ਸ਼ੁਭਕਰਨ ਦੀ ਸ਼ਰਧਾਂਜਲੀ ਸਭਾ ਲਈ ਤਿਆਰੀਆਂ ਮੁਕੰਮਲ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 30 ਮਾਰਚ
ਹਰਿਆਣਾ ਅਤੇ ਪੰਜਾਬ ਦੇ ਕਿਸਾਨ ਭਲਕੇ ਅੰਬਾਲਾ ਕੈਂਟ ਦੀ ਮੌਹੜਾ ਅਨਾਜ ਮੰਡੀ ਵਿਚ ਸ਼ੁਭਕਰਨ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਇਸ ਸਮਾਗਮ ਦੇ ਨਾਲ ਹੀ ਸ਼ੁਭਕਰਨ ਦੀਆਂ ਅਸਥੀਆਂ ਦੀ ਕਲਸ਼ ਯਾਤਰਾ ਵੀ ਸਮਾਪਤ ਹੋ ਜਾਵੇਗੀ। ਦੂਜੇ ਪਾਸੇ ਨੌਜਵਾਨ ਕਿਸਾਨ ਨੇਤਾ ਨਵਦੀਪ ਸਿੰਘ ਜਲਬੇੜਾ ਅਤੇ ਉਸ ਦੇ ਸਾਥੀ ਗੁਰਕੀਰਤ ਸਿੰਘ ਸ਼ਾਹਪੁਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿਸਾਨ ਗੁੱਸੇ ਵਿਚ ਹਨ ਅਤੇ ਹਰਿਆਣਾ ਪੁਲੀਸ ਹਾਈ ਅਲਰਟ ਤੇ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਦੇ ਸਹਿਯੋਗ ਨਾਲ ਭਲਕੇ ਕੀਤੇ ਜਾ ਰਹੇ ਸ਼ੁਭਕਰਨ ਸਿੰਘ ਸ਼ਰਧਾਂਜਲੀ ਸਮਾਗਮ ਲਈ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਲਈ ਅੰਬਾਲਾ ਜ਼ਿਲ੍ਹੇ ਦੇ ਪਿੰਡਾਂ ਵਿਚ ਕਲਸ਼ ਯਾਤਰਾ ਲੈ ਕੇ ਜਾਇਆ ਜਾ ਰਿਹਾ ਹੈ।ਇਸ ਸਬੰਧ ਵਿਚ ਭਾਕਿਯੂ (ਸ਼ਹੀਦ ਭਗਤ ਸਿੰਘ) ਦੇ ਪ੍ਰਧਾਨ ਅਮਰਜੀਤ ਸਿੰਘ ਮੌਹੜੀ ਅਤੇ ਉਲੰਪਿਕ ਮੈਡਲ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਹਪੁਰ ਮੌਹੜਾ ਸਥਿਤ ਅਨਾਜ ਮੰਡੀ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ।
ਗੁਰਅਮਨੀਤ ਸਿੰਘ ਮਾਂਗਟ ਵੱਲੋਂ ਦਿੱਤੀ ਸੂਚਨਾ ਅਨੁਸਾਰ ਅੱਜ ਸ਼ਾਮ ਨੂੰ ਕਿਸਾਨ ਆਗੂ ਮਨਜੀਤ ਸਿੰਘ ਰਾਏ ਅਤੇ ਜਸਵਿੰਦਰ ਸਿੰਘ ਲੌਂਗੋਵਾਲ ਸਮੇਤ ਕਿਸਾਨ ਮਜ਼ਦੂਰ ਏਕਤਾ ਦਾ ਇਕ ਵਫ਼ਦ ਕੱਲ੍ਹ ਦੇ ਸ਼ੁਭਕਰਨ ਸਿੰਘ ਦੇ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ਼ਾਹਪੁਰ ਮੌਹੜਾ ਅਨਾਜ ਮੰਡੀ ਪਹੁੰਚਿਆ।
ਭਾਕਿਯੂ (ਸ਼ਹੀਦ ਭਗਤ ਸਿੰਘ) ਦੇ ਆਗੂ ਤੇਜਵੀਰ ਸਿੰਘ ਨੇ ਦੱਸਿਆ ਕਿ ਕੱਲ੍ਹ ਦੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਲਈ ਪਿੰਡਾਂ ਵਿਚ ਕਲਸ਼ ਯਾਤਰਾ ਦੌਰਾਨ ਅਪੀਲ ਕੀਤੀ ਜਾ ਰਹੀ ਹੈ ਜਿਸ ਦਾ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਬੌਖਲਾ ਗਈ ਹੈ ਅਤੇ ਕਿਸਾਨਾਂ ਦੇ ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ, 50 ਕਿਸਾਨ ਆਗੂਆਂ ਦੇ ਘਰਾਂ ਦੇ ਬਾਹਰ ਨੋਟਿਸ ਚਿਪਕਾਏ ਗਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੀਚ ਹਰਕਤਾਂ ਤੇ ਉੱਤਰ ਆਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਗ੍ਰਿਫ਼ਤਾਰ ਨੌਜਵਾਨ ਕਿਸਾਨਾਂ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਤਾਂ ਕਿਸਾਨ ਰੇਲਵੇ ਲਾਈਨਾਂ ਅਤੇ ਸੜਕਾਂ ਜਾਮ ਕਰਨਗੇ।