For the best experience, open
https://m.punjabitribuneonline.com
on your mobile browser.
Advertisement

ਮਾਰਕੀਟ ਕਮੇਟੀ ਫ਼ਤਹਿਗੜ੍ਹ ਪੰਜਤੂਰ ਨੂੰ ਭੰਗ ਕਰਨ ਦੀ ਤਿਆਰੀ

07:11 AM Mar 29, 2024 IST
ਮਾਰਕੀਟ ਕਮੇਟੀ ਫ਼ਤਹਿਗੜ੍ਹ ਪੰਜਤੂਰ ਨੂੰ ਭੰਗ ਕਰਨ ਦੀ ਤਿਆਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 28 ਮਾਰਚ
ਪੰਜਾਬ ਸਰਕਾਰ ਨੇ ਘਾਟੇ ਵਿੱਚ ਜਾ ਰਹੀ ਇਥੋਂ ਦੀ ਮਾਰਕੀਟ ਕਮੇਟੀ ਨੂੰ ਪੱਕੇ ਤੌਰ ’ਤੇ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਹ ਮਾਰਕੀਟ ਕਮੇਟੀ ਸੂਬਾ ਸਰਕਾਰ ਵੱਲੋਂ ਨਿਰਧਾਰਿਤ ਸਾਲਾਨਾ ਬਜਟ ਉੱਤੇ ਪੂਰਾ ਨਹੀਂ ਉਤਰ ਰਹੀ ਹੈ। ਮੰਡੀ ਬੋਰਡ ਨੇ ਹਰੇਕ ਮਾਰਕੀਟ ਕਮੇਟੀ ਲਈ ਘੱਟੋ-ਘੱਟ ਚਾਰ ਕਰੋੜ ਦੀ ਸਾਲਾਨਾ ਆਮਦਨ ਦਰ ਮਿੱਥ ਰੱਖੀ ਹੈ ਪਰ ਇਹ ਮਾਰਕੀਟ ਕਮੇਟੀ ਸਾਢੇ ਤਿੰਨ ਕਰੋੜ ਦਾ ਅੰਕੜਾ ਵੀ ਨਹੀਂ ਪਾਰ ਕਰ ਰਹੀ ਹੈ। ਉਲਟਾ ਇਸ ਕਮੇਟੀ ਦੀਆਂ ਦੇਣਦਾਰੀ ਵੱਧ ਰਹੀਆਂ ਹਨ। ਮੰਡੀ ਬੋਰਡ ਆਫ ਡਾਇਰੈਕਟਰਜ਼ ਨੇ ਸੂਬੇ ਦੀਆਂ ਅਜਿਹੀਆਂ 26 ਮਾਰਕੀਟ ਕਮੇਟੀਆਂ ਦੀ ਨਿਸ਼ਾਨਦੇਹੀ ਕੀਤੀ ਹੈ ਜੋ ਸਰਕਾਰ ਦੀਆਂ ਨੀਤੀਆਂ ’ਤੇ ਪੂਰਾ ਨਹੀਂ ਉਤਰ ਰਹੀਆਂ ਹਨ। ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਮੰਡੀ ਬੋਰਡ ਵੱਲੋਂ ਉਕਤ ਫੈਸਲਾ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਲੈ ਲੈਣ ਦੀ ਸੂਚਨਾ ਹੈ ਅਤੇ ਹੁਣ ਰਸਮੀ ਐਲਾਨ ਹੋਣਾ ਹੀ ਬਾਕੀ ਹੈ। ਜਾਣਕਾਰੀ ਮੁਤਾਬਕ ਅਕਾਲੀ ਸਰਕਾਰ ਵੇਲੇ ਹਲਕੇ ਦੇ ਵਿਧਾਇਕ ਹੁੰਦਿਆਂ ਮਰਹੂਮ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਆਪਣੀ ਵਿਕਾਸ ਕਾਰਜਾਂ ਦੀ ਲੜੀ ਤਹਿਤ ਕਿਸਾਨਾਂ ਦੀ ਮੰਗ ਉੱਤੇ ਇੱਥੋਂ ਦੀ ਮਾਰਕੀਟ ਕਮੇਟੀ ਦਾ ਗਠਨ ਕਰਵਾਇਆ ਸੀ ਪਰ ਹੁਣ ਸਰਕਾਰ ਨੇ ਇਸ ਨੂੰ ਘਾਟੇਵੰਦਾ ਸੌਦਾ ਐਲਾਨਦਿਆਂ ਇਸ ਕਮੇਟੀ ਤੋਂ ਪਿੱਛਾ ਛੁਡਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਦੀ ਤਰ੍ਹਾਂ ਫ਼ਤਹਿਗੜ੍ਹ ਪੰਜਤੂਰ ਸਮੇਤ ਇਸਦੇ ਘੇਰੇ ਹੇਠ ਆਉਂਦੀਆਂ ਅਨਾਜ ਮੰਡੀਆਂ ਧਰਮਕੋਟ ਮਾਰਕੀਟ ਕਮੇਟੀ ਦੇ ਅਧੀਨ ਆਉਣਗੀਆਂ। ਇਸ ਸਬੰਧੀ ਮੰਡੀ ਬੋਰਡ ਦੇ ਬੋਰਡ ਆਫ ਡਾਇਰੈਕਟਰਜ਼ ਦੀ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੋਈ ਬੈਠਕ ਵਿੱਚ ਸਰਕਾਰੀ ਦਿਸ਼ਾ ਦੇ ਚੱਲਦਿਆਂ ਕਮੇਟੀ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਸਬੰਧੀ ਦਫ਼ਤਰੀ ਕਾਰਵਾਈ ਤੇਜ਼ੀ ਨਾਲ ਚੱਲ ਰਹੀ ਹੈ। ਇੱਥੋਂ ਦਾ ਅਮਲਾ ਵੀ ਚਿੱਠੀ ਦਾ ਇੰਤਜ਼ਾਰ ਕਰ ਰਿਹਾ ਹੈ। ਸਬੰਧਤ ਅਮਲੇ ਨੂੰ ਦਫ਼ਤਰ ਬੰਦ ਹੋਣ ’ਤੇ ਧਰਮਕੋਟ ਤਬਦੀਲ ਕੀਤਾ ਜਾਵੇਗਾ। ਮਾਰਕੀਟ ਕਮੇਟੀ ਫ਼ਤਹਿਗੜ੍ਹ ਪੰਜਤੂਰ ਦੇ ਸਕੱਤਰ ਗੁਰਲਾਭ ਸਿੰਘ ਨੇ ਦੱਸਿਆ ਕਿ ਕਮੇਟੀ ਨੂੰ ਆਮਦਨ ਸਬੰਧੀ ਉਪਰੋਂ ਪੱਤਰ ਪ੍ਰਾਪਤ ਹੋਇਆ ਹੈ ਜਿਸ ਦਾ ਜਵਾਬ ਭੇਜ ਦਿੱਤਾ ਗਿਆ ਹੈ। ਕਮੇਟੀ ਨੂੰ ਭੰਗ ਸਬੰਧੀ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੈ। ਦੂਸਰੇ ਪਾਸੇ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਮਾਰਕੀਟ ਕਮੇਟੀ ਫ਼ਤਹਿਗੜ੍ਹ ਪੰਜਤੂਰ ਨੂੰ ਖਤਮ ਕਰਨ ਦੀਆਂ ਚੱਲੀਆਂ ਜਾ ਰਹੀਆਂ ਸਰਕਾਰੀ ਚਾਲ ਦੀ ਕਰੜੀ ਅਲੋਚਨਾ ਕਰਦਿਆਂ ਕਿਹਾ ਕਿ ਆਪ ਸਰਕਾਰ ਪਿਛਲੀਆਂ ਸਰਕਾਰਾਂ ਦੇ ਸ਼ੁਰੂ ਕੀਤੇ ਵਿਕਾਸ ਪ੍ਰੋਜੈਕਟਾਂ ਨੂੰ ਜਾਣ ਬੁੱਝ ਕੇ ਖਤਮ ਕਰਨਾ ਚਾਹੁੰਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×