਿੱਤੇ ਦੇ ਨਾਟਕੀ-ਖੇਤਰ ਨਾਲ ਉਹ ਜੁੜਿਆ ਰਿਹਾ ਹੈ। ਇਸੇ ਲਈ ਉਹ ਨਾਟਕ ਸਿਰਜਣ ਵੱਲ ਵਧੇਰੇ ਰੁਚਿਤ ਰਹਿੰਦਾ ਹੈ। ‘ਮਾਸਕ’ (ਕੀਮਤ: 150 ਰੁਪਏ; ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ) ਉਸ ਦਾ ਨਵਾਂ ਨਾਟਕ ਹੈ ਜਿਹੜਾ ਉਸ ਨੇ 2023 ਵਿਚ ਸਿਰਜਿਆ। ਵਰਿਆਮ ਮਸਤ ਪੰਜਾਬੀ ਨਾਟਕ ਦੀ ਚੌਥੀ ਪੀੜ੍ਹੀ ਦਾ ਨਾਟਕਕਾਰ ਹੈ। ਉਸ ਨੇ ਅਦਾਕਾਰੀ ਦੀਆਂ ਬਾਰੀਕੀਆਂ ਦਾ ਗਿਆਨ ਅਤੇ ਰੰਗਮੰਚ ਦੀ ਸਿੱਖਿਆ ਪੰਜਾਬੀ ਦੇ ਸਿਰਮੌਰ ਨਾਟਕਕਾਰ ਬਲਵੰਤ ਗਾਰਗੀ ਤੋਂ ਪ੍ਰਾਪਤ ਕੀਤੀ। ਜੇ ਉਸ ਦੇ ਨਾਟਕਾਂ ਦੀ ਗੱਲ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ ਉਸ ਦੇ ਨਾਟਕ ਵਿਭਿੰਨ ਸਮੱਸਿਆਵਾਂ ਨੂੰ ਆਪਣੇ ਘੇਰੇ ਵਿਚ ਲੈਂਦੇ ਹਨ। ‘ਵਿਹੜੇ ਦੀ ਮਹਿਕ’ ਨਿਮਨ ਕਿਸਾਨੀ ਦੀ ਆਰਥਿਕ ਸਥਿਤੀ ਨਿਘਾਰ ਵੱਲ ਜਾਣ ਦੀ ਸਮੱਸਿਆ ਨਾਲ ਸਬੰਧਿਤ ਹੈ। ਵਰਿਆਮ ਮਸਤ ਸਮੱਸਿਆਵਾਂ ਨੂੰ ਜੜ੍ਹ ਵਿਚੋਂ ਫੜ੍ਹਦਾ ਹੈ। ਉਸ ਦਾ ਨਾਟਕ ‘ਰਿਸ਼ਤੇ’ ਪਰਵਾਸ ਦੀ ਸਮੱਸਿਆ ਵਿਚੋਂ ਉਪਜਦੇ ਦੁਖਾਂਤ ਨੂੰ ਚਿੱਤਰਦਾ ਹੈ। ਨਾਟਕ ‘ਸ਼ੇਖ਼ ਚਿੱਲੀ ਦੀ ਮੈਨਾ’ ਦਾ ਆਧਾਰ ਬਿੰਦੂ ਲੋਕ-ਗਾਇਕੀ ਦੇ ਕਲਾਕਾਰ ਹਨ ਜਿਹੜੇ ਆਪਣੇ ਪਰੰਪਰਾਗਤ ਕਿੱਤੇ ਨਾਲ ਬੱਝੇ ਹੋਏ ਹਨ, ਪਰ ਇਨ੍ਹਾਂ ਦੇ ਬੱਚੇ ਆਪਣੀ ਪਰੰਪਰਾ ਨਾਲ ਬੱਝ ਕੇ ਨਹੀਂ ਰਹਿਣਾ ਚਾਹੁੰਦੇ। ਨਾਟਕ ‘ਕੁੰਡਲੀ’ ਔਰਤ ਦੀ ਜ਼ਿੰਦਗੀ ਦੇ ਦੁਖਾਂਤ ਦੀ ਅਭਿਵਿਅਕਤੀ ਹੈ। ‘ਕੁੰਡਲੀ’ ਵਾਂਗ ‘ਉਡਾਰੀ’ ਨਾਟਕ ਵਿਚ ਵੀ ਔਰਤ ਦੀ ਤ੍ਰਾਸਦਿਕ ਸਥਿਤੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਔਰਤ-ਮਰਦ ਦੇ ਰਿਸ਼ਤਿਆਂ ਦੇ ਪ੍ਰਸੰਗ ਵਿਚ ‘ਭਬੱਕਾ’ ਨਾਟਕ ਇੱਕ ਵੱਖਰੀ ਪਰਤ ਨੂੰ ਖੋਲ੍ਹਦਾ ਹੈ। ਔਰਤ ਤੇ ਮਰਦ ਪਰੰਪਰਾਗਤ ਰਿਸ਼ਤਿਆਂ ਤੋਂ ਬਾਗੀ ਹੋਣਾ ਚਾਹੁੰਦੇ ਹਨ।
‘ਮਾਸਕ’ ਸਿਰਜਣ ਦੇ ਸਰੋਕਾਰ ਭਾਵੇਂ ਨਾਟਕਕਾਰ ਨੂੰ ਜ਼ਿੰਦਗੀ ਦੇ ਯਥਾਰਥ ਵਿਚੋਂ ਮਿਲੇ ਪਰ ਇਸ ਦੀ ਸੰਪੂਰਨਤਾ ਕਰੋਨਾ ਕਾਲ ਤੋਂ ਉਪਜੀ ਸਥਿਤੀ ਨਾਲ ਹੈ। ਨਾਟਕਕਾਰ ਦਾ ਮੰਨਣਾ ਹੈ ਕਿ ਕਰੋਨਾ ਨੇ ਤਾਂਡਵ ਮਚਾਅ ਰੱਖਿਆ ਸੀ। ਕਰੋਨਾ ਦੇ ਡਰ ਤੋਂ ਹਰ ਚਿਹਰੇ ਨੇ ਮਾਸਕ ਪਾ ਲਿਆ ਸੀ। ਮਾਸਕ ਵਾਲੇ ਚਿਹਰੇ ਅੰਦਰ ਕੀ ਹੈ, ਕੋਈ ਨਹੀਂ ਜਾਣਦਾ ਸੀ। ਨਾਟਕ ਵਿਚ ਪੇਸ਼ ਸਥਿਤੀਆਂ ਅਧੀਨ ਹਰ ਚਿਹਰੇ ਨੇ ਝੂਠ-ਫਰੇਬ ਦਾ ਮਾਸਕ ਪਾ ਰੱਖਿਆ ਹੈ ਜਿਹੜਾ ਉਸ ਦੇ ਅਸਲ ਚਰਿੱਤਰ ਨੂੰ ਛੁਪਾ ਕੇ ਰੱਖ ਰਿਹਾ ਹੈ। ਨਾਟਕਕਾਰ ਨੇ ਨਾਟਕੀ ਟਕਰਾਅ ਵਿਚੋਂ ਸਮਾਜਿਕ ਸਥਿਤੀਆਂ ਵਿਚ ਪਏ ਕੁਕਰਮਾਂ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਹੈ।
ਇਹ ਹੀ ਨਹੀਂ, ਸਰਕਾਰੀ ਦਫ਼ਤਰਾਂ ਦੀ ਭ੍ਰਿਸ਼ਟਾਚਾਰੀ ਨੂੰ ਵੀ ਨਾਟਕਕਾਰ ਨੇ ਨਾਟਕੀ ਜੁਗਤਾਂ ਰਾਹੀ ਪੇਸ਼ ਕੀਤਾ ਹੈ। ਸਰੋਕਾਰਾਂ ਦੇ ਪ੍ਰਸੰਗ ਵਿਚ ਨਾਟਕ ਚਿੰਤਨ ਦੇ ਲਈ ਥਾਂ ਬਣਾਉਂਦਾ ਹੈ ਪਰ ਕੁਝ ਥਾਵਾਂ ’ਤੇ ਨਾਟਕੀ ਭਾਸ਼ਾ ਆਪਣੇ ਮਿਆਰ ਨੂੰ ਗੁਆਉਂਦੀ ਹੈ ਜਿਸ ਸਬੰਧੀ ਸੁਚੇਤ ਹੋਣਾ ਜ਼ਰੂਰੀ ਹੈ। ਨਾਟਕਕਾਰ ਆਪਣੇ ਨਾਟਕਾਂ ਵਿਚ ਸਮਕਾਲੀ ਸਮਾਜ ਦੇ ਯਥਾਰਥ, ਨਿੱਜੀ ਜਾਇਦਾਦ ਦੇ ਆਧਾਰ ’ਤੇ ਹੋ ਰਹੀ ਲੁੱਟ-ਖਸੁੱਟ, ਜਮਾਤੀ ਸਮਾਜ ਦੀਆਂ ਅਸੰਗਤੀਆਂ ਤੇ ਅਸਮਾਨਤਾਵਾਂ, ਔਰਤ-ਮਰਦ ਦੇ ਰਿਸ਼ਤਿਆਂ ਵਿਚ ਆ ਰਿਹਾ ਨਿਘਾਰ, ਪਰੰਪਰਾਗਤ ਅਤੇ ਆਧੁਨਿਕ ਮੁੱਲਾਂ ਦਾ ਟਕਰਾਅ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਮਨੋਵਿਗਿਆਨਕ ਪਰਤਾਂ ਰਾਹੀਂ ਖੋਲ੍ਹਣ ਦਾ ਯਤਨ ਕਰਦਾ ਹੈ। ਉਸ ਦੀ ਲੋਕ-ਪੱਖੀ ਸੋਚ ਨਾਟਕੀ ਸਮੱਸਿਆਵਾਂ ਨੂੰ ਚਿੰਤਨ ਦੇ ਘੇਰੇ ਵਿਚ ਲਿਆਉਂਦੀ ਹੈ ਜਿਸ ਵਿਚ ਵਰਿਆਮ ਮਸਤ ਦੀ ਪ੍ਰਾਪਤੀ ਨਿਹਿਤ ਹੈ।