ਪੁਲੀਸ ਜ਼ਿਲ੍ਹਾ ਡੱਬਵਾਲੀ ਦੇ ਰਸਮੀ ਆਗਾਜ਼ ਲਈ ਤਿਆਰੀਆਂ ਸ਼ੁਰੂ
ਇਕਬਾਲ ਸਿੰਘ ਸਾਂਤ
ਡੱਬਵਾਲੀ, 27 ਜੁਲਾਈ
ਹਰਿਆਣਾ ਸਰਕਾਰ ਵੱਲੋਂ ਨਵੇਂ ਐਲਾਨੇ ਪੁਲੀਸ ਜ਼ਿਲ੍ਹਾ ਡੱਬਵਾਲੀ ਨੂੰ ਰਸਮੀ ਤੌਰ ’ਤੇ ਸ਼ੁਰੂ ਕਰਨ ਲਈ ਪ੍ਰਸ਼ਾਸਨਿਕ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ। ਹਿਸਾਰ ਮੰਡਲ ਦੇ ਏਡੀਜੀਪੀ ਸ੍ਰੀਕਾਂਤ ਯਾਦਵ ਨੇ ਇਸੇ ਸਬੰਧ ਵਿੱਚ ਅੱਜ ਡੱਬਵਾਲੀ ਸ਼ਹਿਰ ਵਿੱਚ ਐੱਸਪੀ ਦਫ਼ਤਰ ਅਤੇ ਪੁਲੀਸ ਲਾਈਨ ਲਈ ਸੰਭਾਵਤ ਥਾਵਾਂ ਦਾ ਦੌਰਾ ਕੀਤਾ। ਇਸ ਮੌਕੇ ਸਿਰਸਾ ਦੇ ਐੱਸਪੀ ਉਦੈ ਸਿੰਘ ਮੀਨਾ, ਸਹਾਇਕ ਪੁਲੀਸ ਸੁਪਰਡੈਂਟ ਦੀਪਤੀ ਗਰਗ, ਡੀਐੱਸਪੀ ਰਾਜਿੰਦਰ ਕੁਮਾਰ, ਨਾਇਬ ਤਹਿਸੀਲਦਾਰ ਓਮਬੀਰ ਸਿੰਘ, ਸਿਟੀ ਥਾਣਾ ਦੇ ਮੁਖੀ ਸੈਲੇਂਦਰ ਕੁਮਾਰ ਅਤੇ ਬੀਡੀਪੀਓ ਸੰਦੀਪ ਕੁਮਾਰ ਮੌਜੂਦ ਸਨ। ਏਡੀਜੀਪੀ ਨੇ ਡੱਬਵਾਲੀ ਵਿੱਚ ਐੱਸਪੀ ਦਫ਼ਤਰ ਲਈ ਪੰਚਾਇਤ ਸਮਿਤੀ-ਕਮ-ਬੀਡੀਪੀਓ ਦਫਤਰ, ਚੌਟਾਲਾ ਰੋਡ ’ਤੇ ਸਥਿਤ ਬਿਸ਼ਨੋਈ ਧਰਮਸ਼ਾਲਾ, ਪੁਰਾਣਾ ਸਦਰ ਥਾਣਾ, ਮਹਿਲਾ ਥਾਣਾ ਡੱਬਵਾਲੀ ਦਾ ਦੌਰਾ ਕੀਤਾ। ਸ੍ਰੀ ਯਾਦਵ ਨੇ ਪੁਲੀਸ ਲਾਈਨ ਲਈ ਪਿੰਡ ਸ਼ੇਰਗੜ੍ਹ ਨੇੜੇ ਨੈਸ਼ਨਲ ਹਾਈਵੇਅ ’ਤੇ ਸਥਿਤ 309 ਕਨਾਲ 14 ਮਰਲੇ (ਕਰੀਬ 38.5 ਏਕੜ) ਸਰਕਾਰੀ ਜ਼ਮੀਨ ਦਾ ਨਿਰੀਖਣ ਕੀਤਾ। ਇਹ ਜ਼ਮੀਨ ਇਸ ਸਮੇਂ ਨਵੋਦਿਆ ਵਿਦਿਆਲਿਆ ਸਮਿਤੀ, ਜੈਪੁਰ ਦੇ ਨਾਂ ’ਤੇ ਹੈ। ਦੂਜੇ ਪਾਸੇ ਐੱਸਪੀ ਦਫ਼ਤਰ ਲਈ ਗੋਲ ਚੌਕ ’ਤੇ ਸਥਿਤ ਪੰਚਾਇਤ ਸਮਿਤੀ ਡੱਬਵਾਲੀ-ਕਮ-ਬੀਡੀਪੀਓ ਦਫਤਰ ਕੰਪਲੈਕਸ ਲਈ ਪ੍ਰਸ਼ਾਸਨ ਦੀ ਪਹਿਲੀ ਪਸੰਦ ਹੈ। ਇਸ ਦੀ ਮਲਕੀਅਤ ਪੰਚਾਇਤ ਸਮਿਤੀ ਦੇ ਨਾਂ ’ਤੇ ਹੈ।
ਉਨ੍ਹਾਂ ਕਿਹਾ ਕਿ ਐਸ.ਪੀ. ਦਫ਼ਤਰ ਅਜਿਹੇ ਸਥਾਨ ‘ਤੇ ਬਣਾਇਆ ਜਾਵੇਗਾ, ਜਿੱਥੇ ਲੋਕਾਂ ਦੀ ਪਹੁੰਚ ਆਸਾਨੀ ਨਾਲ ਹੋ ਸਕੇ। ਇਸ ਸਬੰਧੀ ਰਿਪੋਰਟ ਜਲਦੀ ਸਰਕਾਰ ਨੂੰ ਭੇਜੀ ਜਾਵੇਗੀ। ਨਵੇਂ ਪੁਲੀਸ ਜ਼ਿਲ੍ਹਾ ਡੱਬਵਾਲੀ ਦੀ ਰਸਮੀ ਸ਼ੁਰੂਆਤ ਬਾਰੇ ਪੁੱਛੇ ਜਾਣ ’ਤੇ ਏਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਉਪਰੰਤ ਡੱਬਵਾਲੀ ਪੁਲੀਸ ਜ਼ਿਲ੍ਹਾ ਬਣ ਗਿਆ ਹੈ, ਹੁਣ ਸਿਰਫ ਐੱਸਪੀ ਦੀ ਨਿਯੁਕਤੀ ਅਤੇ ਹੋਰ ਲੋੜੀਂਦੀ ਪ੍ਰਕਿਰਿਆ ਬਾਕੀ ਹੈ। ਉਨ੍ਹਾਂ ਕਿਹਾ ਕਿ ਡੱਬਵਾਲੀ ਪੁਲੀਸ ਜ਼ਿਲ੍ਹਾ ਬਣਨ ਨਾਲ ਪੰਜਾਬ ਤੇ ਰਾਜਸਥਾਨ ਦੀਆਂ ਸਰਹੱਦਾਂ ’ਤੇ ਪੁਲੀਸ ਸਖਤ ਨਾਕਾਬੰਦੀ ਕਰੇਗੀ ਜਿਸ ਨਾਲ ਨਸ਼ਾ ਤਸਕਰੀ ਅਤੇ ਅਪਰਾਧਕ ਘਟਨਾਵਾਂ ’ਤੇ ਕਾਬੂ ਪਾਇਆ ਜਾ ਸਕੇਗਾ।
ਐੱਸਪੀ ਦਫ਼ਤਰ ਖਾਤਰ ਆਪਣਾ ਥਾਂ ਨਾ ਦੇਣ ਲਈ ਅੜੀ ਪੰਚਾਇਤ ਸਮਿਤੀ
ਡੱਬਵਾਲੀ (ਪੱਤਰ ਪ੍ਰੇਰਕ): ਪੰਚਾਇਤ ਸੰਮਤੀ ਡੱਬਵਾਲੀ ਦੇ ਮੈਂਬਰ ਨਵੇਂ ਪੁਲੀਸ ਜ਼ਿਲ੍ਹੇ ਲਈ ਐੱਸਪੀ ਦਫ਼ਤਰ ਲਈ ਸਮਿਤੀ ਕੰਪਲੈਕਸ ਨਾ ਦੇਣ ’ਤੇ ਅੜ ਗਏ। ਉਨ੍ਹਾਂ ਪੰਚਾਇਤ ਸਮਿਤੀ ਕੰਪਲੈਕਸ ਨੂੰ ਐੱਸਪੀ ਦਫ਼ਤਰ ਲਈ ਨਾ ਦਿੱਤੇ ਜਾਣ ਦਾ ਮਤਾ ਪਾਸ ਕਰ ਦਿੱਤਾ। ਅੱਜ ਏਡੀਜੀਪੀ ਸ੍ਰੀਕਾਂਤ ਯਾਦਵ ਦੇ ਪੰਚਾਇਤ ਸਮਿਤੀ ਕੰਪਲੈਕਸ ਦੇ ਦੌਰੇ ਮੌਕੇ ਮਾਹੌਲ ਗਰਮਾ ਗਿਆ। ਪੰਚਾਇਤ ਸਮਿਤੀ ਮੈਂਬਰਾਂ ਨੇ ਏਡੀਜੀਪੀ ਨੂੰ ਮਿਲ ਕੇ ਕੰਪਲੈਕਸ ਨੂੰ ਐੱਸਪੀ ਦਫਤਰ ਬਣਾਉਣ ’ਤੇ ਇਤਰਾਜ਼ ਪ੍ਰਗਟਾਇਆ। ਏਡੀਜੀਪੀ ਦੇ ਖਫ਼ਾ ਹੋਣ ’ਤੇ ਪੁਲੀਸ ਅਧਿਕਾਰੀਆਂ ਨੇ ਸਮਿਤੀ ਮੈਂਬਰਾਂ ਨੂੰ ਉੱਥੋਂ ਜਾਣ ਲਈ ਆਖ ਦਿੱਤਾ। ਸਮਿਤੀ ਮੈਂਬਰ ਭੋਜਰਾਜ ਤੇ ਹੋਰਨਾਂ ਨੇ ਕਿਹਾ ਕਿ ਉਹ ਸਮਿਤੀ ਮੀਟਿੰਗ ‘ਚ ਹਿੱਸਾ ਲੈਣ ਪੁੱਜੇ ਹਨ। ਦੀਪਾ ਸਿੰਘ ਗੰਗਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਏਡੀਜੀਪੀ ਨੂੰ ਕਿਹਾ ਕਿ ਤਹਿਸੀਲ ਕੰਪਲੈਕਸ ਵਿੱਚ ਸਥਿਤ ਖਜ਼ਾਨਾ ਦਫਤਰ ਕੰਪਲੈਕਸ ਐੱਸਪੀ ਦੇ ਦਫਤਰ ਲਈ ਚੰਗੀ ਜਗ੍ਹਾ ਹੈ ਤਾਂ ਉਸ ਨੂੰ ਕਿਹਾ ਗਿਆ ਕਿ ਜੇ ਉਹ ਚੰਗੀ ਥਾਂ ਹੈ ਤਾਂ ਤੁਸੀਂ ਆਪਣਾ ਦਫ਼ਤਰ ਲੈ ਜਾਵੋ। ਚੇਅਰਪਰਸਨ ਸ਼ਕੀਲਾ ਨੇ ਦੱਸਿਆ ਕਿ ਉਹ 21 ਮੈਂਬਰਾਂ ਵੱਲੋਂ ਪਾਸ ਕੀਤੇ ਮਤੇ ਨੂੰ ਡਿਪਟੀ ਕਮਿਸਨਰ ਨੂੰ ਪੇਸ਼ ਕਰਨ ਲਈ ਸਿਰਸਾ ਜਾ ਰਹੀ ਹੈ। ਦਫ਼ਤਰ ਖੁੱਸਣ ਨਾਲ ਪੇਂਡੂ ਵਿਕਾਸ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸਮਿਤੀ ਦਫਤਰ ਬਚਾਉਣ ਲਈ ਅਦਾਲਤ ਵਿੱਚ ਜਾਣੋਂ ਗੁਰੇਜ ਨਹੀਂ ਕੀਤਾ ਜਾਵੇਗਾ।