For the best experience, open
https://m.punjabitribuneonline.com
on your mobile browser.
Advertisement

ਟਰੈਕਟਰ ਮਾਰਚ ਦੀ ਤਿਆਰੀ ਜੰਗੀ ਪੱਧਰ ’ਤੇ ਜਾਰੀ

07:05 AM Jan 22, 2024 IST
ਟਰੈਕਟਰ ਮਾਰਚ ਦੀ ਤਿਆਰੀ ਜੰਗੀ ਪੱਧਰ ’ਤੇ ਜਾਰੀ
ਪਿੰਡ ਸ਼ੇਖ ਦੌਲਤ ਵਿੱਚ ਮੀਟਿੰਗ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਕਾਰਕੁਨ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਜਨਵਰੀ
ਦਿੱਲੀ ਦੀਆਂ ਬਰੂਹਾਂ ’ਤੇ ਇਕ ਸਾਲ ਤੱਕ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੀ ਯਾਦ 26 ਜਨਵਰੀ ਵਾਲਾ ਟਰੈਕਟਰ ਮਾਰਚ ਤਾਜ਼ਾ ਕਰਵਾਏਗਾ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਨੇ ਅੱਜ ਬਲਾਕ ਸਿੱਧਵਾਂ ਬੇਟ ਦੀ ਇਕੱਤਰਤਾ ਮੌਕੇ ਕੀਤਾ। ਟਰੈਕਟਰ ਮਾਰਚ ਦੀ ਤਿਆਰੀ ਲਈ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਕਈ ਦਿਨਾਂ ਤੋਂ ਲਾਮਬੰਦੀ ਕਰ ਰਹੀਆਂ ਹਨ। ਨੇੜਲੇ ਪਿੰਡ ਸ਼ੇਖਦੌਲਤ ਦੇ ਗੁਰਦੁਆਰਾ ਸਾਹਿਬ ’ਚ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਇੰਦਰਜੀਤ ਸਿੰਘ ਧਾਲੀਵਾਲ ਤੇ ਹੋਰਨਾਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਪੂਰਤੀ ਲਈ ਇਕ ਵੇਰ ਫਿਰ ਦਿੱਲੀ ਅੰਦੋਲਨ ਦੀ ਤਰਜ਼ ’ਤੇ ਫ਼ੈਸਲਾਕੁੰਨ ਸੰਘਰਸ਼ ਦੇ ਰਾਹ ਤੁਰਨਾ ਪਵੇਗਾ।
ਪ੍ਰਧਾਨ ਮੰਤਰੀ ਅਤੇ ਭਾਜਪਾ ਸੰਵਿਧਾਨਕ ਮਰਿਆਦਾ ਨੂੰ ਪੈਰਾਂ ਹੇਠ ਰੋਲ ਕੇ ਧਰਮ ਦੀ ਗੋਲੀ ਰਾਹੀਂ ਇਕ ਵਾਰ ਫਿਰ ਸੱਤਾ ’ਤੇ ਕਬਜ਼ਾ ਕਰਕੇ ਕਾਰਪੋਰੇਟਾਂ ਦੀ ਪੁਸ਼ਤਪਨਾਹੀ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਅਜਿਹੀ ਹਾਲਤ ’ਚ ਕਿਸਾਨੀ ਦੀਆਂ ਐਮਐਸਪੀ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਉਣ, ਨਵੀਂ ਖੇਤੀ ਨੀਤੀ ਬਨਵਾਉਣ, ਬਿਜਲੀ ਐਕਟ 2020 ਅਤੇ ਵਾਤਾਵਰਣ ਕਾਨੂੰਨ ਰੱਦ ਕਰਾਉਣ, ਫ਼ਸਲੀ ਬੀਮਾ ਸਕੀਮ ਲਾਗੂ ਕਰਾਉਣ, ਫ਼ਸਲਾਂ ਦੇ ਖਰਾਬੇ ਦਾ ਮੁਆਵਜ਼ਾ ਹਾਸਲ ਕਰਨ, ਸ਼ਹੀਦ ਕਿਸਾਨ ਪਰਿਵਾਰਾਂ ਲਈ ਮੁਆਵਜ਼ਾ ਤੇ ਨੌਕਰੀ ਹਾਸਲ ਕਰਨ, ਕਿਸਾਨ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਦਰਜ ਪੁਲੀਸ ਕੇਸ ਰੱਦ ਕਰਾਉਣ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਫਿਰ ਜ਼ੋਰਦਾਰ ਲੜਾਈ ਵਿੱਢਣੀ ਹੋਵੇਗੀ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਸਵੇਰੇ 11 ਵਜੇ ਨਵੀਂ ਦਾਣਾ ਮੰਡੀ ਜਗਰਾਉਂ ਵਿਖੇ ਬਲਾਕ ਭਰ ਦੇ ਪਿੰਡਾਂ ’ਚੋਂ ਕਿਸਾਨ ਟਰੈਕਟਰ ਲੈ ਕੇ ਸਾਂਝੇ ਕਿਸਾਨ ਮਾਰਚ ’ਚ ਪੰਹੁਚਣਗੇ। ਇਸ ਸਮੇਂ ਪਰਮਿੰਦਰ ਸਿੰਘ ਪਿੱਕਾ ਗਾਲਬਿ, ਇੰਦਰਜੀਤ ਸਿੰਘ ਗਾਲਬਿ ਖੁਰਦ, ਹਰਪਾਲ ਸਿੰਘ, ਚਰਨਜੀਤ ਸਿੰਘ ਸ਼ੇਖਦੌਲਤ, ਹਰਜਿੰਦਰ ਸਿੰਘ, ਰੁਪਿੰਦਰ ਸਿੰਘ ਭੁਮਾਲ, ਇੰਦਰਜੀਤ ਸਿੰਘ ਲੋਧੀਵਾਲ, ਸੁਖਦੇਵ ਸਿੰਘ ਬਿੱਲੂ, ਮਲਕੀਤ ਸਿੰਘ ਆਦਿ ਹਾਜ਼ਰ ਸਨ।
ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ 26 ਜਨਵਰੀ ਨੂੰ ਟਰੈਕਟਰ ਮਾਰਚ ਦੀ ਤਿਆਰੀ ਲਈ ਅੱਜ ਪਿੰਡ ਝੋਰੜਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਟਰੈਕਟਰ ਮਾਰਚ ਦੀ ਸਫਲਤਾ ਲਈ ਕਿਸਾਨ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਇਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਜਗਰਾਉਂ ਅਤੇ ਰਾਏਕੋਟ ਇਲਾਕੇ ਵਿੱਚੋਂ ਰਵਾਨਾ ਹੋਣ ਵਾਲੇ ਸਾਥੀ 12 ਵਜੇ ਮੁੱਲਾਂਪੁਰ ਲਾਗੇ ਹਵੇਲੀ ਨੇੜੇ ਇਕੱਠੇ ਹੋਣਗੇ ਅਤੇ ਲੁਧਿਆਣੇ ਲਈ ਟਰੈਕਟਰ ਮਾਰਚ ਰਵਾਨਾ ਹੋਵੇਗਾ। ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਜ਼ਿਲ੍ਹਾ ਵਿੱਤ ਸਕੱਤਰ ਜਗਰੂਪ ਸਿੰਘ ਝੋਰੜਾਂ, ਜਗਰਾਉਂ ਦੇ ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ, ਸਕੱਤਰ ਬਲਵਿੰਦਰ ਸਿੰਘ ਕੋਠੇ ਪੋਨੇ, ਸੁਖਦੇਵ ਸਿੰਘ ਚੱਕਰ, ਯੂਥ ਆਗੂ ਰਮਨ ਝੋਰੜਾਂ ਸਮੇਤ ਹੋਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।

Advertisement

ਟਰੈਕਟਰ ਮਾਰਚ ਦਾ ਰੂਟ ਪ੍ਰੋਗਰਾਮ ਐਲਾਨਿਆ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 26 ਜਨਵਰੀ ਦੇ ਟਰੈਕਟਰ ਮਾਰਚ ਲਈ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਆਪਣਾ ਰੂਟ ਪ੍ਰੋਗਰਾਮ ਐਲਾਨਿਆ ਹੈ। ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਦੱਸਿਆ ਕਿ ਨੇੜਲੇ ਪਿੰਡ ਆਖਾੜਾ ਦੇ ਨਹਿਰੀ ਪੁਲ ਤੋਂ ਮਾਰਚ ਸ਼ੁਰੂ ਕੀਤਾ ਜਾਵੇਗਾ ਜੋ ਬੱਸ ਅੱਡਾ ਜਗਰਾਉਂ, ਕੌਮੀ ਸ਼ਾਹਰਾਹ ’ਤੇ ਮੁੱਖ ਤਹਿਸੀਲ ਚੌਕ ਵਾਲੇ ਪੁਲ ਦੇ ਹੇਠਾਂ ਜਾ ਕੇ ਸਮਾਪਤ ਹੋਵੇਗਾ। ਇਸ ਮਾਰਚ ’ਚ ਕਿਸਾਨ ਟਰੈਕਟਰਾਂ ਸਮੇਤ ਜੋ ਵੀ ਉਨ੍ਹਾਂ ਪਾਸ ਸਾਧਨ ਹੋਣਗੇ ਉਨ੍ਹਾਂ ’ਤੇ ਸਵਾਰ ਹੋ ਕੇ ਮਾਰਚ ’ਚ ਸ਼ਾਮਲ ਹੋਣਗੇ।

Advertisement
Author Image

Advertisement
Advertisement
×