ਨਸ਼ਿਆਂ ਖ਼ਿਲਾਫ਼ ਨਾਟਕ ‘ਮਿਟੀ ਰੁਦਨ ਕਰੇ’ ਦੀ ਪੇਸ਼ਕਾਰੀ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 26 ਜੂਨ
ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਸਬੰਧ ਵਿੱਚ ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਨੌਨਿਹਾਲ ਸਿੰਘ ਆਈ.ਪੀ.ਐਸ ਦੀ ਰਹਿਨੁਮਾਈ ਹੇਠ ਜਿਲ੍ਹਾ ਸਾਂਝ ਕੇਂਦਰ ਵਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪਰਮਿੰਦਰ ਸਿੰਘ ਭੰਡਾਲ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਸ਼ਹਿਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਵਧੀਕ ਡਿਪਟੀ ਕਮਿਸ਼ਨਰ ਪੁਲੀਸ ਸਥਾਨਕ-ਕਮ-ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਅੰਮ੍ਰਿਤਸਰ ਸ਼ਹਿਰ ਸ੍ਰੀਮਤੀ ਪਰਵਿੰਦਰ ਕੌਰ ਪੀ.ਪੀ.ਐਸ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸੈਮੀਨਾਰ ਵਿੱਚ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੀ ਟੀਮ ਵਲੋਂ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਨਾਟਕ ‘ਮਿੱਟੀ ਰੁਦਨ ਕਰੇ’ ਪੇਸ਼ ਕੀਤਾ ਗਿਆ। ਪਹਿਲੀ ਪੰਜਾਬ ਐਨ.ਸੀ.ਸੀ ਬਟਾਲੀਅਨ, ਪਹਿਲੀ ਪੰਜਾਬ ਐਨ.ਸੀ.ਸੀ ਬਟਾਲੀਅਨ (ਗਰਲਜ਼), 11ਵੀਂ ਐਨ.ਸੀ.ਸੀ ਬਟਾਲੀਅਨ ਅਤੇ 24ਵੀਂ ਐਨ.ਸੀ.ਸੀ ਬਟਾਲੀਅਨ ਦੀ ਤਰਫੋਂ 5-5 (ਕੁੱਲ 200) ਐਨ.ਸੀ.ਸੀ ਕੈਡਿਟਾਂ ਨੇ ਭਾਗ ਲਿਆ। ਡਾ. ਰਾਹੁਲ ਆਨੰਦ ਐਮ.ਡੀ (ਮਾਨਸਿਕ) ਨਸ਼ਿਆਂ ਨੇ ਮਾਨਸਿਕ ਕਾਰਨਾਂ ਬਾਰੇ ਵਿਗਿਆਨਕ ਢੰਗ ਨਾਲ ਸਮਝਾਇਆ। ਮੰਚ ਸੰਚਾਲਨ ਸਮਾਜ ਸੇਵਕ ਸੁਖਵਿੰਦਰ ਸਿੰਘ ਜੇਠੂਵਾਲ ਵਲੋਂ ਕੀਤਾ ਗਿਆ।
ਇਸ ਤੋਂ ਇਲਾਵਾ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਅਨੰਨਿਆ ਅਰੋੜਾ, ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਦੀ ਵਿਦਿਆਰਥਣ ਨਵਰੋਜ ਕੌਰ, ਸੋਸ਼ਲ ਵਰਕਰ ਅਤੇ ਸਾਂਝ ਕਮੇਟੀ ਮੈਂਬਰ ਸ੍ਰੀਮਤੀ ਸਵਰਾਜ, ਜੀਵਨ ਜਾਗ੍ਰਿਤੀ ਫਾਊਂਡੇਸ਼ਨ ਫਾਊਂਡਰ ਗੁਰਜੀਤ ਸਿੰਘ ਸੰਧੂ, ਹੋਲੀ ਹਾਰਟ ਸਕੂਲ ਦੀ ਵਿਦਿਆਰਥਣ ਗਾਰਗੀ ਆਨੰਦ ਅਤੇ ਪ੍ਰੋਫੈਸਰ ਹਰੀ ਸਿੰਘ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੇ ਨਸ਼ਿਆਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ। ਸੈਮੀਨਾਰ ਵਿੱਚ ਸ਼ਾਮਲ ਹਾਜ਼ਰੀਨ ਨੇ ਪ੍ਰਣ ਕੀਤਾ ਕਿ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੇ ਰਹਿਣਗੇ। ਡਿਪਟੀ ਕਮਿਸ਼ਨਰ ਪੁਲੀਸ ਪਰਮਿੰਦਰ ਸਿੰਘ ਭੰਡਾਲ ਨੇ ਨਸ਼ਿਆਂ ਖਿਲਾਫ ਪੁਲੀਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉੱਘੀਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਤੌਰ ‘ਤੇ ਪੌਦੇ ਭੇਟ ਕੀਤੇ ਗਏ।