ਪੁਸਤਕ ‘ਸੁਪਨਿਆਂ ਦੀ ਸੈਰ’ ਤੇ ‘ਜੈਤੋ ਦਾ ਮੋਰਚਾ’ ਲੋਕ ਅਰਪਣ
ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਮਾਰਚ
ਨਾਟਕਕਾਰ ਪ੍ਰੋ. ਅਜਮੇਰ ਔਲਖ ਦੀ ਜੀਵਨ ਸਾਥੀ ਅਤੇ ਪੰਜਾਬੀ ਰੰਗਮੰਚ ਤੇ ਸਿਨੇਮਾ ਦੀ ਅਦਾਕਾਰਾ ਮਨਜੀਤ ਕੌਰ ਔਲਖ ਨੇ ਲੋਕ ਚੇਤਨਾ ਮੰਚ ਦੇ ਆਗੂ ਜਗਦੀਸ਼ ਪਾਪੜਾ ਦੀ ਪੁਸਤਕ ‘ਸੁਪਨਿਆਂ ਦੀ ਸੈਰ’ ਅਤੇ ਰਣਜੀਤ ਲਹਿਰਾ ਦੀ ਪੁਸਤਕ ‘ਜੈਤੋ ਦਾ ਇਤਿਹਾਸਕ ਮੋਰਚਾ’ ਲੋਕ ਅਰਪਣ ਕੀਤਾ। ਜਗਦੀਸ਼ ਪਾਪੜਾ ਦੀ ਪੁਸਤਕ ‘ਸੁਪਨਿਆਂ ਦੀ ਸੈਰ’ ਲੇਖਕ ਦੇ ਦੋ ਸਫ਼ਰਨਾਮਿਆਂ ਦੀ ਰੌਚਕ ਤੇ ਜਾਣਕਾਰੀ ਭਰਪੂਰ ਪੁਸਤਕ ਹੈ। ਇਹ ਪੁਸਤਕ ਆਟਮ ਪ੍ਰਕਾਸ਼ਨ, ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਦੂਜੇ ਪਾਸੇ ਰਣਜੀਤ ਲਹਿਰਾ ਦੀ ਪੁਸਤਕ ‘ਜੈਤੋ ਦਾ ਇਤਿਹਾਸਕ ਮੋਰਚਾ’ ਮੋਰਚਿਆਂ ਦੀ ਇੱਕ ਗੁੰਮਨਾਮ ਵੀਰਾਂਗਣਾ ਮਾਤਾ ਸੋਧਾਂ ਦੇ ਜੁਝਾਰੂ ਜੀਵਨ ‘ਤੇ ਝਾਤ ਪਵਾਉਂਦੀ ਹੈ। ਇਹ ਪੁਸਤਕ ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਇਸ ਮੌਕੇ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਦੋਵਾਂ ਲੇਖਕਾਂ ਨੂੂੰ ਵਧਾਈ ਦਿੰਦੇ ਹੋਏ ਕਿਹਾ ਕਿ ਲੋਕ ਚੇਤਨਾ ਮੰਚ, ਲਹਿਰਾਗਾਗਾ ਨੂੂੰ ਮਾਣ ਹੈ ਕਿ ਉਸ ਦੇ ਦੋ ਮੈਂਬਰਾਂ ਨੇ ਪੁਸਤਕਾਂ ਲਿਖ ਕੇ ਮੰਚ ਦਾ ਨਾਮ ਉੱਚਾ ਕੀਤਾ ਹੈ।