ਅਮਰੀਕੀ ਨਾਗਰਿਕਤਾ ਟੈਸਟ ਵਿੱਚ ਫੇਰਬਦਲ ਦੀ ਤਿਆਰੀ
ਸੇਂਟ ਪੌਲ (ਅਮਰੀਕਾ), 5 ਜੁਲਾਈ
ਬਾਇਡਨ ਪ੍ਰਸ਼ਾਸਨ ਵੱਲੋਂ ਅਮਰੀਕੀ ਨਾਗਰਿਕਤਾ ਟੈਸਟ ਵਿੱਚ ਫੇਰਬਦਲ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁਝ ਪਰਵਾਸੀ ਤੇ ਵਕੀਲ ਫਿਕਰਮੰਦ ਹਨ ਕਿ ਇਨ੍ਹਾਂ ਬਦਲਾਵਾਂ ਦਾ ਪ੍ਰੀਖਿਆ ਦੇਣ ਦੇ ਉਨ੍ਹਾਂ ਚਾਹਵਾਨਾਂ ’ਤੇ ਅਸਰ ਪਏਗਾ ਜਿਨ੍ਹਾਂ ਦਾ ਅੰਗਰੇਜ਼ੀ ’ਚ ਹੱਥ ਥੋੜ੍ਹਾ ਤੰਗ ਹੈ। ਦੱਸ ਦੇਈਏ ਕਿ ਅਮਰੀਕੀ ਨਾਗਰਿਕਤਾ ਲੈਣ ਲਈ ਨੈਚੁਰਲਾਈਜ਼ੇਸ਼ਨ ਟੈਸਟ ਅੰਤਿਮ ਪੜਾਵਾਂ ’ਚੋਂ ਇਕ ਹੈ। ਕਈ ਮਹੀਨਿਆਂ ਤੱਕ ਚੱਲਣ ਵਾਲੇ ਇਸ ਅਮਲ ਲਈ ਅਪਲਾਈ ਕਰਨ ਵਾਸਤੇ ਸਬੰਧਤ ਵਿਅਕਤੀ ਕੋਲ ਲੀਗਲ ਪੀਆਰ (ਸਥਾਈ ਨਾਗਰਿਕਤਾ) ਹੋਣਾ ਜ਼ਰੂਰੀ ਹੈ। ਸਾਬਕਾ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਲ 2020 ਵਿੱਚ ਨਾਗਰਿਕਤਾ ਟੈਸਟ ਵਿੱਚ ਫੇਰਬਦਲ ਕਰਦਿਆਂ ਇਸ ਅਮਲ ਨੂੰ ਵਧੇਰੇ ਲੰਮਾ ਤੇ ਪਾਸ ਕਰਨ ਲਈ ਵਧੇਰੇ ਮੁਸ਼ਕਲ ਬਣਾ ਦਿੱਤਾ ਸੀ। ਡੈਮੋਕਰੈਟ ਰਾਸ਼ਟਰਪਤੀ ਜੋਅ ਬਾੲਿਡਨ ਦੇ ਅਹੁਦਾ ਸੰਭਾਲਣ ਦੇ ਕੁਝ ਮਹੀਨਿਆਂ ਅੰਦਰ ਇਕ ਸਰਕਾਰੀ ਹੁਕਮ ਪਾਸ ਕੀਤਾ ਗਿਆ, ਜੋ ਨਾਗਰਿਕਤਾ ਦੇ ਰਾਹ ਵਿਚਲੇ ਅੜਿੱਕਿਅਾਂ ਨੂੰ ਖ਼ਤਮ ਕਰਨ ਵੱਲ ਸੇਧਤ ਸੀ। ਹੁਕਮਾਂ ਮੁਤਾਬਕ ਟਰੰਪ ਪ੍ਰਸ਼ਾਸਨ ਵੱਲੋਂ ਨਾਗਰਿਕਤਾ ਟੈਸਟ ਵਿੱਚ ਕੀਤੇ ਗਏ ਫੇਰਬਦਲ ਨੂੰ ਖ਼ਤਮ ਕਰਕੇ ਇਸ ਨੂੰ ਪੁਰਾਣੇ ਸੰਸਕਰਨ ਵਾਲਾ ਰੂਪ ਦੇ ਦਿੱਤਾ ਗਿਆ। ਨਾਗਰਿਕਤਾ ਟੈਸਟ ਆਖਰੀ ਵਾਰੀ ਸਾਲ 2008 ਵਿੱਚ ਨਵਿਆਇਆ ਗਿਆ ਸੀ। ਅਮਰੀਕੀ ਅਥਾਰਿਟੀਜ਼ ਨੇ ਦਸੰਬਰ ਵਿੱਚ ਕਿਹਾ ਸੀ ਕਿ 15 ਸਾਲਾਂ ਦੇ ਅਰਸੇ ਮਗਰੋਂ ਟੈਸਟ ਨੂੰ ਨਵਿਆਉਣ ਦੀ ਲੋੜ ਪੈਂਦੀ ਹੈ। ਟੈਸਟ ਦਾ ਨਵਾਂ ਸੰਸਕਰਨ ਅਗਲੇ ਸਾਲ ਦੇ ਅਖੀਰ ’ਚ ਆਉਣ ਦੀ ਉਮੀਦ ਹੈ। -ਪੀਟੀਆਈ