‘ਸੁਪਨਿਆਂ ਦੀ ਧਰਤੀ ਹੋਈ ਅਲੂਣੀ’ ਨਾਟਕ ਦੀ ਪੇਸ਼ਕਾਰੀ
ਪਰਵਾਸੀ ਸਰਗਰਮੀਆਂ
ਹਰਚਰਨ ਪ੍ਰਹਾਰ
ਕੈਲਗਰੀ: ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਪਿਛਲੇ ਹਫ਼ਤ ਗੁਰਸ਼ਰਨ ਭਾਅ ਜੀ ਦੇ ਜਨਮ ਦਿਨ ਅਤੇ ਸ਼ਹੀਦ ਭਗਤ ਸਿੰਘ ਦੇ 28 ਸਤੰਬਰ ਦੇ ਜਨਮ ਦਿਨ ਨੂੰ ਸਮਰਪਿਤ ਨਾਟਕ ਮੇਲਾ ਕਰਵਾਇਆ ਗਿਆ।
ਇਸ ਨਾਟਕ ਮੇਲੇ ਵਿੱਚ ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਤੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਗਿਆ ਨਾਟਕ ‘ਸੁਪਨਿਆਂ ਦੀ ਧਰਤੀ ਹੋਈ ਅਲੂਣੀ’ ਪੇਸ਼ ਕੀਤਾ ਗਿਆ। ਕੈਨੇਡਾ ਦੀ ਰੁਝੇਵਿਆਂ ਭਰੀ ਜ਼ਿੰਦਗੀ ’ਚੋਂ 250 ਦੇ ਕਰੀਬ ਦਰਸ਼ਕਾਂ ਨੇ ਨੁੱਕੜ ਨਾਟਕ ਦੀ ਸ਼ੈਲੀ ਵਿੱਚ ਪ੍ਰੋਗਰੈਸਵਿ ਕਲਾ
ਮੰਚ ਕੈਲਗਰੀ ਦੀ ਪਲੇਠੀ ਪੇਸ਼ਕਾਰੀ ਨੂੰ ਭਰਵਾਂ ਹੁੰਗਾਰਾ ਦਿੱਤਾ। ਇਹ ਨਾਟਕ ਕੈਲਗਰੀ ਨਾਰਥ
ਈਸਟ ਦੇ ਕਾਰਨਰ ਸਟੋਨ ਇਲਾਕੇ ਦੀਆਂ ਖੁੱਲ੍ਹੀਆਂ ਗਰਾਉਂਡਾਂ ਵਿੱਚ ਖੇਡਿਆ ਗਿਆ। ਜਿੱਥੇ ਦਰਸ਼ਕ ਪਰਿਵਾਰਾਂ ਸਮੇਤ ਪਹੁੰਚੇ। ਬਹੁਤ ਸਾਰੇ ਦਰਸ਼ਕਾਂ ਨੇ ਨਾਟਕ ਦਾ ਆਨੰਦ ਘਾਹ ’ਤੇ ਬੈਠ ਕੇ ਮਾਣਿਆ ਅਤੇ ਬਹੁਤ ਸਾਰੇ ਦਰਸ਼ਕ ਘਰਾਂ ਤੋਂ ਆਪਣੀ ਫੋਲਡਿੰਗ ਚੇਅਰ ਨਾਲ ਲੈ ਕੇ ਗਏ ਸਨ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾਸਟਰ ਭਜਨ ਸਿੰਘ ਨੇ ਕਰਦਿਆਂ ਸਰੋਤਿਆਂ ਨੂੰ ਦੱਸਿਆ ਕਿ 30 ਸਾਲ ਪਹਿਲਾਂ ਬਣੀ ਇਹ ਸੰਸਥਾ ਲੋਕਾਂ ਦੇ ਸਹਿਯੋਗ ਨਾਲ 14 ਸਾਲਾ ਤੋਂ ਨਾਟਕਾਂ ਰਾਹੀਂ ਸ਼ਹੀਦ ਭਗਤ ਸਿੰਘ ਅਤੇ ਗੁਰਸ਼ਰਨ ਭਾਅ ਜੀ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਯਤਨਸ਼ੀਲ ਹੈ। ਇਸ ਐਸੋਸੀਏਸ਼ਨ ਵੱਲੋਂ ਸਾਲ ਵਿੱਚ 3-4 ਨਾਟਕ ਤੇ ਕਈ ਹੋਰ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਪ੍ਰੋਗਰਾਮ ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਸਾਲ ਵਿੱਚ 3-4 ਵਾਰ ਲੋਕਾਂ ਵਿੱਚ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦੇਣ ਲਈ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਵੱਲੋਂ ਪੁਸਤਕ ਮੇਲੇ ਵੀ ਲਗਾਏ ਜਾਂਦੇ ਹਨ। ਇਸ ਸਾਲ ਦਾ ਆਖਰੀ ਪੁਸਤਕ ਮੇਲਾ 15 ਅਕਤੂਬਰ ਨੂੰ ਗਰੀਨ ਪਲਾਜ਼ਾ ਵਿਖੇ ਲਗਾਇਆ ਜਾਵੇਗਾ।
ਇਸ ਨਾਟਕ ਵਿੱਚ ਕਮਲਪ੍ਰੀਤ ਪੰਧੇਰ, ਕਮਲ ਸਿੱਧੂ, ਹਰਪ੍ਰੀਤ ਕੌਰ, ਸੰਦੀਪ ਗਿੱਲ, ਸਫਲ ਮਾਲਵਾ, ਜੱਸ ਲੰਮੇ, ਸੁਖਮਨੀ ਸਿੱਧੂ, ਸਨੀ ਆਦਿ ਕਲਾਕਾਰਾਂ ਨੇ ਭਾਗ ਲਿਆ। ਦੁਨੀਆ ਭਰ ਵਿੱਚ ਨਸ਼ਿਆਂ ਦੀ ਵਧ ਰਹੀ ਸਮੱਸਿਆ ਅਤੇ ਪਰਵਾਸੀ ਭਾਰਤੀਆਂ ਤੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀਆਂ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਨੂੰ ਇਸ ਨਾਟਕ ਵਿੱਚ ਬਾਖੂਬੀ ਉਜਾਗਰ ਕੀਤਾ ਗਿਆ। ਪ੍ਰਬੰਧਕੀ ਟੀਮ ਵੱਲੋਂ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਮਲਪ੍ਰੀਤ
ਨੇ ਕਿਹਾ ਕਿ ਦਰਸ਼ਕਾਂ ਦੇ ਇਸ ਭਰਵੇਂ ਹੁੰਗਾਰੇ ਨੇ ਉਨ੍ਹਾਂ ਦੀ ਟੀਮ ਦਾ ਹੌਸਲਾ ਵਧਾਇਆ ਹੈ। ਦਰਸ਼ਕਾਂ ਦੇ ਸਹਿਯੋਗ ਨਾਲ ਉਹ ਇਸ ਯਤਨ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣਗੇ।