For the best experience, open
https://m.punjabitribuneonline.com
on your mobile browser.
Advertisement

ਨਿਆਮਤ ਵਾਲੇ ਨੁਸਖੇ

06:13 AM Jul 04, 2024 IST
ਨਿਆਮਤ ਵਾਲੇ ਨੁਸਖੇ
Advertisement

ਤਰਲੋਚਨ ਸਿੰਘ ਦੁਪਾਲਪੁਰ

Advertisement

ਗੱਲ ਸ਼ੁਰੂ ਕਰਦੇ ਹਾਂ ਵਿਵੇਕ ਦੇ ਭੰਡਾਰ ਸੁਆਮੀ ਵਿਵੇਕਾਨੰਦ ਤੋਂ। ਕਹਿੰਦੇ, ਇੱਕ ਵਾਰ ਉਹ ਅਮਰੀਕਾ ਗਏ ਹੋਏ ਰੇਲ ਗੱਡੀ ਵਿੱਚ ਸਫਰ ਕਰ ਰਹੇ ਸਨ। ਸੀਟ ’ਤੇ ਬੈਠੇ-ਬੈਠੇ ਉਹ ਆਪਣੇ ਬੈਗ ਵਿੱਚੋਂ ਸੰਤਰਾ ਕੱਢ ਕੇ ਛਿੱਲਣ ਲੱਗ ਪਏ। ਉਨ੍ਹਾਂ ਦੀ ਸਾਹਮਣਲੀ ਸੀਟ ’ਤੇ ਬੈਠੀ ਗੋਰੀ ਦਾ ਬੱਚਾ ਉਨ੍ਹਾਂ ਵੱਲ ਗਹੁ ਨਾਲ ਦੇਖਣ ਲੱਗਾ। ਸੁਆਮੀ ਜੀ ਨੇ ਸੰਤਰਾ ਛਿੱਲ ਕੇ ਦੋ ਚਾਰ ਫਾੜੀਆਂ ਉਸ ਬੱਚੇ ਨੂੰ ਵੀ ਫੜਾ ਦਿੱਤੀਆਂ। ਫਾੜੀਆਂ ਲੈ ਕੇ ਖੁਸ਼ ਹੋਇਆ ਬੱਚਾ ਜਦ ਆਪਣੀ ਮਾਂ ਕੋਲ਼ ਆਇਆ ਤਾਂ ਉਹ ਉਸ ਨੂੰ ਘੂਰਦਿਆਂ ਕੁਝ ਕਹਿਣ ਲੱਗੀ। ਸੁਆਮੀ ਜੀ ਨੇ ਗੋਰੀ ਨੂੰ ਕਿਹਾ, “ਮੈਡਮ ਬੱਚੇ ਨੇ ਸੰਤਰਾ ਮੈਥੋਂ ਮੰਗਿਆ ਨਹੀਂ ਸੀ, ਇਸ ਪਿਆਰੇ ਬੱਚੇ ਨੂੰ ਮੈਂ ਆਪੇ ਦਿੱਤਾ ਹੈ। ਇਸ ਨੂੰ ਗੁੱਸੇ ਨਾ ਹੋਵੋ।” ਗੋਰੀ ਕਹਿੰਦੀ, “ਮੈਂ ਇਸ ਨੂੰ ਤਾਂ ਖਿਝਿਆ ਕਿਉਂਕਿ ਤੁਹਾਥੋਂ ਸੰਤਰਾ ਲੈ ਕੇ ਇਹ ਤੁਹਾਡਾ ਧੰਨਵਾਦ ਕਰੇ ਬਗੈਰ ਮੇਰੇ ਕੋਲ ਆਣ ਖੜ੍ਹਾ ਹੋਇਆ।”
ਆਪਣੀ ਹੱਡ-ਬੀਤੀ ਤੋਂ ਗਿਆਤ ਹੋਇਆ ਕਿ ਵਧਾਈਆਂ ਦੇਣ ਜਾਂ ਧੰਨਵਾਦ ਕਰਨ ਬਾਰੇ ਪੇਂਡੂਆਂ ਅਤੇ ਸ਼ਹਿਰੀਆਂ ਵਿੱਚ ਫਰਕ ਹੁੰਦਾ। ਬੀਬੀ ਰਜਿੰਦਰ ਕੌਰ ਭੱਠਲ ਪੰਜਾਬ ਸਰਕਾਰ ਵਿੱਚ ਜਿਸ ਮਹਿਕਮੇ ਦੇ ਮੰਤਰੀ ਸਨ, ਉਸ ਮਹਿਕਮੇ ਵਿੱਚ ਕੰਮ ਕਰਦੇ ਮੇਰੇ ਨੇੜਲੇ ਰਿਸ਼ਤੇਦਾਰ ਦੀ ਬਦਲੀ ਹੋ ਗਈ। ਉਸ ਮੁਲਾਜ਼ਮ ਨੇ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਨਾਤੇ ਮੈਨੂੰ ਬਦਲੀ ਰੁਕਵਾਉਣ ਲਈ ਕਿਹਾ। ਮੈਂ ਅਜਿਹਾ ਜਥੇਦਾਰ ਲੱਭਿਆ ਜੋ ਬੀਬੀ ਭੱਠਲ ਨਾਲ਼ਨੇੜਤਾ ਰੱਖਦਾ ਸੀ। ਮੈਂ ਉਸ ਜਥੇਦਾਰ ਨੂੰ ਲੈ ਕੇ ਚੰਡੀਗੜ੍ਹ ਗਿਆ ਤੇ ਅਸੀਂ ਬੀਬੀ ਭੱਠਲ ਦੇ ਦਫਤਰ ਪਹੁੰਚੇ। ਬੀਬੀ ਜੀ ਨੇ ਸਾਡੀ ਗੱਲ ਸੁਣ ਕੇ ਆਪਣੇ ਪੀਏ ਨੂੰ ਕਿਹਾ ਕਿ ਬਦਲੀ ਰੋਕਣ ਦਾ ਕੰਮ ਨੋਟ ਕਰ ਲਵੇ।
ਹਫਤਾ ਦੋ ਹਫਤੇ ਬਾਅਦ ਜਦ ਸਾਡਾ ਕੰਮ ਨਾ ਹੋਇਆ ਤਾਂ ਉਸੇ ਜਥੇਦਾਰ ਨੂੰ ਲੈ ਕੇ ਮੈਂ ਫਿਰ ਬੀਬੀ ਭੱਠਲ ਦੇ ਦਫਤਰ ਜਾ ਪਹੁੰਚਿਆ। ਜਥੇਦਾਰ ਨੂੰ ਦੇਖਦੇ ਹੀ ਬੀਬੀ ਜੀ ਬੜੀ ਹੈਰਾਨੀ ਨਾਲ ਕਹਿੰਦੇ ਕਿ ਤੁਹਾਡਾ ਕੰਮ ਹੋਇਆ ਨਹੀਂ ਹਾਲੇ? ਜਥੇਦਾਰ ਹੱਸ ਕੇ ਕਹਿੰਦਾ, “ਬੀਬੀ ਜੀ ਆਪੇ ਈ ਬੁੱਝ ਲਉ... ਮੰਤਰੀਆਂ-ਸੰਤਰੀਆਂ ਤੋਂ ਕੰਮ ਕਰਵਾ ਕੇ ਸ਼ਹਿਰੀਏ ਲੋਕ ਹੀ ਸ਼ੁਕਰਾਨੇ ਹਿਤ ਮਠਿਆਈ ਦਾ ਡੱਬਾ ਲੈ ਕੇ ਆਉਂਦੇ ਹੁੰਦੇ ਐ। ਪੇਂਡੂ ਤਾਂ ਮੁੜ ਕੇ ਆਉਂਦੇ ਹੀ ਨਹੀਂ ਹੁੰਦੇ। ਜੇ ਉਹ ਆ ਜਾਣ ਤਾਂ ਸਮਝੋ ਕੰਮ ਹੋਇਆ ਨਹੀਂ ਹੁੰਦਾ।”
ਸ਼੍ਰੋਮਣੀ ਕਮੇਟੀ ਦੀ ਚੋਣ ਤੋਂ ਬਾਅਦ 2001 ਵਿੱਚ ਮੇਰੇ ਪਿੰਡ ਵਾਲਿ਼ਆਂ ਨੇ ਜ਼ੋਰ ਪਾ ਕੇ ਮੈਨੂੰ ਸਰਪੰਚੀ ਦੀ ਚੋਣ ਲਈ ਖੜ੍ਹਾ ਕਰ ਦਿੱਤਾ। ਪੇਂਡੂ ਪਿਛੋਕੜ ਵਾਲਾ ਮੇਰਾ ਇੱਕ ਪ੍ਰੋਫੈਸਰ ਮਿੱਤਰ ਮੈਨੂੰ ਮਿਲ ਕੇ ਪੰਚਾਇਤੀ ਚੋਣ ਬਾਰੇ ਕਈ ਗੁੰਝਲਦਾਰ ਨੁਕਤਿਆਂ ਤੋਂ ਜਾਣੂ ਕਰਵਾ ਗਿਆ ਅਤੇ ਫੋਨ ’ਤੇ ਵੀ ਮੈਨੂੰ ਕਈ ਤਰ੍ਹਾਂ ਦੇ ਸੁਝਾਅ ਮਸ਼ਵਰੇ ਦਿੰਦਾ ਰਿਹਾ। ਚੋਣ ਜਿੱਤਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਉਸ ਨੂੰ ਫੋਨ ਕਰ ਕੇ ‘ਖ਼ੁਸ਼ਖਬਰੀ’ ਸੁਣਾਈ। ਬਾਗ਼ੋ-ਬਾਗ਼ ਹੁੰਦਿਆਂ ਉਹਨੇ ਮੈਨੂੰ ਕਈ ਵਾਰ ਵਧਾਈਆਂ ਵਧਾਈਆਂ ਕਿਹਾ।
ਦਸ ਕੁ ਮਿੰਟ ਬਾਅਦ ਉਸ ਪ੍ਰੋਫੈਸਰ ਦਾ ਫਿਰ ਫੋਨ ਆ ਗਿਆ। ਮੈਂ ਸੋਚਿਆ, ਕੋਈ ਖਾਸ ਗੱਲ ਰਹਿ ਗਈ ਹੋਵੇਗੀ ਪਰ ਜਦ ਉਹਨੇ ਮੈਨੂੰ ਫਿਰ ਵਧਾਈਆਂ ਦਿੱਤੀਆਂ ਤਾਂ ਮੈਂ ਨਿਮਰ ਭਾਵ ਨਾਲ ਕਿਹਾ, “ਆਪਣੀਆਂ ਵਧਾਈਆਂ ਤਾਂ ਹੁਣੇ ਹੋ ਚੁੱਕੀਆਂ ਨੇ ਪ੍ਰੋਫੈਸਰ ਸਾਹਬ।” ਉਹ ਹੱਸ ਕੇ ਕਹਿੰਦੇ, “ਪਹਿਲਾਂ ਤਾਂ ਤੁਸੀਂ ਮੈਨੂੰ ਆਪਣੀ ਜਿੱਤ ਬਾਰੇ ਦੱਸਿਆ ਸੀ, ਵਧਾਈ ਤਾਂ ਮੈਂ ਤੁਹਾਨੂੰ ਹੁਣ ਦੇ ਰਿਹਾ ਹਾਂ ਭਰਾ ਜੀ।”
2004 ਵਿੱਚ ਜਦੋਂ ਅਮਰੀਕਾ ਗਿਆ ਤਾਂ ਪੱਤਰਕਾਰ ਅਮੋਲਕ ਸਿੰਘ ਜੰਮੂ ਨਾਲ ਮੇਰਾ ਮੇਲ ਮਿਲਾਪ ਹੋਇਆ ਜੋ ਪਹਿਲਾਂ ਤੋਂ ਮੇਰੇ ਜਾਣੂ ਸਨ। ਜਿਵੇਂ ਹੁੰਦਾ ਹੀ ਹੈ, ਨਵੇਂ-ਨਵੇਂ ਬਣੇ ਪਰਵਾਸੀਆਂ ਨੂੰ ਪਹਿਲਾਂ ਤੋਂ ਉੱਥੇ ਰਹਿ ਰਹੇ ਪੰਜਾਬੀ ਭਰਾ ਦਿਲ ਖੋਲ੍ਹ ਕੇ ਨਸੀਹਤਾਂ ਦਿੰਦੇ ਨੇ! ਇਵੇਂ ਜੰਮੂ ਸਾਹਿਬ ਨੇ ਮੈਨੂੰ ‘ਹਾਏ... ਹੈਲੋ... ਥੈਂਕ ਯੂ’ ਕਹਿਣ ਦਾ ਸਬਕ ਦਿੰਦਿਆਂ ਆਪਣੀ ਹੱਡ-ਬੀਤੀ ਸੁਣਾ ਛੱਡੀ- ਕਹਿੰਦੇ, ਮੈਂ ਇੱਥੇ ਆ ਕੇ ਡ੍ਰਾਈਵਿੰਗ ਲਾਈਸੈਂਸ ਤਾਂ ਜਲਦੀ ਲੈ ਲਿਆ ਤੇ ਪੁਰਾਣੀ ਕਾਰ ਵੀ ਲੈ ਲਈ ਸੀ ਪਰ ਕਾਰ ਚਲਾਉਣ ਦਾ ਮੈਨੂੰ ਕੋਈ ਤਜਰਬਾ ਨਹੀਂ ਸੀ। ਇੱਕ ਵਾਰ ਹਾਈਵੇਅ ’ਤੇ ਜਾਂਦਿਆਂ ਡੈਸ਼ਬੋਰਡ ਉੱਤੇ ਤੇਲ ਵਾਲੀ ਸੂਈ ਵੱਲ ਧਿਆਨ ਹੀ ਨਾ ਦਿੱਤਾ। ਰਾਹ ਵਿੱਚ ਕਾਰ ਰੁਕ ਗਈ ਤਾਂ ਮੈਂ ਦੇਖਿਆ ਕਿ ਤੇਲ ਖਤਮ ਹੋ ਗਿਆ ਹੈ। ਹਾਈਵੇਅ ਦੀ ਬਾਹਰਲੀ ‘ਸਲੋ ਲਾਈਨ’ ਵਿੱਚ ਹੋਣ ਕਰ ਕੇ ਕਾਰ ਤਾਂ ਮੈਂ ਇੱਕ ਪਾਸੇ ’ਤੇ ਲਾ ਲਈ ਪਰ ਕਰਾਂ ਕੀ? ਮੋਬਾਈਲ ਫੋਨ ਉਦੋਂ ਹੁੰਦੇ ਨਹੀਂ ਸਨ। ਬਸ ‘ਰਾਮ ਭਰੋਸੇ’ ਖੜ੍ਹ ਕੇ ਸ਼ੂਟ ਵੱਟੀ ਜਾਂਦੀਆਂ ਕਾਰਾਂ ਵੱਲ ਇਹ ਸੋਚ ਕੇ ਦੇਖਦਾ ਰਿਹਾ ਕਿ ਕੋਈ ਜਣਾ ਤਾਂ ਮੇਰੇ ’ਤੇ ਤਰਸ ਕਰ ਕੇ ਰੁਕੇਗਾ ਹੀ...।
ਲਉ ਜੀ ਥੋੜ੍ਹੇ ਚਿਰ ਬਾਅਦ ਇੱਕ ਗੋਰੇ ਨੇ ਮੇਰੇ ਲਾਗੇ ਆ ਕੇ ਕਾਰ ਰੋਕੀ। ਮੈਂ ਟੁੱਟੀ ਫੁੱਟੀ ਅੰਗਰੇਜ਼ੀ ਵਿੱਚ ਤੇਲ ਮੁੱਕਣ ਦੀ ਗੱਲ ਦੱਸੀ। ਉਹਨੇ ਆਪਣੀ ਕਾਰ ਦੀ ਡਿੱਗੀ ਵਿੱਚੋਂ ਡੱਬਾ ਤੇ ਪਾਈਪ ਕੱਢਿਆ ਅਤੇ ਆਪਣੀ ਕਾਰ ਵਿੱਚੋਂ ਤੇਲ ਕੱਢ ਕੇ ਮੇਰੀ ਕਾਰ ਵਿੱਚ ਪਾ ਦਿੱਤਾ। ਉਸ ਦੇ ਕੋਟਨਿ ਕੋਟਿ ਧੰਨਵਾਦ ਹਿਤ ਮੈਂ ਉਹਨੂੰ ‘ਥੈਂਕ ਯੂ ਥੈਂਕ ਯੂ’ ਕਿਹਾ ਤਾਂ ਗੋਰਾ ਕਹਿੰਦਾ, “ਥੈਂਕ ਯੂ ਦੇ ਨਾਲ-ਨਾਲ ਮੇਰੇ ਨਾਲ ਇਹ ਵਾਅਦਾ ਕਰ ਕਿ ਤੂੰ ਆਪਣੀ ਕਾਰ ਦੀ ਡਿੱਗੀ ਵਿੱਚ ਮੇਰੇ ਵਾਂਗ ਪਾਈਪ ਅਤੇ ਡੱਬਾ ਜ਼ਰੂਰ ਰੱਖੇਂਗਾ ਅਤੇ ਸੜਕ ’ਤੇ ਖੜ੍ਹੇ ਕਿਸੇ ਵੀ ਲੋੜਵੰਦ ਕੋਲੋਂ ਚੁੱਪ ਚੁਪੀਤਾ ਨਹੀਂ ਲੰਘੇਂਗਾ ਸਗੋਂ ਉਸ ਦੀ ਬਣਦੀ-ਸਰਦੀ ਮਦਦ ਕਰੇਂਗਾ।”
ਮੈਂ ਸੋਚਿਆ, ਘੁੱਟ ਕੇ ਲੜ ਬੰਨ੍ਹੇ ਸ਼ੁਕਰਾਨੇ ਅਤੇ ਵਧਾਈ ਦੇਣ ਦੇ ਇਹ ਕੁਝ ਨੁਸਖੇ ਹੋਰਾਂ ਨਾਲ ਵੀ ਸਾਂਝੇ ਕਰ ਦਿਆਂ...।
ਸੰਪਰਕ: 78146-92724

Advertisement

Advertisement
Author Image

joginder kumar

View all posts

Advertisement