ਨਾਟਕ ‘ਸ਼ਹਿਰ ਤੇਰੇ ਵਿੱਚ’ ਰਾਹੀਂ ਦੁਸ਼ਵਾਰੀਆਂ ਭਰੀ ਜ਼ਿੰਦਗੀ ਦੀ ਪੇਸ਼ਕਾਰੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਅਕਤੂਬਰ
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਦਾ ਉਦਘਾਟਨ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾ. ਭਜਨ ਸਿੰਘ ਅਤੇ ਸੁਰਿੰਦਰ ਕੌਰ ਗਿੱਲ ਨੇ ਪ੍ਰੋ. ਮਨਜੀਤ ਸਿੰਘ ਛਾਬੜਾ, ਲੇਖਕ ਅਮਰੀਕ ਤਲਵੰਡੀ, ਅੰਜੂ ਚੌਧਰੀ, ਜੋਗਿੰਦਰ ਆਜ਼ਾਦ ਤੇ ਜਸਵੰਤ ਜੀਰਖ ਨਾਲ ਮਿਲ ਕੇ ਕੀਤਾ। ਹਰਕੇਸ਼ ਚੌਧਰੀ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਸ਼ਹਿਰ ਤੇਰੇ ਵਿੱਚ’ ਖੇਡਿਆ ਗਿਆ। ਨਾਟਕ ਟੁੱਟ ਰਹੀ ਕਿਸਾਨੀ ਦੇ ਸਿਰਾਂ ’ਤੇ ਕਰਜ਼ਿਆਂ ਕਰਕੇ ਦਿਹਾੜੀਦਾਰ ਮਜ਼ਦੂਰ ਬਣਨ ਦੀ ਦਰਦ ਗਾਥਾ ਵੀ ਪੇਸ਼ ਕਰ ਗਿਆ। ਇਸ ਮੌਕੇ ਕਮਲਜੀਤ ਮੋਹੀ ਦੀ ਬੇਟੀ ਆਂਚਲ ਵੱਲੋਂ ਨੈੱਟ ਅਤੇ ਜੇਆਰਐੱਫ ਦੀ ਪ੍ਰੀਖਿਆ ਪਾਸ ਕਰਨ ’ਤੇ ਉਸ ਦਾ ਸਨਮਾਨ ਕੀਤਾ ਗਿਆ। ਬਾਬਾ ਭਾਨ ਸਿੰਘ ਸੁਨੇਤ ਯਾਦਗਾਰੀ ਟਰੱਸਟ ਦੇ ਪ੍ਰਧਾਨ ਕਰਨਲ ਜੇ ਐੱਸ ਬਰਾੜ ਦੇ ਸਦੀਵੀ ਵਿਛੋੜਾ ਦੇਣ ’ਤੇ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਕੋਰਿਓਗ੍ਰਾਫੀ ‘ਉੱਠ ਨੀ ਕੁੜੀਏ’ ਪੇਸ਼ ਕੀਤੀ ਗਈ। ਇਸ ਰਾਹੀਂ ਔਰਤਾਂ ਨਾਲ ਹੋ ਰਹੇ ਧੱਕਿਆਂ ਖ਼ਿਲਾਫ਼ ਜਾਗਣ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਗੁਰਜੀਤ ਸਿੰਘ, ਵਿਜੇ ਮੋਗਾ, ਜਗਤਾਰ ਹਿੱਸੋਵਾਲ, ਐਕਸੀਅਨ ਪਰਦੀਪ ਲੋਟੇ, ਲੈਕਚਰਾਰ ਦਲਜੀਤ ਸਿੰਘ, ਪਰਗਟ ਸਿੰਘ, ਗੁਰਮੀਤ ਸਿੰਘ, ਪਵਨ ਭੱਠਲ ਤੇ ਸੁਖਦੀਪ ਸਿੰਘ ਮੌਜੂਦ ਸਨ।