ਕਾਂਗਰਸ ਵੱਲੋਂ ਇੰਡੀਆ ਗੱਠਜੋੜ ਦੀ ਮਹਾਰੈਲੀ ਲਈ ਤਿਆਰੀਆਂ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਾਰਚ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਸੋਸ਼ਲ ਮੀਡੀਆ ਵੀ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਇਹ ‘ਵਾਲੰਟੀਅਰ’ ਕਾਂਗਰਸ ਦੀ ਵਿਚਾਰਧਾਰਾ ਅਨੁਸਾਰ ਭਾਜਪਾ ਦੀਆਂ ਝੂਠੀਆਂ ਕਹਾਣੀਆਂ ਦਾ ਸੱਚ ਸੋਸ਼ਲ ਮੀਡੀਆ ’ਤੇ ਪ੍ਰਚਾਰੇਗਾ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਟੀਮ ਰਾਮਲੀਲਾ ਮੈਦਾਨ ‘ਚ ਇੰਡੀਆ ਗੱਠਜੋੜ ਦੀ ਰੈਲੀ ਦਾ ਹਰ ਮੰਚ ‘ਤੇ ਪ੍ਰਚਾਰ ਕਰੇਗੀ। ਸੂਬਾ ਪ੍ਰਧਾਨ ਨੇ 31 ਮਾਰਚ ਨੂੰ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਇੰਡੀਆ ਗੱਠਜੋੜ ਦੀ ਰੈਲੀ ਲਈ ਸੋਸ਼ਲ ਮੀਡੀਆ ਕਮੇਟੀ ਦੀ ਮੀਟਿੰਗ ਦੌਰਾਨ ਕਹੇ।
ਮੀਟਿੰਗ ਵਿੱਚ ਸਾਬਕਾ ਮੰਤਰੀ ਰਾਜ ਕੁਮਾਰ ਚੌਹਾਨ, ਸਾਬਕਾ ਵਿਧਾਇਕ ਭੀਸ਼ਮ ਸ਼ਰਮਾ, ਸੁਖਬੀਰ ਸ਼ਰਮਾ, ਸੋਸ਼ਲ ਮੀਡੀਆ ਚੇਅਰਮੈਨ ਹਿਦਾਇਤੁੱਲ੍ਹਾ, ਗੀਤ ਸੇਠੀ, ਸੰਦੀਪ ਗੁਪਤਾ, ਅਰੁਣ ਮਲਿਕ ਸਮੇਤ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਵਾਲੰਟੀਅਰ ਹਾਜ਼ਰ ਸਨ। ਲਵਲੀ ਨੇ ਕਿਹਾ ਕਿ “ਜੁਆਇਨ ਯੂਅਰ ਬੂਥ” ਮੁਹਿੰਮ ਦੀ ਸਫਲਤਾ ਤੋਂ ਬਾਅਦ ਸੋਸ਼ਲ ਮੀਡੀਆ ਟੀਮ ਨੇ ਇੱਕ ਮਿਸਾਲ ਕਾਇਮ ਕੀਤੀ ਹੈ, ਅੱਜ ਵੱਧ ਤੋਂ ਵੱਧ ਨੌਜਵਾਨ ਸੋਸ਼ਲ ਮੀਡੀਆ ਨਾਲ ਜੁੜ ਕੇ ਕਾਂਗਰਸ ਦੀ ‘ਪੰਜ ਨਿਆਏ’ ਲੜਾਈ ਵਿੱਚ ਭਾਈਵਾਲ ਬਣੇ ਹਨ।