ਪਾਕਿਸਤਾਨ ’ਚ ਆਮ ਚੋਣਾਂ ਲਈ ਤਿਅਾਰੀਆਂ ਸ਼ੁਰੂ...
ਵਾਹਗਿਓਂ ਪਾਰ
ਪਾਕਿਸਤਾਨ ਵਿਚ ਕੌਮੀ ਅਸੈਂਬਲੀ ਤੇ ਘੱਟੋ-ਘੱਟ ਤਿੰਨ ਸੂਬਿਆਂ ਵਿਚ ਆਮ ਚੋਣਾਂ ਕਰਵਾਉਣ ਦੇ ਅਮਲ ਦਾ ਆਗਾਜ਼ ਹੋ ਗਿਆ ਹੈ। ਇਕ ਪਾਸੇ ਚੋਣ ਕਮਿਸ਼ਨ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਚੋਣ ਤਾਰੀਖ਼ਾਂ ਬਾਰੇ ਆਪੋ ਆਪਣੇ ਸੁਝਾਅ ਦੇਣ ਲਈ ਕਿਹਾ ਹੈ, ਦੂਜੇ ਪਾਸੇ ਹੁਕਮਰਾਨ ਮੁਹਾਜ਼ (ਪੀ.ਡੀ.ਐਮ) ਦੇ ਮੁੱਖ ਭਾਈਵਾਲਾਂ- ਪੀ.ਐਮ.ਐਲ-ਐੱਨ ਅਤੇ ਪੀ.ਪੀ.ਪੀ. (ਪਾਕਿਸਤਾਨ ਪੀਪਲਜ਼ ਪਾਰਟੀ) ਦਰਮਿਆਨ ਨਿਗਰਾਨ ਸਰਕਾਰ ਦੀ ਬਣਤਰ ਅਤੇ ਨਿਗਰਾਨ ਵਜ਼ੀਰੇ-ਆਜ਼ਮ ਤੇ ਉਨ੍ਹਾਂ ਦੇ ਕੈਬਨਿਟ ਵਜ਼ੀਰਾਂ ਦੇ ਨਾਵਾਂ-ਆਦਿ ਬਾਰੇ ਇਤਫ਼ਾਕ-ਰਾਇ ਹੋ ਚੁੱਕੀ ਹੈ। ਚੋਣਾਂ ਵਿਚ ਬਿਹਤਰ ਕਾਰਗੁਜ਼ਾਰੀ ਦੇ ਜ਼ਰੀਏ ਭਵਿੱਖ ਵਿਚ ਬਣਨ ਵਾਲੀ ਸਰਕਾਰ ਵਿਚ ਸੱਤਾ ਵੰਡਣ ਲਈ ਕਿਹਡ਼ਾ ਫਾਰਮੂਲਾ ਅਪਣਾਇਆ ਜਾਵੇਗਾ, ਇਸ ਬਾਰੇ ਸਹਿਮਤੀ ਵੀ ਮੋਟੇ ਤੌਰ ’ਤੇ ਹੋ ਗਈ ਹੈ।
ਰੋਜ਼ਨਾਮਾ ‘ਡਾਅਨ’ ਦੀ ਰਿਪੋਰਟ ਮੁਤਾਬਿਕ ਪੀ.ਐਮ.ਐਲ-ਐੱਨ ਤੇ ਪੀ.ਪੀ.ਪੀ. ਦਰਮਿਆਨ ਉਪਰੋਕਤ ਸਾਰੀ ਸੌਦੇਬਾਜ਼ੀ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਗੁਪਤ ਗੱਲਬਾਤ ਦੇ ਕਈ ਦੋਰਾਂ ਦੌਰਾਨ ਸਿਰੇ ਚਡ਼੍ਹੀ। ਇਨ੍ਹਾਂ ਵਿਚ ਦੋਵਾਂ ਪਾਰਟੀਆਂ ਦੇ ਸਿਖ਼ਰਲੇ ਸਰਬਰਾਹਾਂ- ਮੀਆਂ ਨਵਾਜ਼ ਸ਼ਰੀਫ਼ ਤੇ ਆਸਿਫ਼ ਅਲੀ ਜ਼ਰਦਾਰੀ ਨੇ ਵੀ ਸ਼ਿਰਕਤ ਕੀਤੀ। ਇਹ ਦੋਵੇਂ ਨੇਤਾ ਪਿਛਲੇ ਹਫ਼ਤੇ ਇਕ-ਦੂਜੇ ਨੂੰ ਘੱਟੋ-ਘੱਟ ਤਿੰਨ ਵਾਰ ਮਿਲੇ। ਕੁਝ ਮੀਟਿੰਗਾਂ ਵਿਚ ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼, ਵਿਦੇਸ਼ ਮੰਤਰੀ (ਵਜ਼ੀਰੇ-ਇ-ਖਾਰਜਾ) ਬਿਲਾਵਲ ਭੁੱਟੋ ਜ਼ਰਦਾਰੀ, ਪੀ.ਐਮ.ਐਲ-ਐੱਨ ਦੀ ਮੀਤ ਪ੍ਰਧਾਨ ਮਰੀਅਮ ਨਵਾਜ਼ ਅਤੇ ਵਜ਼ੀਰੇ-ਇ-ਕਾਨੂੰਨ ਆਜ਼ਮ ਨਜ਼ੀਰ ਤਾਰਡ਼ ਨੇ ਵੀ ਹਿੱਸਾ ਲਿਆ। ਇਹ ਮੰਨਿਆ ਜਾ ਰਿਹਾ ਹੈ ਕਿ ਸਾਰੇ ਕਾਨੂੰਨੀ ਨੁਕਤੇ ਪੂਰੇ ਕਰਨ ਮਗਰੋਂ ਨਵਾਜ਼ ਸ਼ਰੀਫ਼ 14 ਅਗਸਤ ਨੂੰ ਵਤਨ ਪਰਤ ਰਹੇ ਹਨ।
ਸਮਝਿਆ ਜਾ ਰਿਹਾ ਹੈ ਕਿ ਆਮ ਚੋਣਾਂ ਅਕਤੂਬਰ ਵਿਚ ਹੋਣਗੀਆਂ। ਜ਼ਿਕਰਯੋਗ ਹੈ ਕਿ ਪੀ.ਐਮ.ਐਲ.-ਐੱਨ ਚੋਣਾਂ ਮਹੀਨਾ ਕੁ ਹੋਰ ਪਿੱਛੇ ਪਾਉਣਾ ਚਾਹੁੰਦੀ ਸੀ, ਪਰ ਪੀ.ਪੀ.ਪੀ. ਬਜ਼ਿੱਦ ਹੈ ਕਿ ਇਹ ਅਕਤੂਬਰ ਵਿਚ ਹੀ ਕਰਵਾਈਆਂ ਜਾਣ। ਮੌਜੂਦਾ ਸਰਕਾਰ ਦਾ ਕਾਰਜਕਾਲ ਅਗਲੇ ਮਹੀਨੇ ਖ਼ਤਮ ਹੋ ਰਿਹਾ ਹੈ। ੳੁਸ ਮਗਰੋਂ ਨਿਗਰਾਨ ਸਰਕਾਰ ਕਾਇਮ ਹੋ ਜਾਵੇਗੀ ਜਿਸ ਦੀ ਮਿਆਦ ਤਿੰਨ ਮਹੀਨੇ ਹੁੰਦੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ੲਿ-ਇਨਸਾਫ਼ (ਪੀ.ਟੀ.ਆਈ.) ਛਿੰਨ-ਭਿੰਨ ਹੋ ਚੁੱਕੀ ਹੈ। ਹਾਲਾਂਕਿ ਆਵਾਮ ਵਿਚ ਇਮਰਾਨ ਖ਼ਾਨ ਹੁਣ ਵੀ ਬੇਹੱਦ ਮਕਬੂਲ ਹੈ, ਪਰ ਆਵਾਮ ਨੂੰ ਵੀ ਇਹ ਪਤਾ ਹੈ ਕਿ ਫ਼ੌਜ ਪੀ.ਟੀ.ਆਈ. ਦੇ ਉਮੀਦਵਾਰਾਂ ਨੂੰ ਥੋਕ ਵਿਚ ਜਿੱਤਣ ਨਹੀਂ ਦੇਵੇਗੀ। ਇਸੇ ਲਈ ਆਵਾਮ ਦਾ ਰੁਖ਼ ਵੀ ‘ਤੇਲ ਦੇਖੋ ਤੇ ਤੇਲ ਦੀ ਧਾਰ ਦੋਖੋ’ ਵਾਲ ਬਣਦਾ ਜਾ ਰਿਹਾ ਹੈ।
ਪੀ.ਪੀ.ਪੀ. ਦੀ ਮੁਖ਼ਾਲਫ਼ਤ
ਜਮਾਤ-ਇ-ਇਸਲਾਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਮੁਲਕ ਭਰ ਵਿਚ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੀ ਮੁਖ਼ਾਲਫ਼ਤ ਕਰੇਗੀ। ਪਾਰਟੀ ਦੇ ਅਮੀਰ ਸਿਰਾਜੁਲ ਹੱਕ ਨੇ ਸ਼ਨਿੱਚਰਵਾਰ ਨੂੰ ਲਾਹੌਰ ਵਿਚ ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਪੀ.ਪੀ.ਪੀ. ਦੀ ਨਾ ਸੋਚ ਜਮਹੂਰੀਅਤਪ੍ਰਸਤ ਹੈ ਅਤੇ ਨਾ ਹੀ ਕਾਰਜ-ਪ੍ਰਣਾਲੀ। ਇਹ ਪਾਰਟੀ ਧੱਕੇਬਾਜ਼ੀ ਨਾਲ ਚੋਣਾਂ ਜਿੱਤਣਾ ਜਾਣਦੀ ਹੈ ਅਤੇ ਅਾਗਾਮੀ ਚੋਣਾਂ ਦੌਰਾਨ ਵੀ ਇਹੋ ਕੁਝ ਕਰਨ ਜਾ ਰਹੀ ਹੈ। ਉਨ੍ਹਾਂ ਨੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਾਰਟੀ ਪੀ.ਟੀ.ਆਈ. ਨੂੰ ਚੋਣ ਅਮਲ ਵਿਚੋਂ ਬਾਹਰ ਕੀਤੇ ਜਾਣ ਦੀਆਂ ‘ਸਾਜ਼ਿਸ਼ਾਂ’ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਮੁਲਕ ਵਿਚ ਜਮਹੂਰੀਅਤ ਦੀ ਬੁੁਨਿਅਾਦ ਸਭਨਾਂ ਧਿਰਾਂ ਦੀ ਸ਼ਮੁੂਲੀਅਤ ਤੇ ਭਾੲੀਵਾਲੀ ਸਦਕਾ ਹੀ ਸੰਭਵ ਹੋ ਸਕਦੀ ਹੈ।
ਅਖ਼ਬਾਰ ‘ਫਰੰਟੀਅਰ ਪੋਸਟ’ ਦੀ ਰਿਪੋਰਟ ਅਨੁਸਾਰ ਸਿਰਾਜ ਨੇ ਚੌਕਸ ਕੀਤਾ ਕਿ ਭਾਵੇਂ ਜਮਾਤ ਦਾ ਸਿਆਸੀ ਕੱਦ ਬਹੁਤਾ ਉੱਚਾ ਨਹੀਂ, ਪਰ ਉਹ ਜਦੋਂ ਚਾਹੇ, ਮੁਲਕ ਭਰ ਵਿਚ ਹਡ਼ਤਾਲ ਕਰਵਾ ਕੇ ਆਪਣੀ ਤਾਕਤ ਦਾ ਮੁਜ਼ਾਹਰਾ ਕਰ ਸਕਦੀ ਹੈ। ਉਸ ਦਾ ਵਫ਼ਾਦਾਰ ਕਾਡਰ ਮੁਲਕ ਦੇ ਹਰ ਸ਼ਹਿਰ, ਹਰ ਪਿੰਡ ਤੇ ਹਰ ਕੋਨੇ ਵਿਚ ਮੌਜੂਦ ਹੈ। ਉਹ ਦਹਿਸ਼ਤਗਰਦੀ ਦੇ ਖਿਲਾਫ਼ ਹੈ, ਪਰ ਮਹਿਜ਼ ਪਥਰਾਓ ਕਰਨ ਵਾਲਿਅਾਂ ਨੂੰ ਦਹਿਸ਼ਤਗਰਦ ਕਰਾਰ ਦੇਣਾ ਬਰਦਾਸ਼ਤ ਨਹੀਂ ਕਰੇਗੀ। ਅਖ਼ਬਾਰੀ ਰਿਪੋਰਟ ਮੁਤਾਬਿਕ ਸਿਰਾਜੁਲ ਹੱਕ ਦੀ ਲਾਹੌਰ ਫੇਰੀ ਦੌਰਾਨ ਜਮਾਤ ਦੀਅਾਂ ਦੋ ਜਨ ਸਭਾਵਾਂ ਨੂੰ ਚੰਗਾ ਲੋਕ ਹੁੰਗਾਰਾ ਮਿਲਿਆ। ਇਸ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ ਪੀ.ਟੀ.ਆਈ. ਦੇ ਹਮਾਇਤੀ ਹੁਣ ਜਮਾਤ-ਇ-ਇਸਲਾਮੀ ਪਿੱਛੇ ਲਾਮਬੰਦ ਹੋਣ ਲੱਗੇ ਹਨ।
ਡੀਜ਼ਲ ਦਾ ਰੇਟ ਵਧਿਆ
ਪਾਕਿਸਤਾਨੀ ਖ਼ਜ਼ਾਨਾ ਮੰਤਰੀ ਇਸਹਾਕ ਡਾਰ ਨੇ ਕੌਮਾਂਤਰੀ ਮਾਲੀ ਫੰਡ ਵੱਲੋਂ ਰੱਖੀਅਾਂ ‘ਕਰਜ਼ ਸ਼ਰਤਾਂ’ ਵਿਚੋਂ ਇਕ ਨੂੰ ਪੂਰੀ ਕਰਦਿਅਾਂ ਹਾਈ ਸਪੀਡ ਡੀਜ਼ਲ ਦੀ ਕੀਮਤ 7.50 ਰੁਪਏ ਵਧਾ ਦਿੱਤੀ ਹੈ ਜਦੋਂਕਿ ਪੈਟਰੋਲ ਦੇ ਰੇਟਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸ਼ਨਿੱਚਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਡੀਜ਼ਲ ਦਾ ਨਵਾਂ ਭਾਅ 260.50 ਰੁਪਏ ਫੀ ਲਿਟਰ ਹੋਵੇਗਾ। ਡੀਜ਼ਲ ਦੇ ਮੁਕਾਬਲੇ ਪੈਟਰੋਲ ਦਾ ਭਾਅ 262 ਰੁਪਏ ਫੀ ਲਿਟਰ ਹੀ ਰਹੇਗਾ। ਹਾਈ ਸਪੀਡ ਡੀਜ਼ਲ ਵਾਂਗ ਹੀ ਲਾਈਟ ਡੀਜ਼ਲ ਦਾ ਰੇਟ ਵੀ 2.50 ਰੁਪਏ ਫੀ ਲਿਟਰ ਵਧਾ ਕੇ 150.20 ਰੁਪਏ ਕਰ ਦਿੱਤਾ ਗਿਆ ਹੈ। ਸ੍ਰੀ ਡਾਰ ਨੇ ਇਕ ਵੀਡੀਓ ਕਾਨਫਰੰਸ ਰਾਹੀਂ ਮੀਡੀਆ ਨੂੰ ਦੱਸਿਆ ਕਿ ਕੌਮਾਂਤਰੀ ਮੰਡੀ ਵਿਚ ਪੈਟਰੋਲ ਦਾ ਭਾਅ 3.5 ਡਾਲਰ ਫੀ ਬੈਰਲ ਘਟ ਗਿਆ ਹੈ। ਇਸੇ ਕਾਰਨ ਇਸ ਦੇ ਪਰਚੂਨ ਰੇਟ ਨਾਲ ਕੋਈ ਛੇਡ਼ਛਾਡ਼ ਨਹੀਂ ਕੀਤੀ ਗਈ। ਨਵੇਂ ਰੇਟ ਅਗਲੇ 15 ਦਿਨਾਂ ਲਈ ਹਨ।
ਨਾਮਵਰ ਅਦਾਕਾਰ ਦੀ ਮੌਤ
ਉੱਘੇ ਟੀ.ਵੀ. ਅਦਾਕਾਰ ਸ਼ਕੀਲ ਉਰਫ਼ ਯੂਸੁਫ਼ ਕਮਾਲ ਦੀ ਸ਼ੁੱਕਰਵਾਰ ਨੂੰ ਕਰਾਚੀ ਵਿਚ ਮੌਤ ਹੋ ਗਈ। ਉਹ 85 ਵਰ੍ਹਿਅਾਂ ਦੇ ਸਨ ਅਤੇ ਕਰਾਚੀ ਦੇ ਸੀ.ਐੱਮ.ਐੱਚ. ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਬਤੌਰ ਟੀ.ਵੀ. ਅਦਾਕਾਰ ਉਹ ਇੰਨੇ ਜ਼ਿਆਦਾ ਮਕਬੂਲ ਸਨ ਕਿ ਦੋ ਦਹਾਕਿਆਂ ਤੱਕ ਹਰ ਟੀ.ਵੀ. ਡਰਾਮਾ ਉਨ੍ਹਾਂ ਦੀ ਹਾਜ਼ਰੀ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਸੀ।
1936 ਵਿਚ ਭੁਪਾਲ ਵਿਚ ਜਨਮੇ ਯੂਸੁਫ਼ ਕਮਾਲ ਦਾ ਪਰਿਵਾਰ 1952 ਵਿਚ ਪਾਕਿਸਤਾਨ ਪਹੁੰਚਿਆ। 1961 ਵਿਚ ਯੂਸੁਫ਼ ਕਮਾਲ ਨੂੰ ਫਿਲਮਾਂ ਵਿਚ ਦਾਖ਼ਲਾ ਮਿਲਿਆ। ਪਹਿਲੀ ਫਿਲਮ ਵੇਲੇ ਨਿਰਦੇਸ਼ਕ ਨੇ ਉਨ੍ਹਾਂ ਦਾ ਸਕਰੀਨ ਨਾਮ ਬਦਲ ਕੇ ਸ਼ਕੀਲ ਕਰ ਦਿੱਤਾ ਅਤੇ ਫਿਰ ਇਹੋ ਨਾਮ ਹੀ ਉਨ੍ਹਾਂ ਦਾ ਪੱਕਾ ਹਸਤਾਖ਼ਰ ਬਣ ਗਿਆ। ਪਹਿਲੀ ਫਿਲਮ ਦਾ ਨਾਮ ਸੀ ‘ਹੋਣਹਾਰ’। ਟੀ.ਵੀ. ਜਗਤ ਵਿਚ ਦਾਖ਼ਲਾ 1972 ਦੇ ਸੀਰੀਅਲ ‘ਅੰਕਲ ਉਰਫ਼ੀ’ ਰਾਹੀਂ ਮਿਲਿਆ। ਫਿਰ ੳੁਸ ਮਗਰੋਂ ਸ਼ਕੀਲ ਤਕਰੀਬਨ ਹਰ ਡਰਾਮਾ ਸੀਰੀਅਲ ਵਿਚ ਨਜ਼ਰ ਆਉਣ ਲੱਗੇ। 2015 ਵਿਚ ਸੂਬਾ ਸਿੰਧ ਦੇ ਗਵਰਨਰ ਇਸ਼ਰਤੁਲ ਈਬਾਦ ਨੇ ਸ਼ਕੀਲ ਨੂੰ ‘ਸਿਤਾਰਾ-ਇ-ਇਮਤਿਆਜ਼’ ਐਜਾਜ਼ ਨਾਲ ਨਵਾਜ਼ਿਆ। ਇਹ ਉਨ੍ਹਾਂ ਦਾ ਆਖ਼ਰੀ ਵੱਡਾ ਸਨਮਾਨ ਸੀ। 2016 ਤੋਂ ਉਨ੍ਹਾਂ ਦੀ ਸਿਹਤ ਵਿਗਡ਼ਦੀ ਚਲੀ ਗਈ। ਇਸ ਕਾਰਨ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਅਨੁਸਾਰ ਸ਼ਕੀਲ ਨੇ ਆਪਣੇ ਆਖ਼ਰੀ ਦਿਨ ਭੁਪਾਲ ਵਿਚ ਗੁਜ਼ਾਰਨ ਦੀ ਇੱਛਾ ਪ੍ਰਗਟਾਈ ਸੀ, ਪਰ ਉਨ੍ਹਾਂ ਦੇ ਕਰੀਬੀ ਉਨ੍ਹਾਂ ਨੂੰ ਭਾਰਤ ਭੇਜੇ ਜਾਣ ਲਈ ਰਾਜ਼ੀ ਨਹੀਂ ਹੋਏ।
- ਪੰਜਾਬੀ ਟ੍ਰਿਬਿਊਨ ਫੀਚਰ