ਹਥਿਆਰਬੰਦ ਬਲਾਂ ਲਈ ਥੀਏਟਰ ਕਮਾਂਡ ਦਾ ਖ਼ਾਕਾ ਤਿਆਰ
ਅਜੈ ਬੈਨਰਜੀ
ਨਵੀਂ ਦਿੱਲੀ, 28 ਅਗਸਤ
ਹਥਿਆਰਬੰਦ ਬਲਾਂ ਲਈ ਤਜਵੀਜ਼ਤ ਥੀਏਟਰ ਕਮਾਂਡ ਦਾ ਖਾਕਾ ਤਿਆਰ ਹੈ ਅਤੇ ਇਹ ਸਤੰਬਰ ਦੇ ਪਹਿਲੇ ਹਫ਼ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਸਾਂਝਾ ਕੀਤਾ ਜਾਵੇਗਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰੱਖਿਆ ਮੰਤਰੀ ਅਗਲੇ ਹਫ਼ਤੇ ਲਖਨਊ ਵਿੱਚ ਸੰਯੁਕਤ ਕਮਾਂਡਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਨਗੇ, ਜਿਸ ਵਿੱਚ ਚੀਫ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਅਤੇ ਤਿੰਨੋਂ ਸੈਨਾਵਾਂ (ਜਲ, ਥਲ ਤੇ ਹਵਾਈ ਸੈਨਾ) ਦੇ ਮੁਖੀਆਂ ਸਣੇ ਸਾਰੇ ਕਮਾਂਡਰ ਮੌਜੂਦ ਹੋਣਗੇ। ਰੱਖਿਆ ਮੰਤਰੀ ਨੂੰ ਯੋਜਨਾਬੱਧ ਏਕੀਕਰਨ ਦੇ ਸੰਚਾਲਨ ਸਬੰਧੀ ਪਹਿਲੂਆਂ ਬਾਰੇ ਵਿਸਥਾਰ ’ਚ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਵਿੱਚ ਇਹ ਵੀ ਸ਼ਾਮਲ ਹੋਵੇਗਾ ਕਿ ਏਕੀਕ੍ਰਿਤ ਕਮਾਂਡ (ਥੀਏਟਰ ਕਮਾਂਡ) ਸ਼ਾਂਤੀ ਤੇ ਸੰਘਰਸ਼ ਦੌਰਾਨ ਕਿਸ ਤਰ੍ਹਾਂ ਕੰਮ ਕਰੇਗੀ ਅਤੇ ਜੰਗ ਲਈ ਤਿਆਰ ਬਰ ਤਿਆਰ ਰਹੇਗੀ। ਸੀਡੀਐੱਸ ਦਾ ਅਹੁਦਾ 2019 ’ਚ ਸਿਰਜਿਆ ਗਿਆ ਸੀ ਜਿਸ ਕੋਲ ‘ਸਾਂਝੇਦਾਰੀ ਅਤੇ ਏਕੀਕਰਨ’ ਨੂੰ ਉਤਸ਼ਾਹਿਤ ਕਰਨ ਅਤੇ ਸਾਂਝੇ ਸੰਚਾਲਨ ਨੂੰ ਸਮਰੱਥ ਬਣਾਉਣ ਲਈ ਤਿੰਨਾਂ ਸੈਨਾਵਾਂ ਦੇ ਢਾਂਚਿਆਂ ’ਚ ਸੋਧ ਕਰਨ ਦਾ ਜ਼ਿੰਮਾ ਹੈ। ਇਸ (ਥੀਏਟਰ ਕਮਾਂਡ) ਨੂੰ ਦੇਸ਼ ਦੇ ਜੰਗੀ ਢਾਂਚੇ ਦੇ ਸਰੂਪ ਅਤੇ ਆਕਾਰ ’ਚ ਸਭ ਤੋਂ ਵੱਡੀ ਤਬਦੀਲੀ ਵਜੋਂ ਦੇਖਿਆ ਜਾਂਦਾ ਹੈ। ਇਸ ਵਿੱਚ ਤਿੰਨਾਂ ਹਥਿਆਰਬੰਦ ਬਲਾਂ ਦੇ ਜਵਾਨਾਂ ਤੇ ਅਧਿਕਾਰੀਆਂ ਦੀ ਅਗਵਾਈ ਲਈ ਇੱਕ ਹੀ ਕਮਾਂਡਰ ਹੋਣ ਦੀ ਤਜਵੀਜ਼ ਵੀ ਸ਼ਾਮਲ ਹੈ। ਲੰਘੇ ਵਰ੍ਹੇ ਸਤੰਬਰ ਮਹੀਨੇ ਪਹਿਲਾਂ ਦਿੱਤੇ ਸੁਝਾਵਾਂ ’ਚ ਬਦਲਾਅ ਕਰਨ ਲਈ ਕਿਹਾ ਗਿਆ ਸੀ। ਚੀਫ ਆਫ ਡਿਫੈਂਸ ਸਟਾਫ ਨੇ ਮੁੜ ਸੁਝਾਅ ਮੰਗੇ ਸਨ, ਜਿਨ੍ਹਾਂ ਨੂੰ ਇਕੱਠਾ ਕਰਕੇ ਰਾਜਨਾਥ ਸਿੰਘ ਕੋਲ ਪੇਸ਼ ਕੀਤੇ ਜਾਣ ਵਾਲੇ ਖਰੜੇ ਵਜੋਂ ਤਿਆਰ ਕੀਤਾ ਗਿਆ ਹੈ। ਪਿਛਲੇ ਸਾਲ ਸਤੰਬਰ ਤੋਂ ਲੈ ਕੇ ਮਿਲਟਰੀ ਮਾਮਲਿਆਂ ਦੇ ਵਿਭਾਗ (ਡੀਐੱਮਏ) ਵੱਲੋਂ ਸੁਮੇਲਾਂ ਤੇ ਤਬਦੀਲੀਆਂ ਦੇ ਸੈੱਟ ਦਾ ਅਧਿਐਨ ਕੀਤਾ ਗਿਆ ਹੈ। ਡੀਐੱਮਏ ਦੇ ਮੁਖੀ ਵੀ ਸੀਡੀਐੱਸ ਹਨ। ਨਵੇਂ ਸੁਝਾਵਾਂ ’ਚ ਤਜਵੀਜ਼ਤ ਥੀਏਟਰ ਕਮਾਂਡ ਦੀਆਂ ਹੱਦਾਂ ਲਈ ਇੱਕ ਨਵੀਂ ਭੂਗੋਲਿਕ ਤੇ ਸੰਚਾਲਨ ਪਰਿਭਾਸ਼ਾ ਸ਼ਾਮਲ ਹੈ। ਹਥਿਆਰਬੰਦ ਬਲਾਂ ਦੀ ਮੌਜੂਦਾ ਸਾਜ਼ੋ-ਸਮਾਨ, ਸਾਂਭ-ਸੰਭਾਲ, ਟਰੇਨਿੰਗ ਅਤੇ ਸਪਲਾਈ ਲਾਈਨਾਂ ਦੇ ਏਕੀਕਰਨ ਦੇ ਫਾਰਮੂਲੇ ’ਤੇ ਵੀ ਕੰਮ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਡੀਐੱਮਏ ਮੂਲ ਤੌਰ ’ਤੇ ਤਿੰਨ ਅਜਿਹੀਆਂ ਥੀਏਟਰ ਕਮਾਡਾਂ ਰੱਖਣ ’ਤੇ ਸਹਿਮਤ ਹੋਇਆ ਸੀ, ਜਿਸ ਵਿੱਚ ਦੋ ਉੱਤਰੀ ਤੇ ਪੱਛਮੀ ਮੁਹਾਜ਼ ਲਈ ਅਤੇ ਤੀਜੀ ਸਮੁੰਦਰੀ ਖੇਤਰ ਲਈ ਹੈ। ਹਥਿਆਰਬੰਦ ਫੌਜਾਂ ਅਤੇ ਡੀਐੱਮਏ ਨੇ ਅਜਿਹੇ ਹੋਰ ਉਦੇਸ਼ਾਂ ਦਾ ਸੁਝਾਅ ਵੀ ਦਿੱਤਾ ਹੈ। ਇੱਕ ਵਾਰ ਢਾਂਚੇ ਦਾ ਖਾਕਾ ਤਿਆਰ ਹੋਣ ਅਤੇ ਫਿਰ ਸਰਕਾਰ ਵੱਲੋਂ ਇਸ ਦੀ ਮਨਜ਼ੂਰੀ ਦਿੱਤੇ ਜਾਣ ’ਤੇ ਥੀਏਟਰ ਕਮਾਨ ਨੂੰ ਸਰੋਤਾਂ, ਅਸਾਸੇ ਅਤੇ ਮਨੁੱਖੀ ਬਲ ਦੀ ਵੰਡ ਕੀਤੀ ਜਾਵੇਗੀ। ਮੌਜੂਦਾ ਸਮੇਂ ਫੌਜ, ਹਵਾਈ ਸੈਨਾ ਤੇ ਜਲ ਸੈਨਾ ਕੋਲ ਵੱਖੋ-ਵੱਖ ਜੰਗੀ ਸਾਜ਼ੋ-ਸਾਮਾਨ ਅਤੇ ਰਣਨੀਤੀ ਹੈ।