ਪਤਝੜੀ ਬੂਟੇ ਲਗਾਉਣ ਦੀ ਤਿਆਰੀ
ਡਾ. ਰਣਜੀਤ ਸਿੰਘ
ਜਨਵਰੀ ਦਾ ਮਹੀਨਾ ਨਵੇਂ ਪਤਝੜੀ ਬੂਟੇ ਲਗਾਉਣ ਲਈ ਢੁੱਕਵਾਂ ਹੈ ਕਿਉਂਕਿ ਨਵਾਂ ਫੁਟਾਰਾ ਹੋਣ ਤੋਂ ਪਹਿਲਾਂ ਇਨ੍ਹਾਂ ਦਾ ਲਗਾਉਣਾ ਜ਼ਰੂਰੀ ਹੈ। ਅਨਾਰ ਦੇ ਬੂਟੇ ਤਾਂ ਦਸੰਬਰ ਵਿੱਚ ਹੀ ਲਗਾਏ ਜਾਂਦੇ ਹਨ।
ਅਨਾਰ ਭਾਰਤ ਦਾ ਪ੍ਰਾਚੀਨ ਫਲ ਹੈ। ਇਸ ਦੇ ਫਲਾਂ ਦੀ ਔਰਤਾਂ ਦੀ ਖੂਬਸੂਰਤੀ ਨਾਲ ਤੁਲਨਾ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਕਈ ਰੋਗਾਂ ਨੂੰ ਰੋਕਣ ਲਈ ਵੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਕਾਸ਼ਤ ਲਈ ਭਗਵਾ, ਗਨੇਸ਼ ਅਤੇ ਕੰਧਾਰੀ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਸਾਲ ਲਗਾਏ ਨਵੇਂ ਬੂਟਿਆਂ ਦੀ ਸਾਂਭ-ਸੰਭਾਲ ਵੀ ਜ਼ਰੂਰੀ ਹੈ, ਇਨ੍ਹਾਂ ਨੂੰ ਠੰਢ ਤੋਂ ਬਚਾਉਣਾ ਚਾਹੀਦਾ ਹੈ। ਇਨ੍ਹਾਂ ਬੂਟਿਆਂ ਉੱਤੇ ਛੌਰਾ ਕਰ ਕੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ। ਪੁਰਾਣੇ ਬੂਟਿਆਂ ਨੂੰ ਦੇਸੀ ਰੂੜੀ ਵੀ ਹੁਣ ਪਾਉਣ ਦਾ ਸਮਾਂ ਹੈ। ਇਕ ਸਾਲ ਦੇ ਬੂਟੇ ਨੂੰ ਕੋਈ ਪੰਜ ਕਿਲੋ ਰੂੜੀ ਪਾਈ ਜਾਵੇ। ਪੱਤਝੜੀ ਬੂਟਿਆਂ ਦੀ ਕਾਂਟ-ਛਾਂਟ ਦਾ ਵੀ ਇਹ ਢੁੱਕਵਾਂ ਸਮਾਂ ਹੈ। ਅਗਲੇ ਮਹੀਨੇ ਨਵੇਂ ਪਤਝੱੜੀ ਬੂਟੇ ਲਗਾਏ ਜਾਣ। ਇਨ੍ਹਾਂ ਬਾਰੇ ਹੁਣ ਫ਼ੈਸਲਾ ਕਰ ਲੈਣਾ ਚਾਹੀਦਾ ਹੈ। ਬੂਟੇ ਲਗਾਉਣ ਲਈ ਟੋਏ ਪੁੱਟੇ ਜਾਣ। ਇਕ ਮੀਟਰ ਡੂੰਘਾ ਅਤੇ ਇਕ ਮੀਟਰ ਘੇਰੇ ਵਾਲਾ ਟੋਆ ਪੁੱਟਿਆ ਜਾਵੇ। ਇਸ ਨੂੰ ਅੱਧੀ ਉਪਰਲੀ ਮਿੱਟੀ ਅਤੇ ਅੱਧੀ ਰੂੜੀ ਰਲਾ ਕੇ ਭਰ ਦਿੱਤਾ ਜਾਵੇ। ਬੂਟੇ ਪੀਏਯੂ, ਸਰਕਾਰੀ ਜਾਂ ਕਿਸੇ ਭਰੋਸੇਯੋਗ ਨਰਸਰੀ ਤੋਂ ਖ਼ਰੀਦੇ ਜਾਣ। ਜੇਕਰ ਬਾਗ਼ ਵਿਚ ਕੋਈ ਫ਼ਸਲ ਨਹੀਂ ਬੀਜੀ ਤਾਂ ਇਸ ਵਿੱਚ ਹਲ ਚਲਾ ਦੇਣਾ ਚਾਹੀਦਾ ਹੈ। ਵਹਾਈ ਕਰਨ ਨਾਲ ਨਦੀਨਾਂ ਦੀ ਰੋਕਥਾਮ ਹੁੰਦੀ ਹੈ ਤੇ ਹਾਨੀਕਾਰਕ ਕੀੜੇ ਵੀ ਨਸ਼ਟ ਹੋ ਜਾਂਦੇ ਹਨ। ਇਸ ਮਹੀਨੇ ਕਿੰਨੂੰ ਤਿਆਰ ਹੋ ਜਾਂਦਾ ਹੈ। ਪੰਜਾਬ ਵਿਚ ਕਿੰਨੂੰ ਹੇਠ ਹੀ ਸਭ ਤੋਂ ਵੱਧ ਰਕਬਾ ਹੈ। ਅਕਾਰ ਅਨੁਸਾਰ ਇਨ੍ਹਾਂ ਨੂੰ ਡੱਬਿਆਂ ਵਿਚ ਬੰਦ ਕੀਤਾ ਜਾਵੇ। ਕਿੰਨੂੰ ਤੋੜਨ ਸਮੇਂ ਵੀ ਧਿਆਨ ਰੱਖਣਾ ਚਾਹੀਦਾ ਹੈ। ਇਸ ਨੂੰ ਕਟਰ ਨਾਲ ਕੱਟਿਆ ਜਾਵੇ।
ਹੁਣ ਠੰਢ ਹੋਣ ਲੱਗ ਪਈ ਹੈ। ਡੰਗਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਧੁੱਪ ਵਿੱਚ ਬੰਨ੍ਹੋ। ਰਾਤ ਨੂੰ ਝੁੱਲ ਪਾਵੋ ਅਤੇ ਅੰਦਰ ਬੰਨ੍ਹੋ। ਉਨ੍ਹਾਂ ਹੇਠਾਂ ਸੁੱਕ ਪਾਵੋ। ਨਵੇਂ ਜੰਮੇ ਕੱਟੜੂ-ਵੱਛੜੂ ਠੰਢ ਵਿੱਚ ਜਲਦੀ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ। ਡੰਗਰਾਂ ਨੂੰ ਮਲ੍ਹੱਪ ਰਹਿਤ ਵੀ ਕਰ ਦੇਣਾ ਚਾਹੀਦਾ ਹੈ। ਸਰਦੀ ਵਿਚ ਖੁਸ਼ਕੀ ਵਧ ਜਾਂਦੀ ਹੈ, ਫਟੇ ਹੋਏ ਜਾਂ ਜ਼ਖ਼ਮੀ ਥਣਾਂ ਨੂੰ ਗਲਿਸਰੀਨ ਅਤੇ ਆਇਓਡੀਨ (1:4) ਦੇ ਘੋਲ ਵਿਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ। ਨਿਰੋਲ ਹਰਾ-ਚਾਰਾ ਵੀ ਨਾ ਪਾਇਆ ਜਾਵੇ ਸਗੋਂ ਇਸ ਵਿੱਚ ਤੂੜੀ ਵਿੱਚ ਰਲਾ ਕੇ ਪਾਉਣਾ ਚਾਹੀਦਾ ਹੈ। ਮੁਰਗੀਆਂ ਦੇ ਸ਼ੈੱਡਾਂ ਨੂੰ ਪੱਲੀਆਂ ਨਾਲ ਢਕ ਦੇਣਾ ਚਾਹੀਦਾ ਹੈ। ਚੂਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਹੁਣ ਗੰਨੇ ਦੀ ਕਟਾਈ ਪੂਰੇ ਜ਼ੋਰ ਨਾਲ ਚੱਲ ਰਹੀ ਹੈ। ਅਗੇਤੀਆਂ ਕਿਸਮਾਂ ਦੀ ਕਟਾਈ ਇਸ ਮਹੀਨੇ ਪੂਰੀ ਕਰ ਲੈਣੀ ਚਾਹੀਦੀ ਹੈ। ਜੇ ਮੋਢੀ ਫ਼ਸਲ ਰੱਖਣੀ ਹੈ ਤਾਂ ਕਟਾਈ ਅਗਲੇ ਮਹੀਨੇ ਕੀਤੀ ਜਾਵੇ। ਮੋਢੀ ਫਸਲ ਰੱਖਣ ਲਈ ਗੰਨੇ ਦੀ ਕਟਾਈ ਪਿੱਛੋਂ ਖੇਤ ਵਿੱਚੋਂ ਖੋਰੀ ਕੱਢ ਕੇ ਪਾਣੀ ਲਗਾ ਦੇਵੋ। ਵੱਤਰ ਆਉਣ ਉੱਤੇ ਇੱਕ ਗੋਡੀ ਕਰੋ। ਫ਼ਸਲ ਦੀ ਕਟਾਈ ਧਰਤੀ ਦੇ ਬਿਲਕੁਲ ਨਾਲ ਕਰੋ। ਜੇ ਗੋਡੀ ਨਾ ਹੋ ਸਕੇ ਤਾਂ ਟਿੱਲਰ ਨਾਲ ਵਹਾਈ ਕਰ ਦੇਵੋ।
ਜੇਕਰ ਖੰਡ ਮਿਲ ਉੱਤੇ ਗੰਨਾ ਵੇਚਣ ਵਿੱਚ ਦਿੱਕਤ ਹੋ ਰਹੀ ਹੈ ਤਾਂ ਗੁੜ ਤੇ ਸ਼ੱਕਰ ਬਣਾਏ ਜਾ ਸਕਦੇ ਹਨ। ਗੁੜ ਵਿੱਚ ਕੈਲਸ਼ੀਅਮ, ਲੋਹਾ, ਫ਼ਾਸਫ਼ੋਰਸ ਆਦਿ ਹੁੰਦੇ ਹਨ। ਵਧੀਆ ਵੇਲਣਾ ਲਗਾਵੋ ਤਾਂ ਜੋ ਪੂਰਾ ਰਸ ਕੱਢਿਆ ਜਾ ਸਕੇ। ਕੜ੍ਹਦੇ ਰਸ ਦੀ ਸਫ਼ਾਈ ਲਈ ਸੋਢੇ ਦੀ ਥਾਂ ਸੁਖਲਾਈ ਨਾਮਕ ਬੂਟੀ ਵਰਤੀ ਜਾ ਸਕਦੀ ਹੈ। ਇਹ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਪਹਾੜੀਆਂ ਵਿੱਚੋਂ ਪ੍ਰਾਪਤ ਹੋ ਜਾਂਦੀ ਹੈ। ਸੁਖਲਾਈ ਦੇ ਛਿਲਕੇ ਨੂੰ 24 ਘੰਟੇ ਭਿਉ ਕੇ ਰੱਖੋ। ਇਸ ਨੂੰ ਮਲ ਕੇ ਗਾੜ੍ਹਾ ਘੋਲ ਬਣਾ ਲਵੋ। ਇਕ ਲਿਟਰ ਘੋਲ ਨਾਲ 100 ਲਿਟਰ ਰਸ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਗੁੜ ਵਿਚ ਖੁਸ਼ਕ ਮੇਵੇ ਪਾ ਕੇ ਇਸ ਨੂੰ ਮਠਿਆਈ ਦੇ ਰੂਪ ਵਿੱਚ ਵੀ ਵੇਚਿਆ ਜਾ ਸਕਦਾ ਹੈ।
ਜੇ ਬਾਗ਼ ਲਗਾਉਣਾ ਹੈ ਤਾਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਵਾਉ ਅਤੇ ਇਲਾਕੇ ਨੂੰ ਢੁਕਵੇਂ ਫ਼ਲਾਂ ਦੀ ਚੋਣ ਕਰੋ। ਬੂਟੇ ਹਮੇਸ਼ਾਂ ਸਿਫ਼ਾਰਸ਼ ਕੀਤੀ ਕਿਸਮ, ਸਹੀ ਉਮਰ ਅਤੇ ਸਿਹਤਮੰਦ ਹੋਣੇ ਚਾਹੀਦੇ ਹਨ। ਪੰਜਾਬ ਵਿਚ ਨਾਸ਼ਪਾਤੀ, ਆੜੂ, ਅੰਗੂਰ, ਅਲੂਚਾ ਪਤਝੜੀ ਫ਼ਲਾਂ ਨੂੰ ਲਗਾਇਆ ਜਾ ਸਕਦਾ ਹੈ। ਪੱਥਰ ਨਾਖ ਤੇ ਪੰਜਾਬ ਨਾਖ ਸਖ਼ਤ ਨਾਖਾਂ ਦੀਆਂ ਕਿਸਮਾਂ ਹਨ ਜਦੋਂਕਿ ਪੰਜਾਬ ਗੋਲਡ, ਪੰਜਾਬ ਨੈਕਟਰ, ਪੰਜਾਬ ਬਿਊਟੀ, ਬਗੂਗੋਸ਼ਾ, ਪੰਜਾਬ ਸੌਫ਼ਟ ਨਰਮ ਨਾਖਾਂ ਦੀਆਂ ਕਿਸਮਾਂ ਹਨ। ਪ੍ਰਤਾਪ, ਫ਼ਲੋਰੇਡਾ ਪ੍ਰਿੰਸ, ਸ਼ਾਨੇ ਪੰਜਾਬ, ਪ੍ਰਭਾਤ, ਸ਼ਰਬਤੀ ਅਤੇ ਅਰਲੀ ਗਰੈਂਚ ਆੜੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਅੰਗੂਰ ਸਾਰੇ ਪੰਜਾਬ ਵਿੱਚ ਹੀ ਹੋ ਸਕਦੇ ਹਨ। ਇਨ੍ਹਾਂ ਦੇ ਬੂਟੇ ਹੁਣ ਲਗਾ ਲੈਣੇ ਚਾਹੀਦੇ ਹਨ। ਸੁਪੀਰੀਅਰ ਸੀਡਲੈਸ, ਪੰਜਾਬ ਪਰਪਲ, ਫਲੈਮ ਸੀਡਲੈਸ, ਬਿਊਟੀ ਸੀਡਲੈਸ ਤੇ ਪਰਲਿਟ ਕਿਸਮਾਂ ਦੇ ਬੂਟੇ ਲਗਾਉਣੇ ਚਾਹੀਦੇ ਹਨ। ਅੰਜੀਰ ਅਤੇ ਅਲੂਚਾ ਦੇ ਫ਼ਲ ਵੀ ਪੰਜਾਬ ਵਿੱਚ ਹੋ ਸਕਦੇ ਹਨ। ਅੰਜੀਰ ਦੀ ਬਰਾਊਨ ਟਰਕੀ ਤੇ ਬਲੈਕ ਫਿੱਗ-1 ਕਿਸਮ ਅਤੇ ਅਲੂਚੇ ਦੀਆਂ ਸਤਲੁਜ ਪਰਪਲ ਤੇ ਕਾਲਾ ਅੰਮ੍ਰਿਤਸਰੀ ਕਿਸਮਾਂ ਲਗਾਉਣੀਆਂ ਚਾਹੀਦੀਆਂ ਹਨ। ਜੇ ਵੱਡੀ ਪੱਧਰ ਉੱਤੇ ਨਹੀਂ ਤਾਂ ਘਰ ਬਗੀਚੀ ਵਿੱਚ ਦੋ ਤਿੰਨ ਪਤਝੜੀ ਬੂਟੇ ਜ਼ਰੂਰ ਲਗਾਵੋ। ਸਬਜ਼ੀਆਂ ਦੀ ਬੀਜੀ ਪਨੀਰੀ ਨੂੰ ਹੁਣ ਠੰਢ ਤੋਂ ਬਚਾਉਣ ਲਈ ਪਰਾਲੀ ਜਾਂ ਸਰਕੰਡੇ ਦੀਆਂ ਛਤਰੀਆਂ ਨਾਲ ਢਕ ਦੇਣਾ ਚਾਹੀਦਾ ਹੈ।
ਇਸ ਵਾਰ ਦੋ ਜਾਂ ਤਿੰਨ ਫ਼ਲਦਾਰ ਬੂਟੇ ਜ਼ਰੂਰ ਲਗਾਵੋ, ਘਰ ਦੇ ਤਾਜ਼ੇ ਫਲ ਖਾਵੋ ਅਤੇ ਆਪਣੀ ਸਿਹਤ ਬਣਾਵੋ। ਪੰਜਾਬੀ ਵੀ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਹਨ। ਘਰ ਦੀਆਂ ਸਬਜ਼ੀਆਂ ਅਤੇ ਫ਼ਲਾਂ ਨਾਲ ਸੰਤੁਲਿਤ ਭੋਜਨ ਖਾਈਏ, ਰੋਗ ਦੂਰ ਭਜਾਈਏ।