For the best experience, open
https://m.punjabitribuneonline.com
on your mobile browser.
Advertisement

ਰਾਜਪਾਲ ਦੇ ਘਿਰਾਓ ਲਈ ਤਿਆਰੀਆਂ ਜ਼ੋਰਾਂ ’ਤੇ

10:50 AM Nov 23, 2023 IST
ਰਾਜਪਾਲ ਦੇ ਘਿਰਾਓ ਲਈ ਤਿਆਰੀਆਂ ਜ਼ੋਰਾਂ ’ਤੇ
ਆਲ ਇੰਡੀਆ ਕਿਸਾਨ ਸਭਾ ਦੀ ਮੀਟਿੰਗ ਦੌਰਾਨ ਹਾਜ਼ਰ ਕਿਸਾਨ। -ਫੋਟੋ: ਗੁਰਿੰਦਰ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਨਵੰਬਰ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ 26, 27 ਅਤੇ 28 ਨਵੰਬਰ ਨੂੰ ਚੰਡੀਗੜ੍ਹ ਕਿਸਾਨ ਘਿਰਾਓ ਲਈ ਪਿੰਡ-ਪਿੰਡ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਇਸ ਵਿੱਚ ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਕਿਸਾਨ ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨਾਂ ਦੇ ਕਾਫ਼ਲੇ ਲੈ ਕੇ ਪੁੱਜਣਗੇ। ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ ਦੀ ਕਾਰਜਕਾਰੀ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ। ਇਸ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਦੀਆਂ ਕੁੱਲ ਰਾਜਧਾਨੀਆਂ ਨੂੰ ਘੇਰਨ ਦੀ ਲੜੀ ਵਜੋਂ 26, 27 ਅਤੇ 28 ਨਵੰਬਰ ਨੂੰ ਚੰਡੀਗੜ੍ਹ ਘਿਰਾਓ ਦੇ ਐਕਸ਼ਨਾਂ ਬਾਰੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਬਲਜੀਤ ਸਿੰਘ ਸਵੱਦੀ, ਸੁਖਦੇਵ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ, ਡਾ. ਗੁਰਮੇਲ ਸਿੰਘ, ਗੁਰਸੇਵਕ ਸਿੰਘ ਸੋਨੀ ਸਵੱਦੀ ਅਤੇ ਅਵਤਾਰ ਸਿੰਘ ਬਿੱਲੂ ਵਲੈਤੀਆ ਨੇ ਦੱਸਿਆ ਕਿ ਦੇਸ਼ ਦੇ ਕਿਸਾਨਾਂ- ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰਾਉਣ ਤੋਂ ਇਲਾਵਾ ਪਰਾਲੀ ਸੰਭਾਲਣ ਲਈ ਕੌਮੀ ਗਰੀਨ ਟ੍ਰਿਬਿਊਨਲ ਤੇ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ 2500 ਰੁਪਏ ਪ੍ਰਤੀ ਏਕੜ ਦੀ ਘੱਟੋ-ਘੱਟ ਸਰਕਾਰੀ ਸਹਾਇਤਾ ਯਕੀਨੀ ਬਣਾਉਣ ਸਮੇਤ ਹੋਰ ਮੰਗਾਂ ਸਬੰਧੀ ਕੀਤੇ ਜਾ ਰਹੇ ਚੰਡੀਗੜ੍ਹ ਘਿਰਾਓ ਵਿੱਚ ਪੰਜਾਬ ਭਰ ਵਿੱਚੋਂ ਕਾਫ਼ਲੇ ਵਧ ਚੜ੍ਹ ਕੇ ਰਵਾਨਾ ਹੋਣਗੇ। ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ਸਵੇਰੇ 8 ਵਜੇ ਚੌਕੀਮਾਨ ਟੌਲ ਪਲਾਜ਼ਾ ਤੋਂ ਜੱਥੇਬੰਦੀ ਦਾ ਵੱਡਾ ਕਾਫ਼ਲਾ ਚੰਡੀਗੜ੍ਹ ਲਈ ਰਵਾਨਾ ਹੋਵੇਗਾ।
ਇਸੇ ਦੌਰਾਨ ਆਲ ਇੰਡੀਆ ਕਿਸਾਨ ਸਭਾ (ਕੁੱਲ ਹਿੰਦ ਕਿਸਾਨ ਸਭਾ 1936) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਦੌਰਾਨ ਪ੍ਰਧਾਨ ਜਸਵੀਰ ਝੱਜ, ਜਨਰਲ ਸਕੱਤਰ ਚਮਕੌਰ ਸਿੰਘ ਬਰਮੀ ਅਤੇ ਤਕਨੀਕੀ ਸਲਾਹਕਾਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਚੰਡੀਗੜ ਵਿੱਚ ਤਿੰਨ ਦਿਨ ਧਰਨਾ ਦਿੱਤਾ ਜਾ ਰਿਹਾ ਹੈ। ਇਸ ਵਿੱਚ ਹਜ਼ਾਰਾਂ ਕਿਸਾਨਾਂ ਦੇ ਕਾਫ਼ਲੇ ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਪਹੁੰਚਣਗੇ। ਉਨ੍ਹਾਂ ਕਿਹਾ ਕਿ ਦਿੱਲੀ ਕਿਸਾਨ ਮੋਰਚੇ ਦੀ ਸਮਾਪਤੀ ਸਮੇਂ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਹ ਅਜੇ ਤੱਕ ਪੂਰੇ ਨਹੀਂ ਕੀਤੇ ਗਏ।
ਮੀਟਿੰਗ ਦੌਰਾਨ ਪਾਸ ਕੀਤੇ ਇੱਕ ਮਤੇ ਰਾਹੀਂ ਪੰਜਾਬ ਸਰਕਾਰ ਵੱਲੋਂ ਪ੍ਰਦੂਸ਼ਣ ਦੇ ਨਾਂ ਥੱਲੇ ਕਿਸਾਨਾਂ ਖ਼ਿਲਾਫ਼ ਪਰਾਲੀ ਨੂੰ ਅੱਗ ਲਾਉਣ ਖ਼ਿਲਾਫ਼ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਜੰਗ ਸਿੰਘ ਸਿਰਥਲਾ, ਕੁਲਦੀਪ ਸਿੰਘ ਸਾਹਾਬਾਣਾ, ਕੇਵਲ ਸਿੰਘ ਮੰਜਾਲੀਆਂ, ਨਛੱਤਰ ਸਿੰਘ ਪੰਧੇਰਖੇੜੀ, ਮਨਜੀਤ ਸਿੰਘ ਮੰਸੂਰਾ, ਮਨਜੋਤ ਸਿੰਘ ਖੈਰ੍ਹਾ, ਦਲਜੀਤ ਸਿੰਘ ਸੀਹਾਂਦੌਦ, ਗੁਰਮੇਲ ਸਿੰਘ ਮੇਲੀ ਸਿਆੜ, ਕੇਵਲ ਸਿੰਘ ਬਨਵੈਤ, ਜਸਮੇਲ ਸਿੰਘ ਜੱਸਾ, ਮੋਹਣ ਸਿੰਘ ਕਠਾਲਾ ਨੇ ਵੀ ਧਰਨੇ ਨੂੰ ਸਫ਼ਲ ਬਣਾਉਣ ਲਈ ਆਪੋ-ਆਪਣੇ ਵਿਚਾਰ ਰੱਖੇ।

Advertisement

ਰਾਜਪਾਲ ਦੇ ਘਿਰਾਓ ਦੀ ਤਿਆਰੀ ਲਈ ਇਲਾਕੇ ’ਚ ਤਿਆਰੀ ਮੁਹਿੰਮ

ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਕਿਸਾਨਾਂ ਨੇ ਚੰਡੀਗੜ੍ਹ ਘਿਰਾਓ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਦੇਸ਼ ਭਰ ਦੀਆਂ ਰਾਜਧਾਨੀਆਂ ’ਚ 26 ਤੋਂ 28 ਤਕ ਰਾਜਪਾਲਾਂ ਦੇ ਕੀਤੇ ਜਾ ਰਹੇ ਘਿਰਾਓ ਦੀ ਲੜੀ ਤਹਿਤ ਚੰਡੀਗੜ੍ਹ ਘਿਰਾਓ ਦੀ ਲਾਮਬੰਦੀ ਲਈ ਅੱਜ ਜਗਰਾਉਂ ਬਲਾਕ ਦੇ ਦਰਜਨ ਦੇ ਕਰੀਬ ਪਿੰਡਾਂ ’ਚ ਕਿਸਾਨ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਬੀਕੇਯੂ (ਡਕੌਂਦਾ) ਦੇ ਪਿੰਡਾਂ ’ਚ ਗਏ ਜਥੇ ਨੂੰ ਕਿਸਾਨਾਂ ਨੇ ਵੱਡੀ ਗਿਣਤੀ ’ਚ ਘਿਰਾਓ ’ਚ ਸ਼ਾਮਲ ਹੋਣ ਦਾ ਵਿਸਵਾਸ਼ ਦਿਵਾਇਆ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਦਾ ਕਾਫ਼ਲਾ 25 ਨਵੰਬਰ ਸਵੇਰੇ ਦਸ ਵਜੇ ਚੱਲ ਕੇ ਸ਼ਾਮ ਚਾਰ ਵਜੇ ਤੱਕ ਇਤਿਹਾਸਕ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਵਿੱਚ ਪੜਾਅ ਕਰੇਗਾ। ਜਗਰਾਉਂ ਤੋਂ ਇਲਾਵਾ ਰਾਏਕੋਟ, ਸੁਧਾਰ, ਪੱਖੋਵਾਲ, ਸਿੱਧਵਾਂ ਬੇਟ ਬਲਾਕ 25 ਨਵੰਬਰ ਨੂੰ ਪਹਿਲਾਂ ਦੁਪਿਹਰ 12 ਵਜੇ ਤਕ ਹਰ ਹਾਲਤ ਵਾਇਆ ਹਲਵਾਰਾ ਸਰਾਭਾ ਚੌਕ ’ਚ ਇਕੱਤਰ ਹੋਣਗੇ। ਹੰਬੜਾਂ ਤੇ ਮਲੋਦ ਬਲਾਕ ਸਿੱਧੇ ਫਤਿਹਗੜ੍ਹ ਸਾਹਿਬ ਪੰਹੁਚਣਗੇ। ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਨਵੰਬਰ ’ਚ ਇਸੇ ਦਿਨ ਕਿਸਾਨਾਂ ਨੇ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਵੱਲ ਕੂਚ ਕੀਤਾ ਸੀ। ਇਸ ਮੌਕੇ ਵਜੀਰ ਸਿੰਘ, ਦਰਸ਼ਨ ਸਿੰਘ, ਤੇਜਾ ਸਿੰਘ ਬੱਸੂਵਾਲ, ਬਲਵੀਰ ਸਿੰਘ ਅਗਵਾੜ ਲੋਪੋ, ਕੁੰਡਾ ਸਿੰਘ ਕਾਉਂਕੇ, ਅਵਤਾਰ ਸਿੰਘ, ਗੁਰਵਿੰਦਰ ਸਿੰਘ ਪੋਨਾ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement