ਸਾਬਕਾ ਵਿਧਾਇਕ ਅੰਗੁਰਾਲ ਨੂੰ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਤਿਆਰੀ
ਹਤਿੰਦਰ ਮਹਿਤਾ
ਜਲੰਧਰ, 29 ਮਾਰਚ
ਪੰਜਾਬ ਵਿੱਚ ਇੱਕ ਵੱਡੀ ਸਿਆਸੀ ਉਥਲ-ਪੁਥਲ ਚੱਲ ਰਹੀ ਹੈ। ਇਸ ਦੌਰਾਨ ਜਲੰਧਰ ਪੁਲੀਸ ਵੱਲੋਂ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਸਿਟੀ ਪੁਲੀਸ ਵੱਲੋਂ ਪੰਜਾਬ ਸਰਕਾਰ ਨੂੰ ਰਿਪੋਰਟ ਲਿਖ ਕੇ ਭੇਜੀ ਹੈ। ਇਸ ਵਿੱਚ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਸ਼ੀਤਲ ਅੰਗੁਰਾਲ ਅਤੇ ਉਸ ਦੇ ਕਰੀਬੀ ਇੱਕ ਕੋਰੀਅਰ ਕੰਪਨੀ ਰਾਹੀਂ ਜਲੰਧਰ ਤੋਂ ਅਫੀਮ ਦੀ ਸਪਲਾਈ ਵਿੱਚ ਸ਼ਾਮਲ ਹਨ। ਹਾਲਾਂਕਿ ਇਸ ਸਬੰਧੀ ਜਲੰਧਰ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੱਥਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਛੱਡ ਕੇ ਮੁੜ ਭਾਜਪਾ ਵਿੱਚ ਸ਼ਾਮਲ ਹੋਣ ਦੇ ਦੋ ਸਾਲ ਬਾਅਦ ਸ਼ੀਤਲ ਅੰਗੁਰਾਲ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ। ਸ਼ੀਤਲ ਅੰਗੁਰਾਲ ਦੀ ਡਰੱਗ ਸਮੱਗਲਰ ਮਨੀ ਠਾਕੁਰ ਨਾਲ ਫੋਟੋ ਸਾਹਮਣੇ ਆਈ ਹੈ, ਜੋ ਕਿ ਬ੍ਰਿਟੇਨ ’ਚ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੀ ਡਰੱਗਜ਼ ਚੇਨ ਨਾਲ ਹੈ। ਇਸ ਦੇ ਆਧਾਰ ’ਤੇ ਥਾਣਾ ਸਿਟੀ ਪੁਲੀਸ ਨੇ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਪੱਤਰ ਲਿਖਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ੀਤਲ ਨੂੰ ਜਲਦੀ ਹੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ। ਦੱਸ ਦੇਈਏ ਕਿ ਮਾਰਚ ਮਹੀਨੇ ਵਿੱਚ ਜਲੰਧਰ ਪੁਲੀਸ ਵੱਲੋਂ ਇੱਕ ਅੰਤਰਰਾਸ਼ਟਰੀ ਡਰੱਗ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਸੀ, ਜਿਸਦਾ ਆਗੂ ਮਨੀਸ਼ ਉਰਫ ਮਨੀ ਠਾਕੁਰ ਹੈ, ਜੋ ਯੂ.ਕੇ. ਤੋਂ ਸਾਰਾ ਗੈਂਗ ਚੱਲ ਰਿਹਾ ਹੈ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਸ ’ਤੇ ਲੱਗੇ ਸਾਰੇ ਦੋਸ਼ ਗਲਤ ਹਨ। ਮਨੀ ਨਾਲ ਉਸ ਦਾ ਕੋਈ ਨਿੱਜੀ ਸਬੰਧ ਨਹੀਂ ਹੈ।